ਫਗਵਾੜਾ, 16 ਮਈ (ਹਰਜੋਤ ਸਿੰਘ ਚਾਨਾ)-ਸ਼੍ਰੀ ਮਹਾਵੀਰ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਪ੍ਰਤਿਭਾ ਖੋਜ ਪ੍ਰੋਗਰਾਮ ਕਰਵਾਇਆ ਗਿਆ ਜਿਸ 'ਚ ਸਕੂਲ ਦੀਆਂ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਵਿਦਿਆਰਥੀਆਂ ਨੇ ਕਵਿਤਾ ਪਾਠ, ਭਾਸ਼ਣ, ਗੀਤ, ਲੋਕ ਨਾਚ, ਚਿੱਤਰਕਲਾ ਤੇ ਹੋਰ ਕਈ ਕਲਾਵਾਂ ਰਾਹੀਂ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ | ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਹੌਂਸਲਾ ਅਫਜ਼ਾਈ ਕੀਤੀ ਗਈ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤੀਸ਼ ਜੈਨ, ਸਕੱਤਰ ਲਲਿਤ ਜੈਨ ਅਤੇ ਖ਼ਜ਼ਾਨਚੀ ਅਜੀਤ ਜੈਨ ਨੇ ਸਾਰੇ ਵਿਦਿਆਰਥੀਆਂ ਨੂੰ ਸੁੰਦਰ ਪੇਸ਼ਕਾਰੀਆਂ ਲਈ ਵਧਾਈ ਦਿੰਦਿਆਂ ਭਵਿੱਖ 'ਚ ਵੀ ਅਜਿਹੇ ਮੁਕਾਬਲਿਆਂ 'ਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਪ੍ਰਧਾਨ ਸਤੀਸ਼ ਜੈਨ ਨੇ ਕਿਹਾ ਕਿ ਹਰ ਬੱਚਾ ਜਨਮ ਤੋਂ ਹੀ ਇੱਕ ਕਲਾਕਾਰ ਹੁੰਦਾ ਹੈ ਤੇ ਉਹ ਆਪਣੀ ਪ੍ਰਤਿਭਾ ਨੂੰ ਨਿਖਾਰਨ ਲਈ ਮੌਕੇ ਦੀ ਤਲਾਸ਼ ਕਰਦਾ ਹੈ | ਸਕੂਲ ਪੱਧਰ 'ਤੇ ਇਸ ਪ੍ਰੋਗਰਾਮ ਦੇ ਆਯੋਜਨ ਦਾ ਮਕਸਦ ਬੱਚਿਆਂ ਦੇ ਅੰਦਰ ਲੁਕੇ ਕਲਾਕਾਰ ਨੂੰ ਬਾਹਰ ਲਿਆਉਣ ਲਈ ਇੱਕ ਖੁੱਲ੍ਹਾ ਮੰਚ ਪ੍ਰਦਾਨ ਕਰਨਾ ਹੈ | ਉਨ੍ਹਾਂ ਨੇ ਮੁਕਾਬਲੇ 'ਚ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਸ਼ਾਨਦਾਰ ਪੇਸ਼ਕਾਰੀ ਲਈ ਵਧਾਈ ਦਿੰਦਿਆਂ ਭਵਿੱਖ 'ਚ ਵੀ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ |