ਫਗਵਾੜਾ, 17 ਫਰਵਰੀ (ਅਸ਼ੋਕ ਕੁਮਾਰ ਵਾਲੀਆ)-ਸੈਲਾ ਖ਼ੁਰਦ ਤੋਂ ਵਾਇਆ ਲੱਖਪੁਰ, ਰਾਵਲਪਿੰਡੀ ਹੁੰਦਿਆਂ ਚਹੇੜੂ ਵੱਲ ਨੂੰ ਜਾਂਦੀ ਵੇਈਾ ਵਿਚ ਵਹਿ ਰਹੇ ਕਾਲੇ, ਗੰਦੇ, ਜ਼ਹਿਰੀਲੇ ਤੇ ਬਦਬੂਦਾਰ ਪਾਣੀ ਕਾਰਨ ਇਲਾਕੇ ਦਾ ਵਾਤਾਵਰਣ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਵੇਈਾ ਦੇ ਪਾਣੀ ਤੋਂ ਉੱਠ ਰਹੀ ਬਦਬੂ ਨਾਲ ਇੱਥੋਂ ਰੋਜ਼ਾਨਾ ਲੰਘਣ ਵਾਲੇ ਰਾਹਗੀਰਾਂ ਲਈ ਸਾਹ ਲੈਣੀ ਵੀ ਔਖਾ ਹੈ | ਨੇੜਲੇ ਪਿੰਡਾਂ ਵਿਚ ਰਹਿੰਦੇ ਲੋਕਾਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸੀਨੀਅਰ ਕਿਸਾਨ ਆਗੂ ਸੰਤੋਖ ਸਿੰਘ ਲੱਖਪੁਰ ਅਤੇ ਹੋਰਨਾਂ ਨੇ ਕਿਹਾ ਕਿ ਵੇਈਾ ਦਾ ਪਾਣੀ ਇੰਨਾ ਪ੍ਰਦੂਸ਼ਿਤ ਹੋ ਚੁੱਕਾ ਹੈ ਕਿ ਇਸ ਦੇ ਨੇੜੇ ਖੜ੍ਹਨਾ ਵੀ ਮੁਸ਼ਕਿਲ ਹੋ ਗਿਆ ਹੈ | ਸਵੇਰ ਅਤੇ ਸ਼ਾਮ ਦੇ ਸਮੇਂ ਬਦਬੂ ਹੋਰ ਵੀ ਵਧ ਜਾਂਦੀ ਹੈ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿਚ ਤਕਲੀਫ਼ ਮਹਿਸੂਸ ਹੁੰਦੀ ਹੈ | ਇਲਾਕਾ ਵਾਸੀਆਂ ਅਨੁਸਾਰ ਕਈ ਵਾਰ ਗੰਦੇ ਪਾਣੀ ਵਿਚ ਰਸਾਇਣਿਕ ਅਸਰ ਸਪਸ਼ਟ ਦਿਖਾਈ ਦਿੰਦੇ ਹਨ, ਜਿਸ ਨਾਲ ਮਨੁੱਖੀ ਸਿਹਤ ਲਈ ਵੀ ਖ਼ਤਰਾ ਬਣਿਆ ਹੋਇਆ ਹੈ | ਵੇਈਾ ਦੇ ਆਲੇ-ਦੁਆਲੇ ਖੇਤੀ ਕਰਦੇ ਕਿਸਾਨਾਂ ਨੇ ਦੱਸਿਆ ਕਿ ਇਸ ਪ੍ਰਦੂਸ਼ਿਤ ਪਾਣੀ ਦਾ ਅਸਰ ਫ਼ਸਲਾਂ 'ਤੇ ਵੀ ਪੈ ਰਿਹਾ ਹੈ | ਖੇਤਾਂ ਵਿਚ ਸਿੰਚਾਈ ਲਈ ਵਰਤੇ ਜਾਣ ਵਾਲੇ ਪਾਣੀ ਦੀ ਗੁਣਵੱਤਾ 'ਤੇ ਸਵਾਲ ਖੜ੍ਹੇ ਹੋ ਰਹੇ ਹਨ | ਕਿਸਾਨਾਂ ਨੂੰ ਡਰ ਹੈ ਕਿ ਜੇ ਇਹ ਹਾਲਤ ਜਾਰੀ ਰਹੀ ਤਾਂ ਉਨ੍ਹਾਂ ਦੀ ਫ਼ਸਲ ਅਤੇ ਜ਼ਮੀਨ ਦੀ ਉਪਜਾਉ ਸ਼ਕਤੀ ਪ੍ਰਭਾਵਿਤ ਹੋ ਸਕਦੀ ਹੈ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਵੇਈਾ ਵਿਚ ਪੈ ਰਹੇ ਗੰਦੇ ਪਾਣੀ ਦੇ ਸਰੋਤਾਂ ਦੀ ਤੁਰੰਤ ਜਾਂਚ ਕਰਵਾ ਕੇ ਇਸ ਨੰੂ ਰੋਕਿਆ ਜਾਵੇ | ਨਾਲ ਹੀ ਵੇਈਾ ਦੀ ਸਫ਼ਾਈ ਤੇ ਪਾਣੀ ਦੀ ਗੁਣਵੱਤਾ ਸੁਧਾਰਨ ਲਈ ਪੱਕੇ ਇੰਤਜ਼ਾਮ ਕੀਤੇ ਜਾਣ ਤਾਂ ਜੋ ਇਲਾਕੇ ਦਾ ਵਾਤਾਵਰਣ ਦੁਬਾਰਾ ਸੁਚੱਜਾ ਬਣ ਸਕੇ | ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਢੁਕਵੇਂ ਕਦਮ ਨਾ ਚੁੱਕੇ ਗਏ ਤਾਂ ਉਹ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨ ਲਈ ਮਜਬੂਰ ਹੋਣਗੇ |