01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਭੀਖੀ ਡਿਸਟਰੀਬਿਊਟਰੀ ’ਚ ਪਾਣੀ ਦੀ ਸਪਲਾਈ ਬਹਾਲ, 350 ਕਿਊਸਕ ਛੱਡਿਆ ਪਾਣੀ

ਅਜੀਤ ਡੈਸਕ 25-06-2026
ਭੀਖੀ, 24 ਜੂਨ (ਬਲਕਾਰ ਸਿੰਘ ਸਹੋਤਾ)- ਬੀਤੇ ਦਿਨੀਂ ਭੀਖੀ ਡਿਸਟਰੀਬਿਊਟਰੀ ’ਚ ਧਲੇਵਾਂ ਸੜਕ ਦੇ ਨੇੜੇ ਪਏ ਪਾੜ ਕਾਰਨ ਪਿਛਲੇ 11 ਦਿਨਾਂ ਤੋਂ ਖੇਤਾਂ ਦੀ ਸਿੰਚਾਈ ਲਈ ਤਰਸ ਰਹੇ 150 ਪਿੰਡਾਂ ਦੇ ਕਿਸਾਨਾਂ ਨੇ ਨਹਿਰ ’ਚ ਪਾਣੀ ਦੀ ਸਪਲਾਈ ਬਹਾਲ ਹੋਣ ਤੋਂ ਬਾਅਦ ਰਾਹਤ ਦਾ ਸਾਹ ਲਿਆ ਹੈ। ਦੱਸਣਯੋਗ ਹੈ ਕਿ ਨਹਿਰੀ ਵਿਭਾਗ ਵਲੋਂ 22 ਮਈ ਨੂੰ ਭੀਖੀ ਡਿਸਟਰੀਬਿਊਟਰੀ ’ਚ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਸੀ ਅਤੇ 3 ਹਫ਼ਤਿਆਂ ਦੀ ਬੰਦੀ ਤੋਂ ਬਾਅਦ ਪਾਣੀ 12 ਜੂਨ ਨੂੰ ਪਾਣੀ ਛੱਡਿਆ ਗਿਆ। ਪਾਣੀ ਛੱਡਦਿਆਂ ਹੀ ਉਸੇ ਰਾਤ ਧਲੇਵਾਂ ਰੋਡ ਕੋਲ ਨਹਿਰ ’ਚ ਪਾੜ ਪੈ ਗਿਆ। ਇਸ ਦੌਰਾਨ ਲਗਾਤਾਰ 2 ਬਾਰ ਇੱਕੋ ਥਾਂ ਤੋਂ ਨਹਿਰ ਟੁੱਟਣ ਕਾਰਨ ਪਾਣੀ ਦੀ ਸਪਲਾਈ ’ਚ 11 ਦਿਨਾਂ ਦੀ ਹੋਰ ਦੇਰੀ ਹੋ ਗਈ ਅਤੇ 9 ਜੂਨ ਤੋਂ ਜ਼ਿਲੇ੍ਹ ’ਚ ਝੋਨੇ ਦੀ ਲਵਾਈ ਵੀ ਸ਼ੁਰੂ ਹੋ ਗਈ ਸੀ। 14 ਜੂਨ ਤੱਕ ਇਸ ਨਹਿਰ ਅੰਤਰਗਤ ਪਿੰਡ ਦੇ ਖੇਤਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਦੀ ਸਪਲਾਈ ਮੁਹੱਈਆ ਹੋ ਜਾਣੀ ਸੀ ਅਤੇ ਨਾਲ ਹੀ ਕਰੀਬ 3 ਦਰਜਨ ਤੋਂ ਵੱਧ ਪਿੰਡਾਂ ਦੇ ਵਾਟਰ ਵਰਕਸ ਲਈ ਪੀਣ ਵਾਲੇ ਸ਼ੁੱਧ ਪਾਣੀ ਲਈ ਵੀ ਵਰਤਿਆ ਜਾਂਦਾ ਹੈ। ਕਰੀਬ 1 ਮਹੀਨਾ ਸਪਲਾਈ ਬੰਦ ਰਹਿਣ ਕਾਰਨ ਇਨ੍ਹਾਂ ਵਾਟਰ ਵਰਕਸ ’ਤੇ ਵੀ ਪਾਣੀ ਦੀ ਥੁੜ ਸਾਹਮਣੇ ਆਈ ਸੀ। ਪਿੰਡ ਕਿਸ਼ਨਗੜ੍ਹ ਫਰਮਾਹੀ ਦੇ ਕਿਸਾਨ ਦਰਸ਼ਨ ਸਿੰਘ ਨੰਬਰਦਾਰ ਨੇ ਦੱਸਿਆ ਕਿ ਝੋਨੇ ਦੀ ਲਵਾਈ ਲਈ ਖੇਤਾਂ ਨੂੰ 10 ਜੂਨ ਤੋਂ ਹੀ ਪਾਣੀ ਦੀ ਜ਼ਰੂਰਤ ਸੀ ਪ੍ਰੰਤੂ ਸਪਲਾਈ 24 ਜੂਨ ਨੂੰ ਪ੍ਰਾਪਤ ਹੋਈ ਹੈ। ਇਸ ਦੌਰਾਨ ਉਨ੍ਹਾਂ ਨੂੰ ਬਿਜਲੀ ਟਿਊਬਵੈੱਲਾਂ ’ਤੇ ਹੀ ਨਿਰਭਰ ਰਹਿਣਾ ਪਿਆ ਅਤੇ ਬਿਜਲੀ ਨਾ ਆਉਣ ਦੀ ਸੂਰਤ ’ਚ ਜਨਰੇਟਰਾਂ ਦੀ ਵਰਤੋਂ ਵੀ ਕੀਤੀ। ਇਸ ਨਾਲ ਜਿੱਥੇ ਝੋਨਾ ਲਵਾਈ ਲਈ ਮਜ਼ਦੂਰ ਪਰੇਸ਼ਾਨ ਹੋਏ ਉੱਥੇ ਕਿਸਾਨਾਂ ਦੀਆਂ ਜੇਬਾਂ ’ਤੇ ਵੀ ਵਾਧੂ ਬੋਝ ਪਿਆ। ਉੱਧਰ ਜਿਸ ਕਿਸਾਨ ਮਹਿੰਦਰ ਸਿੰਘ ਢਿੱਲੋਂ ਦੇ ਖੇਤ ਕੋਲ ਨਹਿਰ ਟੁੱਟੀ ਸੀ, ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਉਸ ਦੇ ਖੇਤ ’ਚ ਜਮਾ ਹੋਈ ਰੇਤ ਨੂੰ ਹਟਾਉਣ ਦੀ ਖੇਚਲ ਕੀਤੀ ਜਾਵੇ। ਨਹਿਰੀ ਵਿਭਾਗ ਦੇ ਐਸ.ਡੀ.ੳ. ਸਤਗੁਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਨਹਿਰ ’ਚ ਪਾਣੀ ਛੱਡ ਦਿੱਤਾ ਗਿਆ ਸੀ ਅਤੇ 24 ਜੂਨ ਸ਼ਾਮ ਤੱਕ ਕਰੀਬ 350 ਕਿਊਸਕ ਪਾਣੀ ਛੱਡਿਆ ਗਿਆ। ਨਹਿਰੀ ਪਾਣੀ ਮੂਸਾ ਟੇਲ ਤੱਕ ਪਹੁੰਚ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਅਗਲੇ 2 ਦਿਨਾਂ ਤੱਕ 450 ਕਿਊਸਕ ਪਾਣੀ ਦੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ, ਜਿਸ ਨਾਲ ਨਹਿਰੀ ਪਾਣੀ ਦੇ ਅਧੀਨ ਆਉਂਦੇ ਸਮੁੱਚੇ ਰਕਬੇ ਨੂੰ ਪਾਣੀ ਮੁਹੱਈਆ ਹੋ ਜਾਵੇਗਾ।
ਪਿਛਲੀ ਖ਼ਬਰ ਬਿਜਲੀ ਨਾ ਮਿਲਣ ਕਾਰਨ ਕਿਸਾਨਾਂ ਵਲੋਂ ਮਹਿਕਮੇ ਖ਼ਿਲਾਫ਼ ਰੋਸ ਪ੍ਰਗਟ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਡਕੌਦਾ) ਵਲੋਂ ਜੋਗਾ ਥਾਣੇ ਨੇੜੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।