ਅੰਮ੍ਰਿਤਸਰ, 13 ਸਤੰਬਰ (ਹਰਮਿੰਦਰ ਸਿੰਘ) - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐੱਮ.ਏ. ਇਤਿਹਾਸ ਦੇ ਪੋਸਟ-ਗ੍ਰੈਜੂਏਟ ਸਿਲੇਬਸ ਵਿਚੋਂ ਪੰਜਾਬ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਚਾਰ ਅਹਿਮ ਪੇਪਰ ਹਟਾਏ ਜਾਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਰਗੀ ਸੰਸਥਾ ਵਲੋਂ ਪੰਜਾਬ ਦੇ ਇਤਿਹਾਸ ਨੂੰ ਉੱਚ ਸਿੱਖਿਆ ਦੇ ਸਿਲੇਬਸ ਵਿਚੋਂ ਪਿੱਛੇ ਕਰਨਾ ਬੇਹੱਦ ਚਿੰਤਾਜਨਕ ਅਤੇ ਮੰਦਭਾਗਾ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਕਿਸੇ ਇਕ ਖਿੱਤੇ ਦਾ ਸੀਮਤ ਇਤਿਹਾਸ ਨਹੀਂ, ਸਗੋਂ ਭਾਰਤ ਦੇ ਸਮੁੱਚੇ ਇਤਿਹਾਸ ਦਾ ਅਟੁੱਟ ਅਤੇ ਅਹਿਮ ਹਿੱਸਾ ਹੈ। ਪੰਜਾਬ ਦੀ ਧਰਤੀ ਨੇ ਗੁਰੂ ਸਾਹਿਬਾਨ ਦੀਆਂ ਮਹਾਨ ਜੀਵਨ-ਯਾਤਰਾਵਾਂ, ਖ਼ਾਲਸਾ ਪੰਥ ਦੀ ਸਾਜਨਾ, ਸਿੱਖ ਸੰਘਰਸ਼, ਸਿੱਖ ਰਾਜ ਅਤੇ ਅਨੇਕਾਂ ਇਤਿਹਾਸਕ ਘਟਨਾਵਾਂ ਰਾਹੀਂ ਭਾਰਤੀ ਇਤਿਹਾਸ ਦੀ ਦਿਸ਼ਾ ਨੂੰ ਪ੍ਰਭਾਵਿਤ ਕੀਤਾ ਹੈ। ਅਜਿਹੇ ਇਤਿਹਾਸ ਨੂੰ ਐੱਮ.ਏ. ਪੱਧਰ ’ਤੇ ਪੜ੍ਹਾਈ ਤੋਂ ਦੂਰ ਕਰਨਾ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਅਤੇ ਇਤਿਹਾਸਕ ਚੇਤਨਾ ਤੋਂ ਵਾਂਝਾ ਕਰਨ ਦੇ ਤੁੱਲ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਯੂਨੀਵਰਸਿਟੀਆਂ ਦਾ ਕੰਮ ਸਿਰਫ਼ ਨਵੇਂ ਵਿਸ਼ਿਆਂ ਨੂੰ ਸ਼ਾਮਿਲ ਕਰਨਾ ਨਹੀਂ, ਬਲਕਿ ਇਤਿਹਾਸਕ ਵਿਰਾਸਤ ਨੂੰ ਤੱਥਾਂ ਅਤੇ ਖੋਜ ਦੇ ਆਧਾਰ ’ਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਵੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦਾ ਪੰਜਾਬ ਦੇ ਇਤਿਹਾਸ, ਭਾਸ਼ਾ, ਸੱਭਿਆਚਾਰ ਅਤੇ ਵਿਰਾਸਤ ਨਾਲ ਡੂੰਘਾ ਇਤਿਹਾਸਕ ਸੰਬੰਧ ਹੈ। ਇਸ ਲਈ ਯੂਨੀਵਰਸਿਟੀ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਵਿਰਾਸਤ ਨੂੰ ਸਿਲੇਬਸ ਵਿੱਚ ਯੋਗ ਸਥਾਨ ਦੇਵੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਅਤੇ ਸਬੰਧਤ ਅਕਾਦਮਿਕ ਅਧਿਕਾਰੀਆਂ ਨੂੰ ਇਸ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਪੰਜਾਬ ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਪੇਪਰਾਂ ਨੂੰ ਮੁੜ ਐੱਮ.ਏ. ਇਤਿਹਾਸ ਦੇ ਸਿਲੇਬਸ ਵਿਚ ਪਹਿਲਾਂ ਦੀ ਤਰ੍ਹਾਂ ਲਾਜ਼ਮੀ ਸ਼ਾਮਿਲ ਕੀਤਾ ਜਾਵੇ।
ਤਾਜ਼ਾ ਖ਼ਬਰਾਂ
Free
ਪੰਜਾਬ ਯੂਨੀਵਰਸਿਟੀ ਵਲੋਂ ਪੰਜਾਬ ਤੇ ਸਿੱਖ ਇਤਿਹਾਸ ਨੂੰ ਸਿਲੇਬਸ ’ਚੋਂ ਮਨਫ਼ੀ ਕਰਨਾ ਮੰਦਭਾਗਾ- ਐਡਵੋਕੇਟ ਧਾਮੀ
ਅੰਮ੍ਰਿਤਸਰ, 13 ਸਤੰਬਰ (ਹਰਮਿੰਦਰ ਸਿੰਘ) - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐੱਮ.ਏ. ਇਤਿਹਾਸ ਦੇ ਪੋਸਟ-ਗ੍ਰੈਜੂਏਟ ਸਿਲੇਬਸ ਵਿਚੋਂ ਪੰਜਾਬ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ...
ਅਜੀਤ ਡੈਸਕ
13-09-2026