ਕਪੂਰਥਲਾ, 19 ਫਰਵਰੀ (ਅਮਰਜੀਤ ਕੋਮਲ)- ਪੰਜਾਬ ਤੇ ਕੇਂਦਰ ਸਰਕਾਰ ਵਲੋਂ ਪਛੜੀਆਂ ਸ਼੍ਰੇਣੀਆਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਦਾ ਲਾਭ ਹੇਠਲੇ ਪੱਧਰ 'ਤੇ ਪੁੱਜਦਾ ਕਰਨ ਲਈ ਇਨ੍ਹਾਂ ਯੋਜਨਾਵਾਂ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਲਕੀਤ ਥਿੰਦ ਚੇਅਰਮੈਨ ਪੰਜਾਬ ਰਾਜ ਪਛੜੀਆਂ ਸ਼ੇ੍ਰਣੀਆਂ ਨੇ ਅੱਜ ਜ਼ਿਲ੍ਹਾ ਪ੍ਰਬੰਧਕ ਕੰਪਲੈਕਸ ਵਿਚ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਤੇ ਐਸ.ਐਸ.ਪੀ. ਗੌਰਵ ਤੂਰਾ ਦੀ ਮੌਜੂਦਗੀ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹਾ ਤੇ ਸਬ ਡਵੀਜ਼ਨ ਪੱਧਰ 'ਤੇ ਸਕੂਲਾਂ ਤੇ ਕਾਲਜਾਂ ਵਿਚ ਚਲਾਈਆਂ ਜਾ ਰਹੀਆਂ ਯੋਜਨਾਵਾਂ ਦੀ ਜਾਣਕਾਰੀ ਬੱਚਿਆਂ ਨੂੰ ਵੀ ਦਿੱਤੀ ਜਾਵੇ | ਮਲਕੀਤ ਥਿੰਦ ਨੇ ਕਿਹਾ ਕਿ ਬੀ.ਸੀ. ਦਾ ਸਰਟੀਫਿਕੇਟ ਬਣਾਉਣ ਲਈ ਜਿਹੜੇ ਦਸਤਾਵੇਜ਼ਾਂ ਦੀ ਲੋੜ ਹੋਵੇ ਉਸ ਸਬੰਧੀ ਵਿਸਥਾਰ ਦੇ ਨਾਲ-ਨਾਲ ਲਾਭਪਾਤਰੀ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਵੇ | ਉਨ੍ਹਾਂ ਸਿੱਖਿਆ, ਸਿਹਤ, ਪਾਵਰਕਾਮ, ਮੱਛੀ-ਪਾਲਣ, ਫੂਡ ਸਪਲਾਈ, ਰੁਜ਼ਗਾਰ ਬਿਊਰੋ, ਸਹਾਇਕ ਡਾਇਰੈਕਟਰ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਤੋਂ ਪਛੜੀਆਂ ਸ਼ੇ੍ਰਣੀਆਂ ਦੀ ਭਲਾਈ ਬਾਰੇ ਆਪਣੇ ਵਿਭਾਗਾਂ ਵਿਚ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਮੀਟਿੰਗ ਵਿਚ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਦਾ ਲਾਭ ਤੱਦ ਹੀ ਹੋ ਸਕਦਾ ਹੈ, ਜਦੋਂ ਤੱਕ ਇਹ ਹੇਠਲੇ ਪੱਧਰ ਤੱਕ ਲਾਭਪਾਤਰੀਆਂ ਤੱਕ ਪਹੁੰਚੇ | ਮੀਟਿੰਗ ਵਿਚ ਡਿਪਟੀ ਕਮਿਸ਼ਨਰ ਜਨਰਲ ਨਵਨੀਤ ਕੌਰ ਬੱਲ, ਨਗਰ ਨਿਗਮ ਦੀ ਕਮਿਸ਼ਨਰ ਅਨੂਪਮ ਕਲੇਰ, ਐਸ.ਡੀ.ਐਮ. ਕਪੂਰਥਲਾ ਮੇਜਰ ਡਾ. ਇਰਵਿਨ ਕੌਰ, ਆਮ ਆਦਮੀ ਪਾਰਟੀ ਦੇ ਵਿਰਾਸਤ ਸੇਵਾ ਸੰਗਠਨ ਦੇ ਇੰਚਾਰਜ ਪਰਮਿੰਦਰ ਸਿੰਘ ਢੋਟ, ਜ਼ਿਲ੍ਹੇ ਦੇ ਮੀਡੀਆ ਇੰਚਾਰਜ ਇੰਦਰਜੀਤ ਸਿੰਘ ਜੁਗਨੂੰ ਆਦਿ ਹਾਜ਼ਰ ਸਨ |