ਮਾਨਸਾ, 17 ਮਈ (ਰਾਵਿੰਦਰ ਸਿੰਘ ਰਵੀ)- ਸਥਾਨਕ ਤਹਿਸੀਲ ਦਫ਼ਤਰ ਵਿਖੇ ਜਨਗਣਨਾ 2026 ਦੀਆਂ ਕਿੱਟਾਂ ਲੈਣ ਪਹੁੰਚੇ ਅਧਿਆਪਕਾਂ ਨੇ ਯੋਗ ਪ੍ਰਬੰਧ ਨਾ ਹੋਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ | ਅਧਿਆਪਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਜਨਗਣਨਾ 'ਚ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਅੱਜ ਦੁਪਹਿਰ 2 ਵਜੇ ਕਿੱਟਾਂ ਲੈਣ ਲਈ ਬੁਲਾਇਆ ਗਿਆ ਸੀ ਪਰ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਕਾਫ਼ੀ ਖੱਜਲ-ਖੁਆਰੀਆਂ ਦਾ ਸਾਹਮਣਾ ਕਰਨਾ ਪਿਆ | ਉਨ੍ਹਾਂ ਦੋਸ਼ ਲਗਾਇਆ ਕਿ ਬੈਠਣ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਗਰਮੀ 'ਚ ਅਧਿਆਪਕ ਸਮਾਨ ਲੈਣ ਲਈ ਲੰਬੀਆਂ ਕਤਾਰਾਂ 'ਚ ਖੜ੍ਹੇ ਰਹੇ ਪਰ ਉਨ੍ਹਾਂ ਦੀ ਕਿਸੇ ਨੇ ਸੁਣਵਾਈ ਨਹੀਂ ਕੀਤੀ | ਕੁਝ ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਡਿਊਟੀਆਂ ਵੀ ਦੂਰ-ਦੁਰਾਡੇ ਲਗਾਈਆਂ ਗਈਆਂ ਹਨ ਅਤੇ ਹਾਲੇ ਤੱਕ ਪਛਾਣ ਪੱਤਰ ਵੀ ਨਹੀਂ ਜਾਰੀ ਕੀਤੇ ਗਏ | ਅਧਿਆਪਕ ਆਗੂ ਹਰਦੀਪ ਸਿੰਘ ਸਿੱਧੂ, ਸੁਖਰਾਜ ਸਿੰਘ, ਬਲਜਿੰਦਰ ਸਿੰਘ, ਰਵਨੀਤ ਕੌਰ ਅਤੇ ਸੁਖਬੀਰ ਸਿੰਘ ਨੇ ਦੱਸਿਆ ਕਿ ਮਾਨਸਾ ਬਲਾਕ ਦੀ ਜਨਗਣਨਾ ਕਰਨ ਲਈ ਅਧਿਆਪਕਾਂ ਨੂੰ ਸਮੇਂ ਸਿਰ ਸਮਾਨ ਮੁਹੱਈਆ ਨਹੀਂ ਕਰਵਾਇਆ ਗਿਆ ਸਗੋਂ ਉਨ੍ਹਾਂ ਨੂੰ ਪ੍ਰਸ਼ਾਸਨ ਦੀ ਨਾਲਾਇਕੀ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਇਸ ਮੌਕੇ ਅਮੋਲਕ ਸਿੰਘ ਡੇਲੂਆਣਾ, ਅਮਰਜੀਤ ਕੌਰ, ਮਨਜੀਤ ਕੌਰ, ਰਾਜਵਿੰਦਰ ਸਿੰਘ ਮੀਰ ਤੋਂ ਇਲਾਵਾ ਵੱਡੀ ਗਿਣਤੀ 'ਚ ਅਧਿਆਪਕ ਹਾਜ਼ਰ ਸਨ |