ਕਪੂਰਥਲਾ, 19 ਫਰਵਰੀ (ਅਮਰਜੀਤ ਕੋਮਲ)-ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਚ ਰੈੱਡ ਰੀਬਨ ਕਲੱਬ ਵਲੋਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦੇ ਸਹਿਯੋਗ ਨਾਲ ਅੰਤਰ ਕਾਲਜ ਵਿਦਿਆਰਥੀਆਂ ਦੇ ਪੋਸਟਰ ਬਣਾਉਣ, ਸਲੋਗਨ ਰਾਈਟਿੰਗ ਤੇ ਪ੍ਰਸ਼ਨੋਤਰੀ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਕਪੂਰਥਲਾ ਤੇ ਇਸਦੇ ਨੇੜਲੇ ਖੇਤਰਾਂ ਦੇ ਕਾਲਜਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਬੋਲਦਿਆਂ ਜਸਪਾਲ ਸਿੰਘ ਸਹਾਇਕ ਡਾਇਰੈਕਟਰ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾਉਂਦੇ ਹਨ ਤੇ ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਇਸ ਤਰ੍ਹਾਂ ਦੇ ਮੁਕਾਬਲਿਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਸਲੋਗਨ ਰਾਈਟਿੰਗ ਦੇ ਮੁਕਾਬਲੇ ਵਿਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਵਿਦਿਆਰਥਣ ਪ੍ਰਗਿਆ ਨੇ ਪਹਿਲਾ, ਹਿੰਦੂ ਕੰਨਿਆ ਕਾਲਜ ਦੀ ਮਨਿੰਦਰ ਕੌਰ ਨੇ ਦੂਜਾ ਤੇ ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਕਪੂਰਥਲਾ ਦੀ ਅਵਨੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਪੋਸਟਰ ਬਣਾਉਣ ਦੇ ਮੁਕਾਬਲੇ ਵਿਚ ਮਿੱਠੜਾ ਕਾਲਜ ਦੀ ਵਿਦਿਆਰਥਣ ਸੰਦੀਪ ਕੌਰ ਨੇ ਪਹਿਲਾ, ਹਿੰਦੂ ਕੰਨਿਆ ਕਾਲਜ ਦੀ ਵਿਦਿਆਰਥਣ ਰਮਨਦੀਪ ਕੌਰ ਤੇ ਕਿਰਨਜੀਤ ਕੌਰ ਯੂਨੀਵਰਸਿਟੀ ਕਾਲਜ ਮਿੱਠੜਾ ਨੇ ਦੂਜਾ ਹਿੰਦੂ ਕੰਨਿਆ ਕਾਲਜ ਦੀ ਅਰਪਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਪ੍ਰਸ਼ਨੋਤਰੀ ਮੁਕਾਬਲੇ ਵਿਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਟੀਮ ਪਹਿਲੇ, ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਕਪੂਰਥਲਾ ਦੀ ਟੀਮ ਦੂਜੇ ਤੇ ਹਿੰਦੂ ਕੰਨਿਆ ਕਾਲਜ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਜ਼ਿਲ੍ਹਾ ਖੇਡ ਅਫ਼ਸਰ ਕੁਲਵਿੰਦਰ ਸਿੰਘ ਜੋ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਨੇ ਮੁਕਾਬਲਿਆਂ ਵਿਚ ਜੱਜਮੈਂਟ ਦੇ ਫ਼ਰਜ ਨਿਭਾਏ | ਕਾਲਜ ਪਿ੍ੰਸੀਪਲ ਡਾ. ਅਰਚਨਾ ਗਰਗ ਨੇ ਕਾਲਜ ਦੇ ਰੈੱਡ ਰੀਬਨ ਕਲੱਬ ਦੀ ਕਨਵੀਨਰ ਸਾਰਿਕਾ ਕਾਂਡਾ ਤੇ ਉਨ੍ਹਾਂ ਦੀ ਟੀਮ ਵਲੋਂ ਅੰਤਰ ਕਾਲਜ ਮੁਕਾਬਲੇ ਕਰਵਾਉਣ ਦੇ ਮੁਕਾਬਲੇ ਦੀ ਸ਼ਲਾਘਾ ਕੀਤੀ ਤੇ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਦੇ ਹਨ | ਇਸ ਮੌਕੇ ਡਾ. ਕੁਲਵਿੰਦਰ ਕੌਰ ਤੇ ਜਸਪਾਲ ਸਿੰਘ ਨੇ ਜੇਤੂ ਕਾਲਜਾਂ ਦੇ ਵਿਦਿਆਰਥੀਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕਾਲਜ ਦੇ ਰੈੱਡ ਰੀਬਨ ਕਲੱਬ ਦੀ ਮੈਂਬਰ ਪਿ੍ਯੰਕਾ ਸ਼ਰਮਾ, ਡਾ. ਤਜਿੰਦਰ ਕੌਰ ਤੇ ਹਰਕੀਰਤ ਕੌਰ ਆਦਿ ਹਾਜ਼ਰ ਸਨ |