ਬੁਢਲਾਡਾ, 18 ਫਰਵਰੀ (ਸਵਰਨ ਸਿੰਘ ਰਾਹੀ)- ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਸੰਸਥਾ ਦੇ ਸਿੱਖਿਆਰਥੀਆਂ ਨੂੰ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਪੀ.ਐਸ.ਟੈੱਟ) ਦੀ ਵਿਸ਼ੇਸ਼ ਤਿਆਰੀ ਕਰਵਾਈ ਜਾ ਰਹੀ ਹੈ | ਡਾਇਟ ਪਿ੍ੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਦੱਸਿਆ ਕਿ ਸਿੱਖਿਆ ਅਧਿਕਾਰ ਕਾਨੂੰਨ ਤਹਿਤ ਅਧਿਆਪਕ ਬਣਨ ਲਈ ਲਾਜ਼ਮੀ ਕੀਤੇ ਗਏ ਯੋਗਤਾ ਟੈਸਟ ਲਈ ਸੰਸਥਾ ਦੇ ਸਿੱਖਿਆਰਥੀਆਂ ਦੀ ਤਿਆਰੀ ਲਈ ਜਿੱਥੇ ਡਾਇਟ ਫੈਕਲਟੀ ਖ਼ੁਦ ਯਤਨ ਕਰ ਰਹੀ ਹੈ, ਉੱਥੇ ਹੋਰਨਾਂ ਵਿਸ਼ਾ ਮਾਹਿਰਾਂ ਦੇ ਗੈਸਟ ਲੈਕਚਰ ਵੀ ਕਰਵਾਏ ਜਾ ਰਹੇ ਹਨ | ਇਸੇ ਲੜੀ ਤਹਿਤ ਵਿਦਿਆਰਥੀਆਂ ਨੂੰ ਮੁਫ਼ਤ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਵਾਲੇ ਸਮਾਜ-ਸੇਵੀ ਬੂਟਾ ਸਿੰਘ ਵਲੋਂ ਲੈਕਚਰ ਲਗਾਇਆ ਗਿਆ | ਉਨ੍ਹਾਂ ਸਿੱਖਿਆਰਥੀਆਂ ਨੂੰ ਵਾਤਾਵਰਨ ਸਿੱਖਿਆ ਨਾਲ ਸਬੰਧਿਤ ਭੂਗੋਲ ਵਿਸ਼ੇ ਦੀ ਮਹੱਤਵਪੂਰਨ ਜਾਣਕਾਰੀ ਦਿੱਤੀ | ਪਿ੍ੰਸੀਪਲ ਡਾ. ਸੇਖੋਂ ਨੇ ਦੱਸਿਆ ਕਿ ਸੰਸਥਾ ਵਲੋਂ ਹਰ ਸਾਲ ਸਿੱਖਿਆਰਥੀਆਂ ਦੀ ਅਧਿਆਪਕ ਯੋਗਤਾ ਟੈਸਟ ਦੀ ਤਿਆਰੀ ਕਰਵਾਈ ਜਾਂਦੀ ਹੈ ਅਤੇ ਜ਼ਿਆਦਾਤਰ ਬੱਚੇ ਆਪਣੀ ਸਿਖਲਾਈ ਦੌਰਾਨ ਹੀ ਟੈਸਟ ਪਾਸ ਕਰ ਲੈਂਦੇ ਹਨ | ਇਸ ਮੌਕੇ ਡਾ. ਅੰਗਰੇਜ਼ ਸਿੰਘ ਵਿਰਕ, ਲੈਕਚਰਾਰ ਸਰੋਜ ਰਾਣੀ, ਨਵਦੀਪ ਕੌਰ, ਸਤਨਾਮ ਸਿੰਘ, ਬਲਵਿੰਦਰ ਸਿੰਘ ਬਾਘਾ, ਪ੍ਰਸ਼ੋਤਮ ਸਿੰਘ, ਬਲਦੇਵ ਪ੍ਰਕਾਸ਼ ਸਿੰਗਲਾ, ਡਾ. ਗੁਰਪ੍ਰੀਤ ਕੌਰ, ਜਸਪਾਲ ਕੌਰ, ਹਰਵਿੰਦਰ ਕੌਰ, ਮਨਿੰਦਰਜੀਤ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ |