ਮਾਛੀਵਾੜਾ ਸਾਹਿਬ (ਲੁਧਿਆਣਾ), 23 ਅਗਸਤ (ਰਾਜਦੀਪ ਸਿੰਘ ਅਲਬੇਲਾ) - ਇੱਥੋਂ ਕੁਝ ਦੂਰੀ ’ਤੇ ਵਗਦੀ ਸਰਹਿੰਦ ਨਹਿਰ ਵਿਚ ਕਈ ਕਿਲੋਮੀਟਰ ਲੰਬਾਈ ਤੱਕ ਗੰਦਗੀ ਫੈਲੀ ਹੋਣ ਕਾਰਨ ਇਹ ਸ਼ੁੱਧ ਪਾਣੀ ਪ੍ਰਦੂਸ਼ਿਤ ਹੋ ਗਿਆ ਜਿਸ ਨੂੰ ਦੇਖ ਕੇ ਲੋਕ ਚਿੰਤਤ ਦਿਖਾਈ ਦਿੱਤੇ। ਜਾਣਕਾਰੀ ਅਨੁਸਾਰ, ਸਰਹਿੰਦ ਨਹਿਰ ਦਾ ਪਾਣੀ ਜੋ ਕਿ ਭਾਖੜਾ ਡੈਮ ਤੋਂ ਰੋਪੜ ਹੈੱਡਵਰਕਸ ਵਿਚ ਆਉਂਦਾ ਹੈ ਜਿੱਥੋਂ ਸਰਹਿੰਦ ਨਹਿਰ ਰਾਹੀਂ ਵੱਖ-ਵੱਖ ਜ਼ਿਲ੍ਹਿਆਂ ’ਚ ਸਿੰਚਾਈ ਲਈ ਵਰਤਿਆ ਜਾਂਦਾ ਹੈ।
ਇਹ ਪਾਣੀ ਅੱਜ ਤੱਕ ਕਦੇ ਵੀ ਪ੍ਰਦੂਸ਼ਿਤ ਦਿਖਾਈ ਨਹੀਂ ਦਿੱਤਾ ਪਰ ਅੱਜ ਜਦੋਂ ਲੋਕਾਂ ਨੇ ਇਸ ਪਾਣੀ ਵਿਚ ਕਈ ਕਿਲੋਮੀਟਰ ਲੰਬਾਈ ਤੱਕ ਕੂੜਾ ਕਰਕਟ ਜਿਸ ਵਿਚ ਫੋਮ ਦੇ ਵੱਡੇ-ਵੱਡੇ ਪੀਸ ਤੈਰਦੇ ਨਜ਼ਰ ਆਏ ਤਾਂ ਉਹ ਚਿੰਤਤ ਦਿਖਾਈ ਦਿੱਤੇ। ਪੱਤਰਕਾਰਾਂ ਵਲੋਂ ਦੇਰ ਸ਼ਾਮ 6 ਵਜੇ ਜਦੋਂ ਮੌਕੇ ’ਤੇ ਜਾ ਕੇ ਦੇਖਿਆ ਗਿਆ ਤਾਂ ਸਰਹਿੰਦ ਨਹਿਰ ਦਾ ਪਾਣੀ ਬਿਲਕੁਲ ਪ੍ਰਦੂਸ਼ਿਤ ਹੋ ਚੁੱਕਾ ਸੀ ਅਤੇ ਹਰ ਪਾਸੇ ਗੰਦਗੀ ਨਜ਼ਰ ਆ ਰਹੀ ਸੀ।
ਖੇਤਾਂ ਵਿਚ ਸਿੰਚਾਈ ਲਈ ਵਰਤੇ ਜਾਣ ਵਾਲੇ ਇਸ ਸ਼ੁੱਧ ਪਾਣੀ ਨੂੰ ਪ੍ਰਦੂਸ਼ਿਤ ਕਿਸਨੇ ਕੀਤਾ, ਇਸ ਵਿਚ ਫੋਮ ਦੇ ਵੱਡੇ-ਵੱਡੇ ਪੀਸ ਕਿਸੇ ਇੰਡਸਟਰੀ ਵਾਲੇ ਨੇ ਸੁੱਟੇ ਇਹ ਜਾਂਚ ਦਾ ਵਿਸ਼ਾ ਬਣ ਗਿਆ ਹੈ। ਲੋਕਾਂ ਨੇ ਸਰਕਾਰ ਤੇ ਪ੍ਰਦੂਸ਼ਣ ਵਿਭਾਗ ਤੋਂ ਮੰਗ ਕੀਤੀ ਕਿ ਸਰਹਿੰਦ ਨਹਿਰ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਦੂਸਰੇ ਪੰਜਾਬ ਮੰਡੀ ਬੋਰਡ ਵਲੋਂ ਸਰਹਿੰਦ ਨਹਿਰ ਤੋਂ ਮਾਛੀਵਾੜਾ ਤੱਕ ਪਾਈਪਾਂ ਵਿਛਾ ਕੇ ਇਸ ਪਾਣੀ ਨੂੰ ਟ੍ਰੀਟਮੈਂਟ ਪਲਾਂਟ ਰਾਹੀਂ ਸ਼ੁੱਧ ਕਰਕੇ ਮਾਛੀਵਾੜਾ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੀਆਂ ਤਿਆਰੀਆਂ ਹਨ। ਇਸ ਪ੍ਰਜੈਕਟ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ ਪਰ ਦੂਸਰੇ ਪਾਸੇ ਸਰਹਿੰਦ ਨਹਿਰ ਵਿਚ ਫੈਲੀ ਅੱਤਾਂ ਦੀ ਗੰਦਗੀ ਦੇਖ ਲੋਕਾਂ ਦੇ ਮਨ ਵਿਚ ਸ਼ੰਕੇ ਖੜ੍ਹੇ ਹੋ ਗਏ ਹਨ ਕਿ ਇਹ ਪ੍ਰਦੂਸ਼ਿਤ ਪਾਣੀ ਕਿਵੇਂ ਸ਼ੁੱਧ ਹੋਵੇਗਾ ਅਤੇ ਉਹ ਇਸ ਨੂੰ ਕਿਵੇਂ ਪੀਣਗੇ।