ਬੇਗੋਵਾਲ, 29 ਜਨਵਰੀ (ਸੁਖਜਿੰਦਰ ਸਿੰਘ)- ਬੇਗੋਵਾਲ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਵਾਉਣ ਦੇ ਮੰਤਵ ਨਾਲ ਸਮਾਜ ਸੇਵੀ ਸੰਸਥਾ ਐਂਟੀਕੁਰੱਪਸ਼ਨ ਐਸੋਸੀਏਸ਼ਨ ਆਫ਼ ਇੰਡੀਆ ਬੇਗੋਵਾਲ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਅਮਰਜੋਤ ਸਿੰਘ ਜੱਜ ਦੀ ਅਗਵਾਈ 'ਚ ਹੋਈ | ਇਸ ਮੌਕੇ ਮੀਟਿੰਗ ਦੌਰਾਨ ਵੱਖ-ਵੱਖ ਵਿਸ਼ਿਆਂ 'ਤੇ ਸਮਾਜ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਕੰਮਾਂ ਲਈ ਵਿਚਾਰ ਵਟਾਂਦਰਾ ਕਰਦਿਆਂ ਸਮਾਜ ਸੇਵੀ ਕੰਮਾਂ ਦੀ ਰੂਪਰੇਖਾ ਤਿਆਰ ਕੀਤੀ ਗਈ | ਇਸ ਮੌਕੇ ਮੀਟਿੰਗ ਦੌਰਾਨ ਕਲੱਬ ਦੇ ਪ੍ਰਧਾਨ ਅਮਰਜੋਤ ਸਿੰਘ ਜੱਜ ਨੇ ਕਿਹਾ ਕਿ ਸਮਾਜਿਕ ਬੁਰਾਈਆਂ ਖ਼ਿਲਾਫ਼ ਨਸ਼ਾਖੋਰੀ ਖ਼ਿਲਾਫ਼, ਰਿਸ਼ਵਤਖ਼ੋਰੀ ਖ਼ਿਲਾਫ਼ ਤੇ ਬੇਗੋਵਾਲ ਵਾਸੀਆਂ ਨੂੰ ਜੋ ਮੁਸ਼ਕਲਾਂ ਆਉਂਦੀਆਂ ਹਨ ਉਨ੍ਹਾਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਈ ਸ਼ਰੇਆਮ ਵਿਕ ਰਹੀ ਚਾਈਨਾ ਡੋਰ 'ਤੇ ਸਖ਼ਤ ਪਾਬੰਦੀ ਲਗਾਉਣ ਤੇ ਸ਼ਹਿਰ ਵਿੱਚ ਬਣੀ ਟਰੈਫ਼ਿਕ ਦੀ ਸਮੱਸਿਆ ਜੋ ਇੱਕ ਗੰਭੀਰ ਮਸਲਾ ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਬਸੰਤ ਪੰਚਮੀ ਮੌਕੇ ਜਿੱਥੇ ਦੁਕਾਨਦਾਰਾਂ ਵੱਲੋਂ ਚਾਈਨਾ ਡੋਰ ਸ਼ਰੇਆਮ ਵੇਚੀ ਗਈ ਹੈ ਉਹ ਇੱਕ ਬਹੁਤ ਹੀ ਨਿੰਦਣਯੋਗ ਗੱਲ ਹੈ ਜਿਸ ਕਾਰਨ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਚਾਈਨਾ ਡੋਰ ਕਾਰਨ ਬਹੁਤ ਹੀ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਸਨ | ਉਨ੍ਹਾਂ ਘਟਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਦੁਕਾਨਦਾਰ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਚਾਈਨਾ ਡੋਰ ਨਾ ਵੇਚਣ | ਇਸ ਮੌਕੇ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਇੱਕ ਅਹਿਮ ਮਸਲੇ 'ਤੇ ਅਪੀਲ ਕੀਤੀ ਕਿ ਉਹ ਸੁਭਾਨਪੁਰ ਤੋਂ ਨਡਾਲਾ ਬੇਗੋਵਾਲ ਦੇ ਕਸਬਿਆਂ ਤੋਂ ਹੁੰਦੇ ਹੋਏ ਜੋ ਭਾਰੀ ਵਾਹਨ ਜਾਂਦੇ ਹਨ ਉਨ੍ਹਾਂ 'ਤੇ ਨਿਰਧਾਰਿਤ ਸਮੇਂ ਲਈ ਰੋਕ ਲਗਾਈ ਜਾਵੇ | ਇਸ ਮੌਕੇ ਅਮਰਜੋਤ ਸਿੰਘ ਜੱਜ ਪ੍ਰਧਾਨ ਤੋਂ ਇਲਾਵਾ ਹਰੀਸ਼ ਅਰੋੜਾ, ਸੰਗਤ ਸਿੰਘ ਸੁਦਾਮਾਂ, ਦਲਜੀਤ ਸਿੰਘ ਮੰਡਾ, ਸੁਖਚੈਨ ਸਿੰਘ ਮੁਰੱਬੀਆ, ਕੁਲਵੰਤ ਸਿੰਘ, ਅਮਰਜੀਤ ਸਿੰਘ ਬਾਵਾ, ਅਮਨ ਸ਼ਰਮਾ, ਜਗਜੀਤ ਸਿੰਘ ਦਾਰਾ, ਸਰਪੰਚ ਜਸਵਿੰਦਰ ਸਿੰਘ, ਰੂਪ ਸਿੰਘ, ਸਾਗਰ ਜਿਊਲਰ, ਭੁਪਿੰਦਰ ਸਿੰਘ ਰਾਜੂ ਘੋਤੜਾ, ਅਮਰੀਕ ਸਿੰਘ ਸਰਪੰਚ, ਮਾਸਟਰ ਸਰਵਨ ਸਿੰਘ, ਗੁਰਬਚਨ ਸਿੰਘ ਤੇ ਹੋਰ ਕਈ ਮੈਂਬਰ ਹਾਜ਼ਰ ਸਨ |