ਕਪੂਰਥਲਾ, 16 ਮਈ (ਵਿ.ਪ੍ਰ.)-ਥਾਣਾ ਕੋਤਵਾਲੀ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜੇ ਵਿਚੋਂ 20 ਕਿੱਲੋ ਡੋਡੇ ਚੂਰਾ ਪੋਸਤ ਬਰਾਮਦ ਕਰਕੇ ਉਸ ਵਿਰੁੱਧ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਕੇਵਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਸੁਭਾਨਪੁਰ ਰੋਡ 'ਤੇ ਇਕ ਨੌਜਵਾਨ ਸੜਕ ਕਿਨਾਰੇ ਪਲਾਸਟਿਕ ਦੇ ਬੋਰੇ 'ਤੇ ਬੈਠਾ ਸੀ ਤੇ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਬੋਰੇ ਨੂੰ ਲੱਤ ਮਾਰ ਕੇ ਖਿਸਕਾ ਦਿੱਤਾ | ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਉਕਤ ਵਿਅਕਤੀ ਪਾਸੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਂਅ ਬਲਵੰਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਬੂਟ ਦੱਸਿਆ ਤੇ ਉਸ ਵਲੋਂ ਸੁੱਟੇ ਬੋਰੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 20 ਕਿੱਲੋ ਡੋਡੇ ਚੂਰਾ ਪੋਸਤ ਬਰਾਮਦ ਹੋਈ | ਇਸ ਸਬੰਧੀ ਥਾਣਾ ਕੋਤਵਾਲੀ ਦੀ ਪੁਲਿਸ ਨੇ ਉਕਤ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਉਸ ਵਿਰੁੱਧ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ |