ਤਪਾ ਮੰਡੀ (ਬਰਨਾਲਾ), 14 ਸਤੰਬਰ (ਵਿਜੇ ਸ਼ਰਮਾ)- ਵਿਧਾਨ ਸਭਾ 2027 ਦੀਆਂ ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਵੱਖ-ਵੱਖ ਪਾਰਟੀਆਂ ਵਲੋਂ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ ਇਸੇ ਲੜੀ ਤਹਿਤ ਨੇੜਲੇ ਪਿੰਡ ਢਿੱਲਵਾਂ ਦੀ ਲੋਕਲ ਗੁਰਦੁਆਰਾ ਕਮੇਟੀ ਪਾਤਸ਼ਾਹੀ ਨੌਵੀਂ ਦੇ ਸਾਬਕਾ ਪ੍ਰਧਾਨ ਤੇ ਕਿਸਾਨ ਆਗੂ ਗੋਰਾ ਸਿੰਘ ਢਿੱਲਵਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਮੁੱਖ ਆਗੂ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਦੀ ਅਗਵਾਈ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਮੂਲੀਅਤ ਕਰ ਲਈ ਹੈ।
ਇਸ ਮੌਕੇ ਗੋਰਾ ਸਿੰਘ ਢਿੱਲਵਾਂ ਨੇ ਕਿਹਾ ਕਿ ਪੰਜਾਬ ਅੰਦਰ ਚਿੱਟੇ ਸਮੇਤ ਸਮੁੱਚੀਆਂ ਅਲਾਮਤਾਂ ਦਾ ਨਿਪਟਾਰਾ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿਚ ਸੰਭਵ ਹੈ।ਉਨ੍ਹਾਂ ਐਲਾਨ ਕੀਤਾ ਕਿ ਉਹ ਪਾਰਟੀ ਦੇ ਵਿਧਾਨ ਸੰਵਿਧਾਨ ਵਿਚ ਰਹਿੰਦੇ ਹੋਏ ਪੰਜਾਬ ਅੰਦਰ ਪੰਜਾਬ ਪੱਖੀ ਸਰਕਾਰ ਦੇ ਗਠਨ ਲਈ ਸਿਰਤੋੜ ਯਤਨ ਕਰਨਗੇ। ਉਨ੍ਹਾਂ ਪਾਰਟੀ ਦੀ ਜ਼ਿਲ੍ਹਾ ਅਤੇ ਸੂਬਾ ਕਮੇਟੀ ਦੀਆਂ ਇੱਛਾਵਾਂ ਉੱਤੇ ਖਰੇ ਉਤਰਨ ਦਾ ਭਰੋਸਾ ਦਿਵਾਇਆ।
ਉਨ੍ਹਾਂ ਨੂੰ ਬਾਪੂ ਤਰਸੇਮ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਵਿੰਦਰ ਸਿੰਘ ਗਿੰਦੀ ਐਡਵੋਕੇਟ ਆਦਿ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕੇਵਲ ਸਿੰਘ ਸਰਪੰਚ ਜੰਗੀਆਣਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਲਖਵੀਰ ਸਿੰਘ ਮਠਾੜੂ ਸ਼ਹਿਣਾ ਬਲਾਕ ਪ੍ਰਧਾਨ, ਮੱਘਰ ਸਿੰਘ ਮੌੜ, ਸਾਧੂ ਸਿੰਘ ਮੌੜ, ਹਰਵਿੰਦਰ ਕੁਮਾਰ ਤਪਾ, ਬਲਵੀਰ ਸਿੰਘ ਗੋਗੀ ਢਿੱਲਵਾਂ ਆਦਿ ਹਾਜ਼ਰ ਸਨ।