ਭੀਖੀ, 17 ਮਈ (ਬਲਕਾਰ ਸਹੋਤਾ)- ਸ੍ਰੀ ਸਿੱਧ ਪੀਠ ਸ਼ਨੀਦੇਵ ਮੰਦਰ ਸੁਧਾਰ ਅਤੇ ਵੈੱਲਫੇਅਰ ਕਮੇਟੀ ਵਲੋਂ ਸਥਾਨਕ ਸਿੱਧ ਪੀਠ ਸ਼ਨੀਦੇਵ ਮੰਦਰ ਵਿਖੇ ਸ਼ਨੀਦੇਵ ਜੈਅੰਤੀ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ | ਸ਼ਨੀਦੇਵ ਉਸਤਤੀ ਸੰਗੀਤਮਈ ਕੀਰਤਨ ਤੋਂ ਇਲਾਵਾ ਰਾਤ ਨੂੰ ਚੌਂਕੀ ਵੀ ਲਗਾਈ ਗਈ | ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਨਵ-ਨਿਯੁਕਤ ਚੇਅਰਮੈਨ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਧਾਰਮਿਕ ਸਮਾਗਮਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਮਾਜ 'ਚ ਪੈਦਾ ਹੋ ਰਹੀਆਂ ਅਲਾਮਤਾਂ ਨੂੰ ਠੱਲ੍ਹਣ ਲਈ ਧਾਰਮਿਕ ਸਮਾਗਮਾਂ ਅਤੇ ਅਧਿਆਤਮਿਕ ਵਿਚਾਰਾਂ ਦਾ ਪ੍ਰਚਾਰ ਹੋਣਾ ਵਿਸ਼ੇਸ਼ ਮਹੱਤਤਾ ਰੱਖਦਾ ਹੈ | ਉਨ੍ਹਾਂ ਕਿਹਾ ਕਿ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਜੀਅ ਤੋੜ ਮਿਹਨਤ ਕਰ ਰਹੀ ਹੈ ਅਤੇ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਜਿੱਥੇ ਹਜ਼ਾਰਾਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਉੱਥੇ ਨਸ਼ੇ ਦਾ ਸ਼ਿਕਾਰ ਨੌਜਵਾਨਾਂ ਨੂੰ ਇਸ ਦਲਦਲ 'ਚੋਂ ਕੱਢਣ ਲਈ ਨਸ਼ਾ ਛੁਡਾਊ ਕੇਂਦਰ 'ਚ ਮਿਆਰੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਸ੍ਰੀ ਸਨਾਤਨ ਧਰਮ ਭਾਰਤੀਆ ਮਹਾਂਵੀਰ ਦਲ ਦੇ ਪ੍ਰਧਾਨ ਹਰਬੰਸ ਲਾਲ ਬਾਂਸਲ, ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਮੁਨੀਸ਼ ਬੱਬੀ ਦਾਨੇਵਾਲੀਆ, ਸ਼ਿਵ ਕੁਮਾਰ ਬਬਲੂ, ਵਿੱਕੀ ਆਸਟੇ੍ਰਲੀਆ, ਵਿਵੇਕ ਜੈਨ ਬੱਬੂ, ਪ੍ਰਸ਼ੋਤਮ ਗੋਇਲ ਬਿਲੂ, ਸੰਦੀਪ ਮਿੱਤਲ ਦੀਪੂ, ਮੱਖਣ ਬਾਂਸਲ, ਅਸ਼ਵਨੀ ਅਸਪਾਲ, ਜੀਵਨ ਕੁਮਾਰ, ਪੁਜਾਰੀ ਭੋਲਾ ਬਾਬਾ ਆਦਿ ਹਾਜ਼ਰ ਸਨ |
ਅਜੋਕੇ ਸਮੇਂ 'ਚ ਧਾਰਮਿਕ ਤੇ ਅਧਿਆਤਮਿਕ ਵਿਚਾਰਾਂ ਦੇ ਪ੍ਰਚਾਰ ਦੀ ਅਹਿਮ ਲੋੜ- ਚਹਿਲ <br/>
ਅਜੀਤ ਡੈਸਕ
18-05-2026