ਗੁਰਦਾਸਪੁਰ, 12 ਸਤੰਬਰ (ਰੋਹਿਤ ਗੁਪਤਾ) - ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਨਵਾਂ ਪਿੰਡ ਸਰਦਾਰਾਂ ਦਾ ਵਿਚ ਦੇਰ ਰਾਤ ਫਾਇਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਨਵਾਂ ਪਿੰਡ ਸਰਦਾਰਾ ਦਾ ਦੇ ਸਾਬਕਾ ਸਰਪੰਚ ਰਜਿੰਦਰ ਸਿੰਘ ਦੇ ਭਰਾ ਕੁਲਵਿੰਦਰ ਸਿੰਘ ਦੇ ਘਰ ਕਾਰ ’ਤੇ ਆਏ ਕੁਝ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ । ਦਾਵਾ ਕੀਤਾ ਜਾ ਰਿਹਾ ਹੈ ਕਿ ਛੇ ਸੱਤ ਰਾਊਂਡ ਫਾਇਰ ਕੀਤੇ ਗਏ ਜਦ ਕਿ ਪਿੰਡ ਵਾਸੀਆਂ ਨੇ ਹਮਲਾਵਰਾ ਤੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਦੌੜ ਗਏ । ਘਟਨਾ ਦੀ ਇੱਕ ਸੀਸੀ ਟੀਵੀ ਵੀ ਸਾਹਮਣੇ ਆਈ ਹੈ ਜਿਸ ਵਿਚ ਗੋਲ਼ੀਆਂ ਚਲਾਉਣ ਤੋਂ ਬਾਅਦ ਹਮਲਾਵਰ ਦੋ ਗੱਡੀਆਂ ਤੇ ਜਾਂਦੇ ਹੋਏ ਦਿਖਾਈ ਦੇ ਰਹੇ ਹਨ ।ਹਾਲਾਂਕਿ ਕੁਝ ਪਿੰਡ ਵਾਸੀ ਵੀ ਗੱਡਿਆਂ ਦੇ ਪਿੱਛੇ ਘਰੋਂ ਬਾਹਰ ਨਿਕਲਦੇ ਹਨ ਪਰ ਹਮਲਾਵਰਾਂ ਵਿਚੋਂ ਕਿਸੇ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ, ਦਾਵਾ ਵੀ ਕੀਤਾ ਜਾ ਰਿਹਾ ਹੈ ਕਿ ਹਮਲਾਵਰਾਂ ਵਿੱਚੋਂ ਕੁਝ ਦੀ ਪਛਾਣ ਕਰ ਲਈ ਗਈ ਹੈ ਤੇ ਉਹ ਨਜ਼ਦੀਕੀ ਪਿੰਡ ਦੇ ਹਨ ਪਰ ਕੁਲਵਿੰਦਰ ਸਿੰਘ ਅਤੇ ਸਾਬਕਾ ਸਰਪੰਚ ਰਾਜਿੰਦਰ ਸਿੰਘ ਅਨੁਸਾਰ ਉਨ੍ਹਾਂ ਦੀ ਇਨ੍ਹਾਂ ਵਿਅਕਤੀਆਂ ਨਾਲ ਕਿਸੇ ਤਰ੍ਹਾਂ ਦੀ ਕੋਈ ਦੁਸ਼ਮਣੀ ਨਹੀਂ ਹੈ । ਦੱਸਿਆ ਗਿਆ ਹੈ ਕਿ ਕੁਝ ਦਿਨ ਤੋਂ ਕੁਲਵਿੰਦਰ ਸਿੰਘ ਨੂੰ ਇੰਟਰਨੈਸ਼ਨਲ ਨੰਬਰਾਂ ਤੋਂ ਧਮਕੀ ਭਰੇ ਫੋਨ ਆ ਰਹੇ ਸਨ ਅਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮੌਕੇ ਤੋਂ ਪੁਲਿਸ ਨੇ ਤਿੰਨ ਖੋਲ ਬਰਾਮਦ ਕੀਤੇ ਸਨ ਤੇ ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਦੋਂ ਇਸ ਬਾਰੇ ਐਸਐਸਪੀ ਅਦਿੱਤਿਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਪੁਲਿਸ ਦੇ ਧਿਆਨ ਵਿਚ ਆ ਗਿਆ ਹੈ ਅਤੇ ਮਾਮਲਾ ਨਿਜੀ ਰੰਜਿਸ਼ ਦਾ ਨਜ਼ਰ ਆ ਰਿਹਾ ਹੈ ਜਿਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।