ਫਗਵਾੜਾ, 29 ਜਨਵਰੀ (ਹਰਜੋਤ ਸਿੰਘ ਚਾਨਾ)- ਫਗਵਾੜਾ ਦੇ ਹੁਸ਼ਿਆਰਪੁਰ ਚੌਕ ਵਿਖੇ ਦੋ ਟਰੱਕਾਂ ਦੀ ਆਪਸੀ ਟੱਕਰ ਹੋਣ ਕਾਰਨ ਇੱਕ ਟਰੱਕ ਚਾਲਕ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਿਆ | ਫਿਲੌਰ ਦੇ ਪਿੰਡ ਗੰਨਾ ਨਿਵਾਸੀ ਗੁਰਮੁਖ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸੁਖਵਿੰਦਰ ਕੁਮਾਰ ਨਿਵਾਸੀ ਪਿੰਡ ਗੰਨਾ, ਫਿਲੌਰ, ਜੋ ਕਿ ਪੇਸ਼ੇ ਤੋਂ ਟਰੱਕ ਚਾਲਕ ਹੈ, ਅੱਜ ਵੀਰਵਾਰ ਨੂੰ ਪਾਣੀਪਤ ਤੋਂ ਸਾਮਾਨ ਲੋਡ ਕਰਕੇ ਜਲੰਧਰ ਵੱਲ ਜਾ ਰਿਹਾ ਸੀ | ਇਸ ਦੌਰਾਨ ਜਦੋਂ ਉਹ ਫਗਵਾੜਾ ਦੇ ਹੁਸ਼ਿਆਰਪੁਰ ਚੌਂਕ 'ਤੇ ਪਹੁੰਚਿਆ ਤਾਂ ਸੜਕ 'ਤੇ ਖੜ੍ਹੇ ਇੱਕ ਕੈਂਟਰ ਨਾਲ ਉਸ ਦੇ ਟਰੱਕ ਦੀ ਟੱਕਰ ਹੋ ਗਈ, ਜਿਸ ਕਾਰਨ ਸੁਖਵਿੰਦਰ ਕੁਮਾਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਦਸੇ ਦੀ ਸੂਚਨਾ ਮਿਲੀ ਸੀ | ਮੌਕੇ 'ਤੇ ਪੁੱਜਣ 'ਤੇ ਪਤਾ ਲੱਗਾ ਕਿ ਦੂਜਾ ਟਰੱਕ ਚਾਲਕ ਟਰੱਕ ਸਮੇਤ ਮੌਕੇ ਤੋਂ ਫ਼ਰਾਰ ਹੋ ਚੁੱਕਾ ਸੀ | ਜ਼ਖ਼ਮੀ ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੇ ਅੱਗੇ ਚੱਲ ਰਹੇ ਟਰੱਕ ਨੇ ਅਚਾਨਕ ਬਰੇਕ ਲਗਾ ਦਿੱਤੀ ਜਿਸ ਕਾਰਨ ਉਸ ਦਾ ਟਰੱਕ ਅੱਗੇ ਵਾਲੇ ਟਰੱਕ ਨਾਲ ਟਕਰਾ ਗਿਆ ਤੇ ਇਸ ਹਾਦਸੇ 'ਚ ਉਹ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਿਆ | ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |