ਸੁਲਤਾਨਪੁਰ ਲੋਧੀ , 30 ਸਤੰਬਰ (ਪ.ਪ. ਰਾਹੀਂ)-ਸਕੂਲਾਂ ’ਚ ਚੱਲ ਰਹੀ ਮਿਡ-ਡੇ-ਮੀਲ ਸਕੀਮ ਲਈ ਵਿਭਾਗ ਵਲੋਂ ਪੈਸੇ ਨਾ ਭੇਜੇ ਜਾਣ ਕਾਰਨ ਸਾਂਝੇ ਅਧਿਆਪਕ ਮੋਰਚੇ ਵਲੋਂ ਸਮੁੱਚੇ ਜ਼ਿਲ੍ਹੇ ਅੰਦਰ ਇਸ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਬੱਧਨ, ਅਧਿਆਪਕ ਦਲ ਦੇ ਸੂਬਾਈ ਆਗੂ ਸੁਖਦਿਆਲ ਸਿੰਘ ਝੰਡ, ਹਰਦੇਵ ਸਿੰਘ ਖਾਨੋਵਾਲ, ਮਾਸਟਰ ਕੇਡਰ ਯੂਨੀਅਨ ਦੇ ਪ੍ਰਧਾਨ ਨਰੇਸ਼ ਕੋਹਲੀ, ਡੀ ਟੀ ਐਫ ਦੇ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ, ਜੈਮਲ ਸਿੰਘ, ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਪ੍ਰਧਾਨ ਤਰਮਿੰਦਰ ਸਿੰਘ ਮੱਲ੍ਹੀ, ਰਸ਼ਪਾਲ ਸਿੰਘ ਨੇ ਕਿਹਾ ਕਿ ਮਿਡ ਡੇ ਮੀਲ ਲਈ ਅਪ੍ਰੈਲ ਮਹੀਨੇ ਤੋਂ ਲੈ ਕੇ ਹੁਣ ਤੱਕ ਅਧਿਆਪਕਾਂ ਦੀਆਂ ਜੇਬਾਂ ਵਿਚੋਂ ਬਹੁਤ ਜ਼ਿਆਦਾ ਖਰਚਾ ਹੋ ਚੁੱਕਾ ਹੈ | ਵਿਭਾਗ ਵੱਲੋਂ ਮਿਡ ਡੇ ਮੀਲ ਦੀ ਰਾਸ਼ੀ ਨਵੇਂ ਸਪਰਸ਼ ਪੋਰਟਲ ਦੁਆਰਾ ਭੇਜੀ ਜਾ ਰਹੀ ਹੈ, ਜੋ ਕਿ ਇੱਕ ਗੁੰਝਲਦਾਰ ਪ੍ਰਕਿਰਿਆ ਹੈ | ਜੋ ਕਿ ਅਧਿਆਪਕਾਂ ਲਈ ਸਿਰਦਰਦੀ ਬਣੀ ਹੋਈ ਹੈ | ਆਗੂਆਂ ਨੇ ਕਿਹਾ ਕਿ ਬੀਤੇ ਦਿਨ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਹੋਈ ਮੀਟਿੰਗ ਦੌਰਾਨ ਇੱਕ ਹਫ਼ਤੇ ਅੰਦਰ ਮਿਡ ਡੇ ਮੀਲ ਦੇ ਪੈਸੇ ਸਕੂਲਾਂ ਨੂੰ ਭੇਜਣ ਦਾ ਫ਼ੈਸਲਾ ਹੋਇਆ ਸੀ ਪਰ ਦੋ ਹਫ਼ਤੇ ਬੀਤ ਜਾਣ ਦੇ ਬਾਵਜੂਦ ਵੀ ਪੈਸੇ ਸਕੂਲਾਂ ਦੇ ਖਾਤਿਆਂ ਵਿਚ ਨਹੀਂ ਪਾਏ ਗਏ | ਜਿਸ ਤੋਂ ਬਾਅਦ ਮਿਡ ਡੇ ਮੀਲ ਸਕੀਮ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ | ਇਸ ਮੌਕੇ ਤੇ ਅਸ਼ਵਨੀ ਕੁਮਾਰ, ਪ੍ਰਦੀਪ ਸਿੰਘ ਟੋਨੀ, ਜਗਜੀਤ ਸਿੰਘ ਰਾਜੂ,ਅੰਮਿ੍ਤਪਾਲ ਸਿੰਘ, ਗੁਰਮੇਜ ਸਿੰਘ , ਬਲਵਿੰਦਰ ਸਿੰਘ, ਗੁਰਦੀਪ ਸਿੰਘ, ਸੁਖਦੇਵ ਸਿੰਘ ਬੂਲਪੁਰ, ਕੰਵਰਦੀਪ ਸਿੰਘ, ਅਮਨਦੀਪ ਸਿੰਘ ਬਿਧੀਪੁਰ, ਹਰਵਿੰਦਰ ਸਿੰਘ ਬਿਧੀਪੁਰ, ਜੁਗਿੰਦਰ ਸਿੰਘ ਅਮਾਨੀਪੁਰ, ਬਲਬੀਰ ਸਿੰਘ ਕਾਲਰੂ, ਬਲਜੀਤ ਸਿੰਘ ਟਿੱਬਾ, ਅਮਨਦੀਪ ਸਿੰਘ ਜੱਬੋਵਾਲ, ਸ਼ਿੰਦਰ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ |