ਲਾਲੜੂ (ਮੋਹਾਲੀ), 13 ਸਤੰਬਰ (ਰਾਜਬੀਰ ਸਿੰਘ)- ਲਾਲੜੂ ਅਨਾਜ ਮੰਡੀ ਵਿਚ 2 ਲੱਖ ਤੋਂ ਵੱਧ ਕਣਕ ਦੀਆਂ ਬੋਰੀਆਂ ਪਈਆਂ ਹੋਣ ਕਾਰਨ ਆਉਣ ਵਾਲੇ ਦਿਨਾਂ ਵਿਚ ਝੋਨਾ ਲੈ ਕੇ ਆਉਣ ਵਾਲੇ ਕਿਸਾਨਾਂ ਲਈ ਫ਼ਸਲ ਸੁੱਟਣ ਵਾਸਤੇ ਥਾਂ ਦੀ ਵੱਡੀ ਸਮੱਸਿਆ ਖੜ੍ਹੀ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਕਿਸਾਨਾਂ ਅਨੁਸਾਰ, 1 ਜੂਨ ਤੋਂ ਲਗਾਈ ਗਈ ਝੋਨੇ ਦੀ ਫ਼ਸਲ ਕਈ ਇਲਾਕਿਆਂ ਵਿਚ ਪੱਕ ਚੁੱਕੀ ਹੈ ਅਤੇ ਕਟਾਈ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਜੇਕਰ ਕਣਕ ਦੀਆਂ ਬੋਰੀਆਂ ਨਾ ਚੁੱਕੀਆਂ ਗਈਆਂ ਤਾਂ ਮੰਡੀਆਂ ਵਿਚ ਇਕੋ ਸਮੇਂ ਝੋਨੇ ਦੀ ਵੱਡੀ ਆਮਦ ਹੋਣ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਉਤਾਰਨ ਲਈ ਥਾਂ ਲੱਭਣੀ ਮੁਸ਼ਕਲ ਹੋ ਜਾਵੇਗੀ।
ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ ਸਰਕਾਰ ਵਲੋਂ 15 ਸਤੰਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ, ਜਦਕਿ ਇਸ ਵਾਰ ਹਾਲੇ ਤੱਕ ਇਸ ਮਾਮਲੇ ਵਿਚ ਸਪੱਸ਼ਟਤਾ ਨਹੀਂ ਹੈ। ਵੱਖ-ਵੱਖ ਏਜੰਸੀਆਂ ਵਲੋਂ ਖਰੀਦੀ ਗਈ ਕਣਕ, ਜਿਸ ਵਿਚ ਪਨਸਪ ਦੀ ਕਰੀਬ ਸਵਾ ਲੱਖ ਬੋਰੀ, ਮਾਰਕਫੈਡ ਦੀ 51 ਹਜ਼ਾਰ ਬੋਰੀ, ਪਨਗ੍ਰੇਨ ਦੀ 30 ਹਜ਼ਾਰ ਬੋਰੀ ਹਾਲੇ ਮੰਡੀਆਂ ਵਿਚ ਪਈ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਮੰਡੀ ਵਿਚ ਪਈ ਕਣਕ ਦੀ ਤੁਰੰਤ ਚੁਕਾਈ ਕਰਵਾਈ ਜਾਵੇ ਅਤੇ ਝੋਨੇ ਦੀ ਖਰੀਦ 15 ਸਤੰਬਰ ਤੋਂ ਸ਼ੁਰੂ ਕਰਨ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ। ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਕੰਵਲਨੈਨ ਨੇ ਕਿਹਾ ਕਿ ਮੰਡੀਆਂ ਵਿਚ ਝੋਨਾ ਆਉਣਾ ਸ਼ੁਰੂ ਹੋ ਗਿਆ ਹੈ, ਪਰ ਮੰਡੀ ਵਿਚ ਖਰੀਦੀ ਹੋਈ ਕਣਕ ਦੇ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ, ਜਦਕਿ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਉਨ੍ਹਾਂ ਵੀ ਜਲਦ ਕਣਕ ਦੀਆਂ ਬੋਰੀਆਂ ਨੂੰ ਚੁੱਕ ਕੇ ਮੰਡੀ ਨੂੰ ਖਾਲੀ ਕਰਨ ਦੀ ਮੰਗ ਕੀਤੀ।
ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਸਮੱਸਿਆ ਦਾ ਸਿੱਧਾ ਅਸਰ ਆਲੂਆਂ ਦੀ ਅਗਲੀ ਫ਼ਸਲ ਦੀ ਬਿਜਾਈ ’ਤੇ ਵੀ ਪਵੇਗਾ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਡੀ ਦੀ ਸਥਿਤੀ ਦਾ ਤੁਰੰਤ ਜਾਇਜ਼ਾ ਲੈ ਕੇ ਕਣਕ ਦੀ ਚੁਕਾਈ ਅਤੇ ਝੋਨੇ ਦੀ ਖਰੀਦ ਦੇ ਲੋੜੀਂਦੇ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਸੰਪਰਕ ਕਰਨ ਉਤੇ ਮਾਰਕੀਟ ਕਮੇਟੀ ਲਾਲੜੂ ਦੇ ਸਕੱਤਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਖਰੀਦ ਏਜੰਸੀਆਂ ਨੂੰ 15 ਸਤੰਬਰ ਤੱਕ ਦਾ ਅਲਟੀਮੇਟਮ ਦਿੰਦਿਆਂ ਕਿਹਾ ਗਿਆ ਹੈ ਕਿ ਉਹ 15 ਤਰੀਕ ਤੱਕ ਇੱਥੇ ਪਈ ਕਣਕ ਦੀ ਚੁੱਕਾਈ ਕਰ ਲੈਣ ਨਹੀਂ ਤਾਂ ਮਾਰਕੀਟ ਕਮੇਟੀ 15 ਸਤੰਬਰ ਤੋਂ ਬਾਅਦ ਪ੍ਰਤੀ ਬੋਰੀ ਦੇ ਹਿਸਾਬ ਨਾਲ ਕਿਰਾਇਆ ਵਸੂਲ ਕਰੇਗੀ।