ਮਾਨਸਾ, 17 ਮਈ (ਰਾਵਿੰਦਰ ਸਿੰਘ ਰਵੀ)- ਸਿਹਤ ਵਿਭਾਗ ਵਲੋਂ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ 'ਰਾਸ਼ਟਰੀ ਡੇਂਗੂ ਦਿਵਸ' ਮੌਕੇ ਜ਼ਿਲ੍ਹਾ ਪੱਧਰੀ ਚੇਤਨਾ ਸਮਾਗਮ ਕਰਵਾਇਆ ਗਿਆ | ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਜਾਗਰੂਕ ਹੋ ਕੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਤਾਂ ਜੋ ਇਸ ਬਿਮਾਰੀ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ | ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ 'ਡੇਂਗੂ-ਮੁਕਤ ਭਵਿੱਖ ਲਈ ਇੱਕਜੁੱਟ ਹੋਵੋ' ਥੀਮ ਨਿਰਧਾਰਿਤ ਕੀਤਾ ਗਿਆ ਹੈ, ਦੇ ਖ਼ਾਤਮੇ ਲਈ ਸਮਾਜ ਸੇਵੀ, ਧਾਰਮਿਕ, ਵਪਾਰਕ ਅਤੇ ਸਿਹਤ ਨਾਲ ਜੁੜੀਆਂ ਸੰਸਥਾਵਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ | ਉਨ੍ਹਾਂ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦੇ ਲੱਛਣਾਂ ਅਤੇ ਬਚਾਅ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਫ਼ਰਿਜਾਂ ਦੇ ਪਿਛਲੇ ਪਾਸੇ ਦੀ ਟਰੇਅ, ਕੂਲਰਾਂ, ਟੁੱਟੇ-ਫੁੱਟੇ ਬਰਤਨਾਂ, ਗਮਲੇ, ਟਾਇਰਾਂ ਅਤੇ ਪਾਣੀ ਵਾਲੀਆਂ ਟੈਂਕੀਆਂ 'ਚ ਕਈ ਦਿਨਾਂ ਦਾ ਪਾਣੀ ਖੜ੍ਹਨ ਨਾ ਦਿੱਤਾ ਜਾਵੇ | ਸਿਵਲ ਸਰਜਨ ਨੇ ਦੱਸਿਆ ਕਿ ਉਕਤ ਬਿਮਾਰੀਆਂ ਦਾ ਸਰਕਾਰੀ ਸਿਹਤ ਸੰਸਥਾਵਾਂ 'ਚ ਮੁਫ਼ਤ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਵਿੱਦਿਅਕ ਸੰਸਥਾਵਾਂ 'ਚ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਸੈਮੀਨਾਰ ਕਰਵਾਏ ਜਾ ਰਹੇ ਹਨ ਤਾਂ ਕਿ ਬਿਮਾਰੀਆਂ ਦਾ ਖ਼ਾਤਮਾ ਕੀਤਾ ਜਾ ਸਕੇ | ਇਸ ਮੌਕੇ ਸੰਤੋਸ਼ ਭਾਰਤੀ ਜ਼ਿਲ੍ਹਾ ਐਪੀਡਿਮਾਲੋਜਿਸਟ, ਕਿ੍ਸ਼ਨ ਕੁਮਾਰ, ਪਿ੍ੰਸੀਪਲ ਪਰਮਜੀਤ ਕੌਰ, ਪਿ੍ੰਸੀਪਲ ਦਰਸ਼ਨ ਸਿੰਘ, ਸੁਪਰਵਾਈਜ਼ਰ ਰਾਮ ਕੁਮਾਰ, ਬਲਜੀਤ ਸਿੰਘ, ਕਿ੍ਸ਼ਨ ਕੁਮਾਰ ਆਦਿ ਹਾਜ਼ਰ ਸਨ |
ਸਿਹਤ ਵਿਭਾਗ ਵਲੋਂ 'ਰਾਸ਼ਟਰੀ ਡੇਂਗੂ ਦਿਵਸ' ਮੌਕੇ ਜ਼ਿਲ੍ਹਾ ਪੱਧਰੀ ਚੇਤਨਾ ਸਮਾਗਮ <br/>
ਅਜੀਤ ਡੈਸਕ
18-05-2026