ਐਲ.ਪੀ.ਯੂ. ਆਪਣੇ ਵਿਦਿਆਰਥੀਆਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ-ਡਾ. ਸੌਰਵ ਲਖਨਪਾਲ
ਫਗਵਾੜਾ, 29 ਸਤੰਬਰ: (ਅਸ਼ੋਕ ਕੁਮਾਰ ਵਾਲੀਆ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਡਾ. ਸੌਰਵ ਲਖਨਪਾਲ ਪ੍ਰੋਫੈਸਰ ਐਂਡ ਐਗਜ਼ੀਕਿਊਟਿਵ ਡੀਨ ਹੈੱਡ ਆਫ਼ ਵਿੰਗ ਸਟੂਡੈਂਟ ਵੈੱਲਫੇਅਰ ਨੇ ਦੁਹਰਾਇਆ ਕਿ ਐਲ ਪੀ ਯੂ ਕੈਂਪਸ ਸੁਰੱਖਿਅਤ ਹੈ ਅਤੇ ਕੈਂਪਸ ਦੀਆਂ ਗਤੀਵਿਧੀਆਂ ਆਮ ਹਨ | ਉਨ੍ਹਾਂ ਨੇ ਕਿਹਾ ਕਿ ਕੈਂਪਸ ਵਿਚ ਸਥਿਤੀ ਆਮ ਹੋਣ ਤੋਂ ਬਾਅਦ, ਯੂਨੀਵਰਸਿਟੀ ਪ੍ਰਸ਼ਾਸਨ, ਸਿਵਲ ਅਤੇ ਪੁਲਿਸ ਅਧਿਕਾਰੀਆਂ ਅਤੇ ਵਿਦਿਆਰਥੀ ਪ੍ਰਤੀਨਿਧੀਆਂ ਵਿਚਕਾਰ ਇੱਕ ਸਾਂਝੀ ਮੀਟਿੰਗ ਹੋਈ | ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸਰਬਸੰਮਤੀ ਨਾਲ ਇਹ ਰਾਏ ਸੀ ਕਿ ਅਸ਼ਾਂਤੀ ਮੁੱਖ ਤੌਰ ’ਤੇ ਉਨ੍ਹਾਂ ਬਾਹਰੀ ਲੋਕਾਂ ਕਾਰਨ ਪੈਦਾ ਹੋਈ ਸੀ, ਜੋ ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਗੈਰ-ਕਾਨੂੰਨੀ ਢੰਗ ਨਾਲ ਕੈਂਪਸ ਵਿਚ ਦਾਖਲ ਹੋਏ ਸਨ | ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਅਤੇ ਕਾਨੂੰਨ ਅਨੁਸਾਰ ਢੁਕਵੀਂ ਕਾਰਵਾਈ ਕੀਤੀ ਜਾਵੇਗੀ | 25 ਸਾਲਾਂ ਤੋਂ ਵੱਧ ਸਮੇਂ ਤੋਂ, ਵਿਦਿਆਰਥੀਆਂ ਦੀ ਭਲਾਈ, ਉਨ੍ਹਾਂ ਦੀਆਂ ਇੱਛਾਵਾਂ ਅਤੇ ਉਨ੍ਹਾਂ ਦਾ ਭਵਿੱਖ ਐਲਪੀਯੂ ਦੇ ਸੰਸਥਾਗਤ ਉਦੇਸ਼ ਦੇ ਕੇਂਦਰ ਵਿਚ ਰਿਹਾ ਹੈ | ਉਨ੍ਹਾਂ ਨੇ ਕਿਹਾ ਐਲਪੀਯੂ ਵਿਖੇ ਭਾਰਤ ਭਰ ਅਤੇ ਲਗਭਗ 50 ਦੇਸ਼ਾਂ ਦੇ ਵਿਦਿਆਰਥੀ ਪੜ੍ਹਦੇ ਹਨ, ਉਨ੍ਹਾਂ ਦਾ ਵਿਸ਼ਵਾਸ ਬਣਾਈ ਰੱਖਣਾ ਅਤੇ ਹਰੇਕ ਵਿਦਿਆਰਥੀ ਦੀ ਸੁਰੱਖਿਆ, ਮਾਣ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣਾ ਯੂਨੀਵਰਸਿਟੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ | ਯੂਨੀਵਰਸਿਟੀ ਨੇ ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਜਾਣਕਾਰੀ ਦੀ ਰਿਵਿਊ ਅਤੇ ਵੈਰੀਫਿਕੇਸ਼ਨ ਕੀਤੀ ਹੈ ਅਤੇ ਬੇਬੁਨਿਆਦ ਅਤੇ ਝੂਠੇ ਦਾਅਵਿਆਂ ਦਾ ਜ਼ੋਰਦਾਰ ਖੰਡਨ ਕੀਤਾ ਹੈ | ਉਨ੍ਹਾਂ ਕਿਹਾ ਐਲਪੀਯੂ ਵਿਦਿਆਰਥੀਆਂ, ਮਾਪਿਆਂ ਅਤੇ ਆਮ ਲੋਕਾਂ ਨੂੰ ਵੀ ਅਪੀਲ ਕਰਦਾ ਹੈ ਕਿ ਉਹ ਸੋਸ਼ਲ ਮੀਡੀਆ ‘ਤੇ ਨਕਲੀ ਸਮਗਰੀ ‘ਤੇ ਨਹੀਂ ਸਗੋਂ ਸਿਰਫ਼ ਪ੍ਰਮਾਣਿਤ ਜਾਣਕਾਰੀ ‘ਤੇ ਭਰੋਸਾ ਕਰਨ |