ਸੁਲਤਾਨਪੁਰ ਲੋਧੀ, 29 ਜਨਵਰੀ (ਨਰੇਸ਼ ਹੈਪੀ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਆਮ ਤੇ ਗ਼ਰੀਬ ਵਰਗ ਲਈ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸੁਲਤਾਨਪੁਰ ਲੋਧੀ ਵਿੱਚ ਇੱਕ ਹੋਰ ਸੀ.ਐਸ.ਸੀ. ਸੈਂਟਰ ਵਿੱਚ ਰਜਿਸਟਰੇਸ਼ਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਇਸ ਸੰਬੰਧੀ ਰੇਲਵੇ ਰੋਡ, ਸੁਲਤਾਨਪੁਰ ਲੋਧੀ ਵਿਖੇ ਸਥਿਤ ਲਾਡੀ ਸਟੂਡੀਓ ਵਿੱਚ ਨਵੇਂ ਰਜਿਸਟਰੇਸ਼ਨ ਸੈਂਟਰ ਦਾ ਉਦਘਾਟਨ ਸ਼ਹਿਰੀ ਪ੍ਰਧਾਨ ਰਾਜੀਵ ਧੀਰ ਤੇ ਪੀ.ਏ. ਲਵਪ੍ਰੀਤ ਸਿੰਘ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਮੌਕੇ ਤਹਿਸੀਲਦਾਰ ਪਰਮਿੰਦਰ ਸਿੰਘ ਤੇ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਐਸ.ਐਸ. ਸੇਠੀ ਨੇ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ | ਉਦਘਾਟਨ ਉਪਰੰਤ ਸ਼ਹਿਰੀ ਪ੍ਰਧਾਨ ਰਾਜੀਵ ਧੀਰ ਅਤੇ ਪੀ.ਏ. ਲਵਪ੍ਰੀਤ ਸਿੰਘ ਨੇ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਕਿ ਸੀ. ਐਮ. ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਆਮ ਲੋਕਾਂ ਲਈ ਇੱਕ ਵਰਦਾਨ ਸਾਬਤ ਹੋਵੇਗੀ | ਇਸ ਯੋਜਨਾ ਨਾਲ ਗ਼ਰੀਬ ਤੇ ਮੱਧ ਵਰਗ ਦੇ ਲੋਕਾਂ ਨੂੰ ਬਿਨਾਂ ਵਿੱਤੀ ਬੋਝ ਦੇ ਉੱਚ ਪੱਧਰੀ ਸਿਹਤ ਸਹੂਲਤਾਂ ਮਿਲਣਗੀਆਂ | ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਇਹ ਹੈ ਕਿ ਕੋਈ ਵੀ ਪੰਜਾਬੀ ਸਿਰਫ਼ ਪੈਸਿਆਂ ਦੀ ਕਮੀ ਕਾਰਨ ਇਲਾਜ ਤੋਂ ਬਿਨਾਂ ਨਾ ਰਹੇ | ਇਸੇ ਸੋਚ ਅਧੀਨ ਸੁਲਤਾਨਪੁਰ ਲੋਧੀ ਵਿੱਚ ਵੱਖ-ਵੱਖ ਥਾਵਾਂ 'ਤੇ ਰਜਿਸਟਰੇਸ਼ਨ ਸੈਂਟਰ ਖੋਲ੍ਹੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਆਪਣੇ ਨੇੜੇ ਹੀ ਸਹੂਲਤ ਮਿਲ ਸਕੇ | ਇਸ ਮੌਕੇ ਪੀ.ਏ. ਲਵਪ੍ਰੀਤ ਸਿੰਘ, ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਐਸ.ਐਮ.ਓ. ਡਾ. ਐਸ.ਐਸ. ਸੇਠੀ, ਤਹਿਸੀਲਦਾਰ ਪਰਮਿੰਦਰ ਸਿੰਘ, ਕੌਂਸਲਰ ਰਜਿੰਦਰ ਸਿੰਘ, ਸਾਬਕਾ ਕੌਂਸਲਰ ਵਿੱਕੀ ਚੌਹਾਨ, ਜਤਿੰਦਰ ਸੇਠੀ, ਬਲਵਿੰਦਰ ਸਿੰਘ ਲਾਡੀ, ਨੀਰਜ ਭਨੋਟ, ਵਿਸ਼ਵ ਸੂਫ਼ੀ ਸੰਤ ਸਮਾਜ ਦੇ ਬਲਾਕ ਪ੍ਰਧਾਨ ਦਵਿੰਦਰ ਭਗਤ, ਮੁਕੇਸ਼ ਸ਼ਰਮਾ, ਸਲਵਿੰਦਰ ਸਿੰਘ, ਸੂਰਜ ਕੁਮਾਰ, ਦੀਪਕ ਕੁਮਾਰ, ਦੀਪਕ ਚੌਧਰੀ, ਜੱਗੀ ਜੈਨਪੁਰ, ਲਕਸ਼ਮੀ ਕਾਂਤ ਸੋਨੂੰ, ਸ਼ਿੰਦਰਪਾਲ, ਓਮ ਪ੍ਰਕਾਸ਼ ਆਦਿ ਮੌਜੂਦ ਸਨ |