ਸੁਲਤਾਨਪੁਰ ਲੋਧੀ, 19 ਫਰਵਰੀ (ਨਰੇਸ਼ ਹੈਪੀ, ਥਿੰਦ)- ਨੈਸ਼ਨਲ ਗ੍ਰੀਨ ਟਿ੍ਬੂਨਲ (ਐਨ.ਜੀ.ਟੀ.) ਨੇ ਉੱਤਰ ਪ੍ਰਦੇਸ਼ ਦੀ ਸੁਆਵ ਨਦੀ ਨੂੰ ਬਚਾਉਣ ਲਈ 'ਸੀਚੇਵਾਲ ਮਾਡਲ' ਲਾਗੂ ਕਰਨ ਦੇ ਹੁਕਮ ਦਿੱਤੇ ਹਨ | ਇਹ ਹੁਕਮ ਐਨ.ਜੀ.ਟੀ. ਵਿਚ ਪਾਤੇਸ਼ਵਰੀ ਪ੍ਰਸ਼ਾਦ ਸਿੰਘ ਵੱਲੋਂ ਕੀਤੀ ਗਈ ਰਿਟ ਪਟੀਸ਼ਨ ਨੰਬਰ 433/2022 ਦੇ ਫ਼ੈਸਲੇ ਵਿਚ ਦਿੱਤਾ ਗਿਆ ਹੈ, ਜਿਸ ਨੂੰ ਜਸਟਿਸ ਅਰੁਣ ਕੁਮਾਰ ਤਿਆਗੀ (ਜੁਡੀਸ਼ੀਅਲ ਮੈਂਬਰ) ਤੇ ਡਾ. ਅਫਰੋਜ਼ ਅਹਿਮਦ (ਮਾਹਿਰ ਮੈਂਬਰ) ਵੱਲੋਂ ਸੁਣਾਇਆ ਗਿਆ | ਇਸ ਫ਼ੈਸਲੇ ਅਨੁਸਾਰ, ਬਲਰਾਮਪੁਰ ਤੇ ਸਿਧਾਰਥਨਗਰ ਜ਼ਿਲਿ੍ਹਆਂ ਦੇ ਮੈਜਿਸਟਰੇਟਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਸੁਆਵ ਨਦੀ ਨੂੰ ਬਚਾਉਣ ਲਈ ਸੀਚੇਵਾਲ ਮਾਡਲ ਨੂੰ ਲਾਗੂ ਕਰਨ ਤੇ ਇਸ ਮਾਮਲੇ ਵਿਚ ਸੂਬਾ ਸਰਕਾਰ, ਉੱਤਰ ਪ੍ਰਦੇਸ਼ ਜਲ ਸ਼ਕਤੀ ਵਿਭਾਗ, ਪ੍ਰਦੂਸ਼ਣ ਕੰਟਰੋਲ ਬੋਰਡ ਤੇ ਜਲ ਨਿਗਮ ਨੂੰ ਭਾਗੀਦਾਰ ਬਣਾਉਣ | ਐਨ.ਜੀ.ਟੀ. ਦੇ 105 ਸਫ਼ਿਆਂ ਦੇ ਫ਼ੈਸਲੇ ਵਿਚ ਪੇਜ ਨੰਬਰ 58 ਤੇ ਪੇਜ 98 ਵਿਚ ਸੀਚੇਵਾਲ ਮਾਡਲ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਸਾਫ਼ ਕੀਤੀ ਗਈ ਕਾਲੀ ਵੇਈਾ ਮਾਡਲ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ | ਫ਼ੈਸਲੇ ਦੇ ਪੇਜ ਨੰਬਰ 58 ਦੇ ਪੈਰਾ ਨੰਬਰ 89 ਵਿਚ ਕਾਲੀ ਵੇਈਾ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਇਹ ਨਦੀ ਪਹਿਲਾਂ ਬਹੁਤ ਪ੍ਰਦੂਸ਼ਿਤ ਤੇ ਕੁਦਰਤੀ ਤੌਰ 'ਤੇ ਖ਼ਰਾਬ ਹਾਲਤ ਵਿਚ ਸੀ | ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿਚ ਹੋਈ ਕਾਰ ਸੇਵਾ ਨੇ ਇਸ ਨਦੀ ਨੂੰ ਮੁੜ ਕੁਦਰਤੀ ਵਹਾਅ ਵਿਚ ਲਿਆਉਂਦਿਆਂ ਇਸ ਦੇ ਜਲਚਰ ਜੀਵਾਂ ਨੂੰ ਮੁੜ ਵਾਪਸ ਲਿਆਇਆ | ਕਾਲੀ ਵੇਈਾ ਮਾਡਲ ਨੂੰ ਹੁਣ ਸੀਚੇਵਾਲ ਮਾਡਲ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਤੇ ਇਸ ਮਾਡਲ ਨੂੰ ਸੁਆਵ ਨਦੀ ਦੇ ਜੀਵਨ ਚੱਕਰ ਨੂੰ ਮੁੜ ਤੰਦਰੁਸਤ ਕਰਨ ਲਈ ਅਪਣਾਉਣ ਦੀ ਲੋੜ ਹੈ | ਫ਼ੈਸਲੇ ਦੇ ਪੇਜ ਨੰਬਰ 98 ਦੇ ਪੈਰਾ (ਯ) ਅਨੁਸਾਰ, ਜ਼ਿਲਿ੍ਹਆਂ ਬਲਰਾਮਪੁਰ ਅਤੇ ਸਿਧਾਰਥਨਗਰ ਦੀਆਂ ਗੰਗਾ ਕਮੇਟੀਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਸੀਚੇਵਾਲ ਮਾਡਲ ਦੀ ਪਾਲਣਾ ਕਰਦਿਆਂ ਸੁਆਵ ਨਦੀ ਦੀ ਮੁੜ ਸੁਰਜੀਤੀ ਲਈ ਕੋਸ਼ਿਸ਼ਾਂ ਕਰਨ ਤੇ ਲੋਕਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ | ਪੰਜਾਬ ਦੇ ਵਾਤਾਵਰਣ ਪ੍ਰੇਮੀਆਂ ਨੇ ਐਨ.ਜੀ.ਟੀ. ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ |