15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਨਗਰ ਕੌਂਸਲ 'ਤੇ ਕਾਬਜ਼ ਧੜੇ ਦੇ ਪ੍ਰਧਾਨ ਦੀ ਕਾਰਗੁਜ਼ਾਰੀ ਨਾਕਸ-ਧੀਰ <br/>

ਅਜੀਤ ਡੈਸਕ 19-02-2026
ਸੁਲਤਾਨਪੁਰ ਲੋਧੀ, 18 ਫਰਵਰੀ (ਨਰੇਸ਼ ਹੈਪੀ)- ਸ਼ਹਿਰ ਦੀ ਡਿਗਦੀ ਸਫ਼ਾਈ ਪ੍ਰਣਾਲੀ ਤੇ ਰੁਕੇ ਪਏ ਵਿਕਾਸ ਕਾਰਜਾਂ ਨੂੰ ਲੈ ਕੇ ਸਿਆਸੀ ਤਣਾਅ ਚਰਮ 'ਤੇ ਪਹੁੰਚ ਗਿਆ ਹੈ ਤੇ ਸਿਆਸੀ ਪਾਰਟੀਆਂ ਇੱਕ ਦੂਜੇ ਤੇ ਚਿੱਕੜ ਸੁੱਟ ਰਹੀਆਂ ਹਨ | ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਵਿਰੋਧੀ ਧਿਰ 'ਤੇ ਤਿੱਖਾ ਹਮਲਾ ਬੋਲਿਆ | ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੇ ਲੋਕ ਗੰਦਗੀ, ਟੁੱਟੀਆਂ ਸੜਕਾਂ ਅਤੇ ਖ਼ਰਾਬ ਸੀਵਰੇਜ ਨਾਲ ਪ੍ਰੇਸ਼ਾਨ ਹਨ ਪਰ ਕੁੱਝ ਨੇਤਾ ਸਿਰਫ਼ ਫ਼ੋਟੋਆਂ ਖਿਚਵਾ ਕੇ ਫੋਕੀ ਵਾਹ-ਵਾਹ ਲੁੱਟਣ ਵਿਚ ਮਸਤ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵਿਕਾਸ ਕਾਰਜਾਂ ਲਈ ਲਗਾਤਾਰ ਯਤਨਸ਼ੀਲ ਹਨ ਪਰ ਨਗਰ ਕੌਂਸਲ ਦੇ ਜ਼ਿੰਮੇਵਾਰ ਲੋਕ ਆਪਣੀ ਨਾਕਾਮੀ ਛੁਪਾਉਣ ਲਈ ਦੂਜਿਆਂ ਦੇ ਕੰਮ ਦਾ ਸਿਹਰਾ ਆਪਣੇ ਸਿਰ ਬੰਨ੍ਹ ਰਹੇ ਹਨ | ਕੁੱਝ ਲੀਡਰ ਆਪਣੇ ਆਪ ਨੂੰ ਹੀ ਸਨਮਾਨ ਦੇ ਰਹੇ ਹਨ ਜਦਕਿ ਜ਼ਮੀਨੀ ਪੱਧਰ 'ਤੇ ਹਾਲਤ ਬਹੁਤ ਮਾੜੀ ਹੈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦਿਨੇਸ਼ ਧੀਰ, ਆੜ੍ਹਤੀ ਆਗੂ ਸਤਪਾਲ ਮਦਾਨ, ਸਾਬਕਾ ਕੌਂਸਲਰ ਵਿੱਕੀ ਚੌਹਾਨ, ਜਤਿੰਦਰ ਸੇਠੀ, ਕੌਂਸਲਰ ਰਜਿੰਦਰ ਸਿੰਘ, ਪ੍ਰਧਾਨ ਸੁਰਿੰਦਰ ਅਰੋੜਾ, ਦੀਪਕ ਕੁਮਾਰ ਦੀਪੂ, ਸ਼ਿੰਦਰਪਾਲ ਆਦਿ ਨੇ ਦੋਸ਼ ਲਗਾਇਆ ਕਿ ਸ਼ਹਿਰ ਅੰਦਰ ਸਫ਼ਾਈ ਪ੍ਰਣਾਲੀ ਪੂਰੀ ਤਰ੍ਹਾਂ ਚਰਮਰਾ ਚੁੱਕੀ ਹੈ | ਹਰ ਮੁਹੱਲੇ ਤੇ ਗਲੀ ਵਿਚ ਕੂੜੇ ਦੇ ਢੇਰ ਲੱਗੇ ਹੋਏ ਹਨ, ਸੀਵਰੇਜ ਓਵਰਫ਼ਲੋ ਹੋ ਰਿਹਾ ਹੈ | ਇਸ ਦੇ ਬਾਵਜੂਦ ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਵੱਲੋਂ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਨਗਰ ਕੌਂਸਲ ਤੇ ਕਾਬਜ਼ ਧੜੇ ਦੇ ਪ੍ਰਧਾਨ ਦੀ ਕਾਰਗੁਜ਼ਾਰੀ ਬਿਲਕੁਲ ਜ਼ੀਰੋ ਹੈ | ਉਨ੍ਹਾਂ ਦੱਸਿਆ ਕਿ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿਚ ਲੋਕ ਮੁੱਖ ਮੰਤਰੀ ਭਗਵੰਤ ਮਾਨ ਤੇ ਸੱਜਣ ਸਿੰਘ ਚੀਮਾ ਦੀਆਂ ਨੀਤੀਆਂ ਤੋਂ ਖ਼ੁਸ਼ ਹੋ ਕੇ ਆਮ ਆਦਮੀ ਪਾਰਟੀ ਦੇ ਹੱਕ 'ਚ ਇੱਕਤਰਫ਼ਾ ਫ਼ੈਸਲਾ ਸੁਣਾਉਣਗੇ | ਇਸ ਮੌਕੇ ਰਾਜੀਵ ਧੀਰ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦਾ ਪ੍ਰਧਾਨ ਤੇ ਟੀਮ ਸੱਤਾ 'ਚ ਆਏਗੀ ਤਾਂ ਸ਼ਹਿਰ ਦੀ ਤਸਵੀਰ ਬਦਲ ਦਿੱਤੀ ਜਾਵੇਗੀ | ਸਫ਼ਾਈ ਪ੍ਰਣਾਲੀ ਨੂੰ ਸੁਧਾਰਨਾ, ਗਲੀਆਂ ਦੀ ਨਵੀਨੀਕਰਨ ਤੇ ਆਧੁਨਿਕ ਸਟਰੀਟ ਲਾਈਟਾਂ ਲਗਾਉਣ ਵਰਗੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਇਹ ਦੋਸ਼ ਸਿਰਫ਼ ਸਿਆਸਤ ਤੋਂ ਪ੍ਰੇਰਿਤ ਹਨ | ਉਨ੍ਹਾਂ ਦਾਅਵਾ ਕੀਤਾ ਕਿ ਸ਼ਹਿਰ ਵਿਚ ਕਈ ਵਿਕਾਸ ਕਾਰਜ ਲਗਾਤਾਰ ਚੱਲ ਰਹੇ ਹਨ ਤੇ ਨਗਰ ਕੌਂਸਲ ਵੱਲੋਂ ਆਪਣੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ | ਮੈਂ ਜੋ ਕੰਮ ਕੀਤੇ ਹਨ, ਮੈਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ | ਜਨਤਾ ਨੂੰ ਸਭ ਪਤਾ ਹੈ ਕਿ ਕੌਣ ਕੀ ਕੰਮ ਕਰਵਾ ਰਿਹਾ ਹੈ | ਪ੍ਰਧਾਨ ਦੀਪਕ ਧੀਰ ਰਾਜੂ ਨੇ ਇਹ ਵੀ ਦੋਸ਼ ਲਗਾਇਆ ਕਿ ਉਲਟਾ ਆਪ ਆਗੂਆਂ ਵੱਲੋਂ ਅਧਿਕਾਰੀਆਂ 'ਤੇ ਦਬਾਅ ਬਣਾ ਕੇ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ ਤੇ ਨਗਰ ਕੌਂਸਲ ਦੇ ਚੱਲ ਰਹੇ ਵਿਕਾਸ ਕਾਰਜਾਂ 'ਚ ਬੇਵਜ੍ਹਾ ਰੁਕਾਵਟਾਂ ਪਾਈਆਂ ਜਾ ਰਹੀਆਂ ਹਨ |

ਪਿਛਲੀ ਖ਼ਬਰ ਮੈਰੀਪੁਰ ਵਿਖੇ ਮੁਫ਼ਤ ਡਾਕਟਰੀ ਜਾਂਚ ਕੈਂਪ 22 ਨੂੰ - ਧਰਮ ਸਿੰਘ ਖਿੰਡਾ <br/> ਅਗਲੀ ਖ਼ਬਰ ਹੜ੍ਹ ਪੀੜਤ ਕਿਸਾਨਾਂ ਨੇ ਐੱਸ.ਡੀ.ਐਮ. ਦਫ਼ਤਰ ਭੁਲੱਥ ਦਾ ਕੀਤਾ ਘਿਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।