ਬੁਢਲਾਡਾ, 17 ਮਈ (ਸਵਰਨ ਸਿੰਘ ਰਾਹੀ)- ਦਿ ਰਾਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਸਕਾਲਰਸ਼ਿਪ ਮੁਕਾਬਲਾ ਪ੍ਰੀਖਿਆ ਕਰਵਾਈ ਗਈ, ਜਿਸ 'ਚ ਇਲਾਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਕਾਲਜ ਪ੍ਰਬੰਧਕਾਂ ਨੇ ਦੱਸਿਆ ਕਿ ਸਕਾਲਰਸ਼ਿਪ ਪ੍ਰੀਖਿਆ ਦਾ ਮੁੱਖ ਉਦੇਸ਼ ਹੋਣਹਾਰ ਅਤੇ ਮਿਹਨਤੀ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਉਤਸ਼ਾਹਿਤ ਕਰਨਾ ਸੀ, ਤਾਂ ਜੋ ਉਹ ਆਪਣੀ ਯੋਗਤਾ ਦੇ ਆਧਾਰ 'ਤੇ ਵਧੀਆ ਸਿੱਖਿਆ ਪ੍ਰਾਪਤ ਕਰ ਸਕਣ | ਕਾਲਜ ਪ੍ਰਬੰਧਕ ਡਾ. ਸਰਬਜੀਤ ਕੌਰ ਸੋਹਲ ਨੇ ਦੱਸਿਆ ਕਿ ਬੱਚਿਆਂ ਦੀ ਉੱਚ ਸਿੱਖਿਆ ਦੇ ਖ਼ਰਚਿਆਂ ਤੇ ਮਾਪਿਆਂ ਦੀ ਚਿੰਤਾ ਨੂੰ ਧਿਆਨ 'ਚ ਰੱਖਦਿਆਂ ਕਾਲਜ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਦੀ ਆਰਥਿਕ ਸਹਾਇਤਾ ਕਰਨ ਲਈ ਵਿਸ਼ੇਸ਼ ਸਕਾਲਰਸ਼ਿਪ ਯੋਜਨਾ ਸ਼ੁਰੂ ਕੀਤੀ ਗਈ ਹੈ ਅਤੇ ਇਸ ਅਧੀਨ ਲਗਭਗ 1 ਕਰੋੜ ਰੁਪਏ ਤੱਕ ਦੀ ਸਕਾਲਰਸ਼ਿਪ ਤੇ ਵਿੱਤੀ ਸਹਾਇਤਾ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਕਾਲਜ ਵਲੋਂ ਮਾਤਾ ਪਿਤਾ ਤੋਂ ਵਾਂਝੇ (ਯਤੀਮ) ਜਾਂ ਖ਼ੁਦਕੁਸ਼ੀ ਪੀੜਤ ਕਿਸਾਨਾਂ ਦੇ ਬੱਚੇ ਜਾਂ ਫ਼ੌਜ 'ਚ ਸ਼ਹੀਦ ਹੋਏ ਸੈਨਿਕ ਦੇ ਬੱਚੇ ਅਤੇ ਸਰੀਰਕ ਤੌਰ 'ਤੇ ਅਪਾਹਜ ਵਿਦਿਆਰਥੀਆਂ ਲਈ ਕੋਰਸ ਦੀ ਸਾਰੀ ਫ਼ੀਸ ਮੁਆਫ਼ ਕੀਤੀ ਜਾਵੇਗੀ | ਕਾਲਜ ਡਾਇਰੈਕਟਰ ਡਾ. ਕੁਲਦੀਪ ਸਿੰਘ ਬੱਲ ਨੇ ਦੱਸਿਆ ਕਿ ਕਾਲਜ ਵਲੋਂ 'ਸਮਰ ਸਪਾਰਕ 2026' ਪ੍ਰੋਗਰਾਮ ਤਹਿਤ 18 ਤੋਂ 30 ਮਈ ਤੱਕ ਵਿਦਿਆਰਥੀਆਂ ਨੂੰ ਮੁਫ਼ਤ ਬੇਸਿਕ ਕੰਪਿਊਟਰ ਜਾਣਕਾਰੀ, ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ, ਮੁਫ਼ਤ ਐਜੂਕੇਸ਼ਨਲ ਤੇ ਇੰਡਸਟਰੀ ਵਿਜ਼ਟ, ਮੋਟੀਵੇਸ਼ਨਲ ਮੂਵੀਜ਼, ਕੈਰੀਅਰ ਕੌਂਸਲਿੰਗ, ਪਰਸਨੈਲਿਟੀ ਡਿਵੈਲਪਮੈਂਟ ਤੇ ਇੰਟਰਵਿਊ ਸਕਿਲਸ ਬਾਰੇ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ ਅਤੇ ਵਿਦਿਆਰਥੀਆਂ ਦੀ ਸਹੂਲਤ ਲਈ ਮੁਫ਼ਤ ਕਾਲਜ ਬੱਸ ਸਰਵਿਸ ਵੀ ਮੁਹੱਈਆ ਕਰਵਾਈ ਜਾਵੇਗੀ |