ਕਪੂਰਥਲਾ, 16 ਮਈ (ਵਿਸ਼ੇਸ਼ ਪ੍ਰਤੀਨਿਧ)-ਤਕਨਾਲੋਜੀ ਦੀ ਸਹੀ ਤੇ ਸਮਝਦਾਰੀ ਨਾਲ ਵਰਤੋਂ ਕਰਨ ਅਤੇ ਸਿੱਖਣ ਨਾਲ ਅਸੀਂ ਹੋਰ ਮਜ਼ਬੂਤ ਅਤੇ ਚੁਨੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹੋ ਸਕਦੇ ਹਾਂ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਰਜੇਸ਼ ਗਰੋਵਰ ਡਾਇਰੈਕਟਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਨੇ ਅੱਜ ਵਿਸ਼ਵ ਦੂਰ ਸੰਚਾਰ ਦਿਵਸ 'ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਚ 'ਸੰਚਾਰ ਦੇ ਵਿਕਾਸ' ਵਿਸ਼ੇ 'ਤੇ ਕਰਵਾਏ ਗਏ ਇਕ ਸੈਮੀਨਾਰ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸਿਰਫ਼ ਤਕਨਾਲੋਜੀ ਤੱਕ ਪਹੁੰਚ 'ਤੇ ਹੀ ਗੱਲ ਨਹੀਂ ਮੁੱਕਦੀ, ਸਗੋਂ ਇਸ ਦੇ ਨਾਲ ਡਿਜੀਟਲ ਸਾਖਰਤਾ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਆਨਲਾਈਨ ਸਿੱਖਿਆ ਤੋਂ ਲੈ ਕੇ ਸੰਕਟਮਈ ਚਿਤਾਵਨੀਆਂ ਤੱਕ ਡਿਜੀਟਲ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਬਹੁਤ ਹੀ ਸਹਾਈ ਸਾਬਿਤ ਹੁੰਦੀਆਂ ਹਨ | ਉਨ੍ਹਾਂ ਵਿਸ਼ਵ ਦੂਰ ਸੰਚਾਰ ਦਿਵਸ ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਅੱਜ ਦਾ ਦਿਨ ਸਮਾਜਿਕ ਵਿਕਾਸ ਤੇ ਡਿਜੀਟਲ ਪਾੜੇ ਦੀ ਪੂਰਤੀ ਲਈ ਸੂਚਨਾ ਸੰਚਾਰ ਤਕਨਾਲੋਜੀ ਦੀ ਸ਼ਕਤੀ ਤੇ ਸਮਰੱਥਾ ਪ੍ਰਤੀ ਜਾਗਰੂਕਤਾ ਪੈਦਾ ਕਰਦਾ ਹੈ | ਸੈਮੀਨਾਰ ਵਿਚ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਡਾ. ਰੋਹਿਤ ਸਿੰਘ ਐਨ.ਆਈ.ਟੀ. ਜਲੰਧਰ ਦੇ ਇਲੈਕਟੋ੍ਰਨਿਕ ਤੇ ਕਮਿਊਨੀਕੇਸ਼ਨ ਵਿਭਾਗ ਨੇ ਵਿਦਿਆਰਥੀਆਂ ਨੂੰ ਪਰੰਪਰਾਗਤ ਲੈਂਡਲਾਈਨ ਫ਼ੋਨ ਤੋਂ ਲੈ ਕੇ ਅਜੋਕੇ ਅਤਿ ਆਧੁਨਿਕ ਵਾਇਰਲੈੱਸ ਤੇ ਇੰਟਰਨੈੱਟ ਤੱਕ ਦੀ ਸੰਚਾਰ ਤਕਨਾਲੋਜੀ ਦੇ ਸਫ਼ਰ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਐਮਰਜੈਂਸੀ ਤੇ ਚੁਨੌਤੀਆਂ ਭਰੇ ਦੌਰ ਵਿਚ ਡਿਜੀਟਲ ਬੁਨਿਆਦੀ ਢਾਂਚੇ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਡਾ. ਰੋਹਿਤ ਸਿੰਘ ਨੇ ਆਪਣੇ ਭਾਸ਼ਣ ਵਿਚ ਵਿਦਿਆਰਥੀਆਂ ਨੂੰ ਅਤਿ ਆਧੁਨਿਕ ਸੰਚਾਰ ਤਕਨਾਲੋਜੀਆਂ ਜਿਵੇਂ ਕਿ 5-ਜੀ, ਫਾਈਬਰ-ਓਪਟਿਕ ਤਕਨੀਕਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਨਾਜ਼ੁਕ ਹਾਲਾਤ ਦੌਰਾਨ ਡਿਜੀਟਲ ਟੂਲਜ਼ ਅਤੇ ਇੰਟਰਨੈੱਟ 'ਤੇ ਆਧਾਰਿਤ ਐਪਲੀਕੇਸ਼ਨ, ਵਪਾਰ ਸਿੱਖਿਆ, ਸਿਹਤ ਆਦਿ ਲਈ ਕਿਵੇਂ ਜ਼ਰੂਰੀ ਹਨ, ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ | ਇਸ ਸੈਮੀਨਾਰ ਵਿਚ ਪੰਜਾਬ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਵਿੱਦਿਅਕ ਸੰਸਥਾਵਾਂ ਦੇ 150 ਤੋਂ ਵੱਧ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਭਾਗ ਲਿਆ |