ਮਾਨਸਾ, 7 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ -2026 ਦੇ ਪਾਸ ਹੋਣ ਉਪਰੰਤ ਆਰੰਭ ਕੀਤੀ ਗਈ ਸ਼ੁਕਰਾਨਾ ਯਾਤਰਾ 8 ਮਈ ਨੂੰ ਮਾਨਸਾ ਵਿਖੇ ਪਹੁੰਚੇਗੀ | ਯਾਤਰਾ ਦਾ ਅਰਵਿੰਦ ਨਗਰ ਮਾਨਸਾ ਵਿਖੇ ਨਿੱਘਾ ਸਵਾਗਤ ਕੀਤਾ ਜਾਵੇਗਾ | ਇਸ ਸੰਬੰਧੀ ਜ਼ਿਲਾ ਪ੍ਰਸ਼ਾਸਨ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਤਿਆਰੀਆਂ 'ਚ ਰੁੱਝੇ ਹੋਏ ਹਨ | ਹਲਕਾ ਵਿਧਾਇਕ ਸਰਦੂਲਗੜ ਗੁਰਪ੍ਰੀਤ ਸਿੰਘ ਬਣਾਂਵਾਲੀ ਤੇ ਮਾਨਸਾ ਹਲਕੇ ਦੇ ਵਿਧਾਇਕ ਡਾ. ਵਿਜੇ ਸਿੰਗਲਾ ਤੇ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਮਾਰਕਿਟ ਕਮੇਟੀ ਭੀਖੀ ਦੇ ਚੇਅਰਮੈਨ ਮਾ. ਵਰਿੰਦਰ ਸੋਨੀ ਨੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ ਜ਼ਿਲਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਤੇ ਹੋਰ ਅਧਿਕਾਰੀਆਂ ਸਮੇਤ ਬਹਿਣੀਵਾਲ ਅਤੇ ਅਰਵਿੰਦ ਨਗਰ ਦਾ ਦੌਰਾ ਕੀਤਾ | ਵਿਧਾਇਕ ਬਣਾਂਵਾਲੀ ਨੇ ਦੱਸਿਆ ਕਿ ਸ਼ੁਕਰਾਨਾ ਯਾਤਰਾ ਦੀ ਆਮਦ ਦੇ ਮੱਦੇਨਜ਼ਰ ਜ਼ਿਲਾ ਵਾਸੀਆਂ 'ਚ ਵੱਡਾ ਉਤਸ਼ਾਹ ਹੈ | ਉੱਧਰ ਜ਼ਿਲਾ ਪੁਲਿਸ ਮੁਖੀ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਸ਼ੁਕਰਾਨਾ ਯਾਤਰਾ ਦੇ ਸਬੰਧ 'ਚ ਤਲਵੰਡੀ ਸਾਬੋ ਤੋਂ ਹੁੰਦੇ ਹੋਏ ਅਨਾਜ ਮੰਡੀ ਬਹਿਣੀਵਾਲ ਅਤੇ ਅਰਵਿੰਦ ਨਗਰ ਮਾਨਸਾ ਵਿਖੇ ਨੁੱਕੜ ਮੀਟਿੰਗਾਂ ਕਰਨਗੇ ਅਤੇ ਇਸ ਉਪਰੰਤ ਮਾਨਸਾ ਤੋਂ ਜੋਗਾ ਹੁੰਦਿਆਂ ਜ਼ਿਲਾ ਬਰਨਾਲਾ ਲਈ ਰਵਾਨਾ ਹੋਣਗੇ, ਜਿਸ ਸੰਬੰਧੀ ਸਾਰੇ ਸੁਰੱਖਿਆ ਪ੍ਰਬੰਧ ਮੁਕੰਮਲ ਹਨ |
ਬਹਿਣੀਵਾਲ ਤੇ ਅਰਵਿੰਦ ਨਗਰ ਰੈੱਡ ਜ਼ੋਨ ਐਲਾਨਿਆ
ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਧਾਰਾ 163 ਤਹਿਤ ਵੀ. ਵੀ. ਆਈ. ਪੀ./ ਵੀ. ਆਈ. ਪੀ. ਦੀ ਸੁਰੱਖਿਆ ਦੇ ਮੱਦੇਨਜ਼ਰ ਪਿੰਡ ਬਹਿਣੀਵਾਲ ਤੋਂ ਵਾਇਆ ਮਾਨਸਾ ਤੋਂ ਜੋਗਾ ਤੱਕ ਦੇ ਰੂਟ ਖੇਤਰ, ਅਨਾਜ ਮੰਡੀ ਪਿੰਡ ਬਹਿਣੀਵਾਲ ਅਤੇ ਅਰਵਿੰਦ ਨਗਰ ਮਾਨਸਾ ਨੂੰ ਰੈੱਡ ਜ਼ੋਨ (ਨੋ ਡਰੋਨ ਜ਼ੋਨ) ਘੋਸ਼ਿਤ ਕਰਦਿਆਂ ਡਰੋਨ ਕੈਮਰਿਆਂ ਨੂੰ ਉਡਾਉਣ 'ਤੇ ਪੂਰਨ ਪਾਬੰਦੀ ਲਗਾਈ ਹੈ | ਇਹ ਹੁਕਮ 8 ਮਈ ਲਈ ਲਾਗੂ ਰਹੇਗਾ |
ਮੁੱਖ ਮੰਤਰੀ ਦੀ ਅਗਵਾਈ ਵਾਲੀ ਸ਼ੁਕਰਾਨਾ ਯਾਤਰਾ ਅੱਜ ਮਾਨਸਾ ਜ਼ਿਲੇ 'ਚ ਪਹੁੰਚੇਗੀ <br/>
ਅਜੀਤ ਡੈਸਕ
08-05-2026