ਨਡਾਲਾ ਵਿਖੇ ਦੁਸਹਿਰਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ, ਅੱਜ ਧੂਮਧਾਮ ਨਾਲ ਮਨਾਇਆ ਜਾਵੇਗਾ ਦੁਸਹਿਰਾ
ਨਡਾਲਾ, 19 ਅਕਤੂਬਰ (ਰਘਬਿੰਦਰ ਸਿੰਘ)-ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਰਾਮ-ਲੀਲ੍ਹਾ ਕਲੱਬ ਨਡਾਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਜ 20 ਅਕਤੂਬਰ ਨੂੰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਕਲੱਬ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ |ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਮ-ਲੀਲ੍ਹਾ ਕਲੱਬ ਨਡਾਲਾ ਦੇ ਪ੍ਰਧਾਨ ਦਵਿੰਦਰ ਪਾਲ ਸ਼ਰਮਾ ਨੇ ਦੱਸਿਆ ਕਿ ਦੁਸਹਿਰੇ ਦਾ ਵਿਸ਼ਾਲ ਸਮਾਗਮ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਦੀ ਗਰਾਊਾਡ ਵਿਖੇ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ 20 ਅਕਤੂਬਰ ਨੂੰ ਦੁਪਹਿਰ 3 ਵਜੇ ਪੰਡਿਤਾਂ ਦੇ ਮੰਦਰ ਤੋਂ ਸ਼ੋਭਾ ਯਾਤਰਾ ਦੇ ਰੂਪ ਵਿਚ ਸੁੰਦਰ ਝਾਕੀਆਂ ਆਰੰਭ ਹੋਣਗੀਆਂ, ਜੋ ਨਡਾਲਾ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦੀਆਂ ਹੋਈਆਂ ਕਾਲਜ ਦੀ ਗਰਾਊਾਡ ਵਿਖੇ ਪਹੁੰਚਣਗੀਆਂ | ਇਸ ਦੌਰਾਨ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਨਾਲ ਸਬੰਧਿਤ ਮਨਮੋਹਕ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ |ਉਨ੍ਹਾਂ ਦੱਸਿਆ ਕਿ ਕਾਲਜ ਦੀ ਗਰਾਊਾਡ ਵਿਖੇ ਰਾਮ ਅਤੇ ਰਾਵਣ ਦੀਆਂ ਸੈਨਾਵਾਂ ਵਿਚਕਾਰ ਯੁੱਧ ਦਾ ਦਿ੍ਸ਼ ਪੇਸ਼ ਕੀਤਾ ਜਾਵੇਗਾ | ਇਸ ਉਪਰੰਤ ਬਦੀ ‘ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਵਿਸ਼ਾਲ ਪੁਤਲਿਆਂ ਨੂੰ ਅਗਨ ਭੇਟ ਕੀਤਾ ਜਾਵੇਗਾ |ਪ੍ਰਧਾਨ ਦਵਿੰਦਰ ਪਾਲ ਸ਼ਰਮਾ ਨੇ ਦੱਸਿਆ ਕਿ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਅਤੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਇਸ ਮੌਕੇ ਪ੍ਰਧਾਨ ਦਵਿੰਦਰ ਪਾਲ ਸ਼ਰਮਾ ਤੋਂ ਇਲਾਵਾ ਰੋਹਿਤ ਕੁਮਾਰ ਸ਼ਰਮਾ, ਅਮਿੱਤ ਕੁਮਾਰ ਬਾਗਲ, ਦੀਪਕ ਸ਼ਰਮਾ ਅਤੇ ਕਲੱਬ ਦੇ ਹੋਰ ਮੈਂਬਰ ਹਾਜ਼ਰ ਸਨ |