ਕਪੂਰਥਲਾ, 20 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪੋਰਟਸ ਕਰਾਟੇ ਐਸੋਸੀਏਸ਼ਨ ਕਪੂਰਥਲਾ ਨਾਲ ਸਬੰਧਿਤ ਕਰਾਟੇਕਾ ਨੇ ਇਸ ਚੈਂਪੀਅਨਸ਼ਿਪ ਵਿਚ 5 ਗੋਲਡ ਮੈਡਲ, 6 ਸਿਲਵਰ ਮੈਡਲ, 2 ਬਰਾਊਨਜ਼ ਮੈਡਲ ਹਾਸਲ ਕਰਕੇ ਕਪੂਰਥਲਾ ਦਾ ਨਾਂਅ ਰੌਸ਼ਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਸੈਨਸਈ ਰਾਮ ਲੱਖਣ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਮਨਦੀਪ ਕੌਰ ਕਾਟਾ ਵਿਚ ਪਹਿਲਾ ਤੇ ਜੂਨੀਅਰ ਕੈਟਾਗਰੀ ਦੇ 48 ਕਿੱਲੋ ਭਾਰ ਵਰਗ ਵਿਚ ਕੁਮਾਈਟ ਵਿਚ ਦੂਜਾ ਸਥਾਨ ਲਿਆ | ਇਸੇ ਤਰ੍ਹਾਂ ਕੈਡਿਟ ਕੈਟਾਗਰੀ ਵਿਚ 47 ਕਿੱਲੋ ਭਾਰ ਵਰਗ ਵਿਚ ਸੀਮਾ ਨੇ ਦੂਜਾ, ਸੋਨਾਮਨੀ ਨੇ ਕੁਮਾਈਟ ਵਿਚ ਤੀਜਾ ਸਥਾਨ ਲਿਆ | ਇਸੇ ਤਰ੍ਹਾਂ ਨੈਨਾ ਕੋਹਲੀ ਨੇ ਕਾਟਾ ਵਿਚ ਪਹਿਲਾ ਤੇ ਕੁਮਾਈਟ ਵਿਚ ਸੀਨੀਅਰ ਕੈਟਾਗਰੀ 67 ਕਿੱਲੋ ਭਾਰ ਵਰਗ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਅਵੀਰਾਜ ਸਿੰਘ ਨੇ ਕਾਟਾ ਵਿਚ ਪਹਿਲਾ ਤੇ ਕੁਮਾਈਟ ਵਿਚ ਅੰਡਰ 21 ਉਮਰ ਵਰਗ ਵਿਚ 84 ਕਿੱਲੋ ਭਾਰ ਵਿਚ ਪਹਿਲਾ ਸਥਾਨ ਲਿਆ, ਜਦਕਿ ਤਨਵੀਰਪਾਲ ਸਿੰਘ ਨੇ 21 ਉਮਰ ਵਰਗ ਵਿਚ ਕੁਮਾਈਟ ਵਿਚ ਦੂਜਾ ਸਥਾਨ ਲਿਆ | ਰਾਮ ਲੱਖਣ ਨੇ ਦੱਸਿਆ ਕਿ ਬੀਨਲਦੀਪ ਸਿੰਘ ਨੇ ਕਾਟਾ ਵਿਚ ਪਹਿਲਾ ਤੇ 68 ਕਿੱਲੋ ਭਾਰ ਵਰਗ ਵਿਚ ਜੂਨੀਅਰ ਕੈਟਾਗਰੀ ਵਿਚ ਦੂਜਾ ਸਥਾਨ ਲਿਆ, ਜਦਕਿ ਜੋਬਨਪ੍ਰੀਤ ਸਿੰਘ ਨੇ 76 ਕਿੱਲੋ ਭਾਰ ਵਰਗ ਵਿਚ ਤੀਜਾ ਸਥਾਨ ਲਿਆ | ਇਸੇ ਤਰ੍ਹਾਂ ਕੁਮਾਈਟ ਸੀਨੀਅਰ ਵਿਚ ਲਵਪ੍ਰੀਤ ਸਿੰਘ ਦੂਜਾ ਸਥਾਨ ਪ੍ਰਾਪਤ ਕਰਨ ਵਿਚ ਸਫ਼ਲ ਹੋਇਆ | ਕੋਚ ਸੈਨਸਈ ਗੁਰਪ੍ਰੀਤ ਸਿੰਘ ਸੇਠੀ ਤੇ ਕੋਚ ਸੈਨਸਈ ਸਤਿੰਦਰ ਕੁਮਾਰ ਨੇ ਦੱਸਿਆ ਕਿ ਪਹਿਲੇ ਸਥਾਨ 'ਤੇ ਆਉਣ ਵਾਲੇ ਕਰਾਟੇਕਾ ਦਿੱਲੀ ਵਿਚ ਹੋਣ ਵਾਲੀ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿਚ ਭਾਗ ਲੈਣਗੇ | ਐਸੋਸੀਏਸ਼ਨ ਦੇ ਪ੍ਰਧਾਨ ਤੇ ਜਨਰਲ ਸਕੱਤਰ ਸਤਿੰਦਰ ਕੁਮਾਰ ਨੇ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕਰਾਟੇਕਾ ਨੂੰ ਮੁਬਾਰਕਬਾਦ ਦਿੱਤੀ |