ਬਾਬਾ ਇੰਦਰਪਾਲ ਸਿੰਘ ਤੇ ਕਰਨਲ ਸੇਵਾ ਸਿੰਘ ਨੇ ਸਾਂਝੇ ਤੌਰ ’ਤੇ ਲੱਖਣ ਕਲਾਂ ਸਕੂਲ ’ਚ ਖੀਰ-ਪੂੜੇ ਦਾ ਲੰਗਰ ਲਾਇਆ
ਕਪੂਰਥਲਾ, 8 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਸ੍ਰੀ ਆਨੰਦਪੁਰ ਸਾਹਿਬ ਖ਼ਾਲਸਾ ਅਕੈਡਮੀ ਲੱਖਣ ਕਲਾਂ ਦੇ ਸੰਚਾਲਕ ਬਾਬਾ ਇੰਦਰਪਾਲ ਸਿੰਘ ਤੇ ਉੱਘੇ ਯੋਗਾ ਮਾਹਿਰ ਕਰਨਲ ਸੇਵਾ ਸਿੰਘ ਵਲੋਂ ਸਾਂਝੇ ਤੌਰ ‘ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਣ ਕਲਾਂ ਵਿਚ ਸਕੂਲ ਦੇ ਵਿਦਿਆਰਥੀਆਂ ਲਈ ਖ਼ੀਰ-ਪੂੜੇ ਦਾ ਲੰਗਰ ਲਾਇਆ ਗਿਆ | ਲੰਗਰ ਵਰਤਾਉਣ ਦੀ ਸੇਵਾ ਬਾਬਾ ਇੰਦਰਪਾਲ ਸਿੰਘ, ਕਰਨਲ ਸੇਵਾ ਸਿੰਘ, ਸਕੂਲ ਦੇ ਪਿੰ੍ਰਸੀਪਲ ਨਵਚੇਤਨ ਸਿੰਘ, ਸੈਂਟਰ ਹੈੱਡ ਟੀਚਰ ਜੈਮਲ ਸਿੰਘ ਨੇ ਸਾਂਝੇ ਤੌਰ ‘ਤੇ ਨਿਭਾਈ | ਪਿ੍ੰਸੀਪਲ ਨਵਚੇਤਨ ਸਿੰਘ ਨੇ ਦੱਸਿਆ ਕਿ ਬਾਬਾ ਇੰਦਰਪਾਲ ਸਿੰਘ ਪਿਛਲੇ ਇਕ ਸਾਲ ਤੋਂ ਸਕੂਲ ਦੇ 250 ਬੱਚਿਆਂ ਨੂੰ ਦੁਪਹਿਰ ਦਾ ਭੋਜਨ ਮੁਹੱਈਆ ਕਰਵਾ ਰਹੇ ਹਨ ਤੇ ਸਕੂਲ ਦੀ ਕਾਇਆ ਕਲਪ ਵਿਚ ਵੀ ਉਨ੍ਹਾਂ ਵਲੋਂ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ | ਇਸ ਮੌਕੇ ਕਰਨਲ ਸੇਵਾ ਸਿੰਘ ਨੇ ਬਾਬਾ ਇੰਦਰਪਾਲ ਸਿੰਘ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਮੈਂਬਰ ਪੰਚਾਇਤ ਸੁਖਜੀਤ ਸਿੰਘ ਬਾਂਕਾ, ਮਹਿੰਦਰਪਾਲ ਸਿੰਘ ਕਪੂਰਥਲਾ, ਸੈਂਟਰ ਹੈੱਡ ਟੀਚਰ ਲੱਖਣ ਕਲਾਂ ਪ੍ਰਵੀਨ ਕੁਮਾਰ, ਬੀਬੀ ਪਰਮਜੀਤ ਕੌਰ, ਬੀਬੀ ਪਲਵਿੰਦਰ ਕੌਰ, ਸੁਖਬੀਰ ਸਿੰਘ, ਹਰਪ੍ਰੀਤ ਸਿੰਘ, ਸਾਧੂ ਸਿੰਘ ਤੋਂ ਇਲਾਵਾ ਸਕੂਲ ਦੇ ਸਟਾਫ਼ ਮੈਂਬਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ | ਇਸੇ ਦੌਰਾਨ ਹੀ ਬਾਬਾ ਇੰਦਰਪਾਲ ਸਿੰਘ ਨੇ ਖੀਰ ਪੂੜੇ ਦਾ ਲੰਗਰ ਬਣਾਉਣ ਵਾਲੇ ਸੇਵਾਦਾਰਾਂ, ਸਕੂਲ ਦੇ ਮਿਡ ਡੇ ਮੀਲ ਵਰਕਰਾਂ ਤੇ ਸਕੂਲ ਦੇ ਸਟਾਫ਼ ਦਾ ਤਹਿਦਿਲੋਂ ਧੰਨਵਾਦ ਕੀਤਾ |