ਫਾਜ਼ਿਲਕਾ, 8 ਅਗਸਤ (ਪ੍ਰਦੀਪ ਕੁਮਾਰ)- ਫਾਜ਼ਿਲਕਾ ਜ਼ਿਲ੍ਹੇ ’ਚ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਕਾਊਂਟਰ ਇੰਟੈਲੀਜੈਂਸ ਅਤੇ ਬੀ.ਐੱਸ.ਐੱਫ. ਵਲੋਂ ਸਾਂਝੇ ਤੌਰ ’ਤੇ ਕੀਤੀ ਗਈ ਕਾਰਵਾਈ ਦੌਰਾਨ 30 ਕਿਲੋ ਤੋਂ ਵੱਧ ਹੈਰੋਇਨ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਬਰਾਮਦ ਕੀਤੀ ਗਈ ਹੈਰੋਇਨ 53 ਪੈਕੇਟਾਂ ’ਚ ਪੈਕ ਕੀਤੀ ਹੋਈ ਸੀ, ਜਿਸ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ ਕਰੀਬ 1 ਅਰਬ 50 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਕਾਊਂਟਰ ਇੰਟੈਲੀਜੈਂਸ ਅਤੇ ਬੀ.ਐੱਸ.ਐੱਫ. ਦੀਆਂ ਟੀਮਾਂ ਵਲੋਂ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਸ਼ਤੀਰਵਾਲਾ ਮੋੜ ਨੇੜੇ ਨਾਕਾਬੰਦੀ ਕਰਕੇ ਸ਼ੱਕ ਦੇ ਆਧਾਰ ’ਤੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ’ਚੋਂ 53 ਪੈਕੇਟ ਬਰਾਮਦ ਹੋਏ, ਜਿਨ੍ਹਾਂ ’ਚ 30 ਕਿਲੋ ਤੋਂ ਵੱਧ ਹੈਰੋਇਨ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਸੂਤਰਾਂ ਅਨੁਸਾਰ ਕਾਬੂ ਕੀਤੇ ਗਏ ਦੋਵੇਂ ਨੌਜਵਾਨ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਨਾਲ ਸਬੰਧਤ ਦੱਸੇ ਜਾ ਰਹੇ ਹਨ। ਇੰਨੀ ਵੱਡੀ ਮਾਤਰਾ ’ਚ ਹੈਰੋਇਨ ਦੀ ਬਰਾਮਦਗੀ ਨੂੰ ਸਰਹੱਦੀ ਖੇਤਰ ’ਚ ਨਸ਼ਾ ਤਸਕਰੀ ਖ਼ਿਲਾਫ਼ ਸੁਰੱਖਿਆ ਏਜੰਸੀਆਂ ਦੀ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ।
ਇਸ ਸਬੰਧੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਥਾਣੇ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਏਜੰਸੀਆਂ ਵਲੋਂ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਕਿੱਥੋਂ ਲਿਆਂਦੀ ਗਈ ਸੀ ਅਤੇ ਇਸ ਨੂੰ ਅੱਗੇ ਕਿੱਥੇ ਸਪਲਾਈ ਕੀਤਾ ਜਾਣਾ ਸੀ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।
ਥਾਣੇ ਦੇ ਇੰਚਾਰਜ਼ ਸਤੀਸ਼ ਕੁਮਾਰ ਨੇ ਦੱਸਿਆ ਕਿ ਦੋਨਾਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਅਤੇ ਇਸ ਵਿਚ ਪੁੱਛਗਿੱਛ ਕੀਤੀ ਜਾਵੇਗੀ। ਇਹ ਹੈਰੋਇਨ ਕਿੱਥੋਂ ਆਈ ਸੀ ਅਤੇ ਇਸ ਨੂੰ ਕਿੱਥੇ ਲੈਕੇ ਜਾਣਾ ਸੀ।