ਮਾਨਸਾ, 22 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਐਡਵੋਕੇਟ ਦਿਲਜੋਤ ਸ਼ਰਮਾ ਦੀ ਮੌਤ ਦੇ ਮਾਮਲੇ 'ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਵੱਖ-ਵੱਖ ਰਾਜਸੀ, ਜਨਤਕ, ਸਮਾਜਿਕ ਜਥੇਬੰਦੀਆਂ ਦੇ ਕਾਰਕੁਨਾਂ ਵਲੋਂ ਰੋਸ ਧਰਨਾ ਦਿੱਤਾ ਗਿਆ | ਧਰਨਾਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਰਾਜਪਾਲ ਤੇ ਡੀ. ਜੀ. ਪੀ. ਪੰਜਾਬ ਨੂੰ ਮੰਗ ਪੱਤਰ ਵੀ ਭੇਜਿਆ ਗਿਆ | ਉਨ੍ਹਾਂ ਮੰਗ ਉਠਾਈ ਕਿ ਦਿਲਜੋਤ ਸ਼ਰਮਾ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇ ਕਿਉਂਕਿ ਖ਼ੁਦਕੁਸ਼ੀ ਨੋਟ ਸ਼ੱਕੀ ਹੈ ਤੇ ਇਸ ਨੌਜਵਾਨ ਲੜਕੀ ਨੂੰ ਸਾਜ਼ਿਸ਼ ਅਧੀਨ ਮੌਤ ਦੇ ਘਾਟ ਉਤਾਰਿਆ ਗਿਆ ਹੈ | ਕਾਬਲੇ ਗ਼ੌਰ ਰਹੇ ਕਿ ਜ਼ਿਲ੍ਹੇ ਦੇ ਪਿੰਡ ਰੱਲਾ ਨਾਲ ਸੰਬੰਧਿਤ ਲੁਧਿਆਣਾ ਵਿਖੇ ਰਹਿ ਰਹੀ ਦਿਲਜੋਤ ਦੀ ਭੇਦਭਰੀ ਹਾਲਤ 'ਚ ਮੌਤ ਹੋ ਗਈ ਸੀ | ਇਨਸਾਫ਼ ਕਮੇਟੀ ਤਰਫ਼ੋਂ ਲਿਬਰੇਸ਼ਨ ਆਗੂ ਸੁਖਦਰਸ਼ਨ ਸਿੰਘ ਨੱਤ ਨੇ ਦੱਸਿਆ ਕਿ ਐਕਸ਼ਨ ਕਮੇਟੀ ਤੇ ਪਰਿਵਾਰ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਪੜਤਾਲ ਲਈ ਕੁਝ ਦਿਨ ਮੰਗਦਿਆਂ 29 ਜਨਵਰੀ ਨੂੰ ਮੁੜ ਬੁਲਾਇਆ ਹੈ | ਉਨ੍ਹਾਂ ਆਖਿਆ ਕਿ ਇਨਸਾਫ਼ ਸਿਰਫ਼ ਸੰਘਰਸ਼ ਦੇ ਦਬਾਅ ਸਦਕਾ ਹੀ ਮਿਲ ਸਕਦਾ ਹੈ, ਇਸ ਲਈ 2 ਫਰਵਰੀ ਨੂੰ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਅੱਗੇ ਰੋਸ ਧਰਨੇ ਲਈ ਤਿਆਰੀਆਂ ਜਾਰੀ ਰਹਿਣਗੀਆਂ | ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ 'ਚ ਰੁਲਦੂ ਸਿੰਘ ਮਾਨਸਾ, ਮਹਿੰਦਰ ਸਿੰਘ ਭੈਣੀਬਾਘਾ, ਛੱਜੂ ਰਾਮ ਰਿਸ਼ੀ, ਕਿ੍ਸ਼ਨ ਚੌਹਾਨ, ਲਾਭ ਸਿੰਘ ਅਕਲੀਆ, ਜਗਰਾਜ ਸਿੰਘ ਰੱਲਾ, ਐਡਵੋਕੇਟ ਗੁਰਦਾਸ ਸਿੰਘ ਮਾਨ, ਸਵਰਨਜੀਤ ਸਿੰਘ ਦਲਿਓ, ਹਰਿੰਦਰ ਸਿੰਘ ਮਾਨਸ਼ਾਹੀਆ, ਹਰਵਿੰਦਰ ਭਾਰਦਵਾਜ, ਜਤਿੰਦਰ ਕੁਮਾਰ ਆਗਰਾ, ਗੁਰਮੇਲ ਸਿੰਘ ਅੱਕਾਂਵਾਲੀ, ਬਲਵਿੰਦਰ ਸਿੰਘ ਘਰਾਂਗਣਾ, ਰਜਿੰਦਰ ਸਿੰਘ ਜਿੰਦਾ, ਚਮਕੌਰ ਸਿੰਘ ਸਿੱਧੂ, ਧੰਨਾ ਮੱਲ ਗੋਇਲ, ਸ਼ਿੰਦਰਪਾਲ ਸਿੰਘ ਚਕੇਰੀਆਂ, ਨਿਰਮਲ ਸਿੰਘ ਝੰਡੂਕੇ, ਬੋਘ ਸਿੰਘ ਮਾਨਸਾ, ਸੁਦਾਗਰ ਸਿੰਘ ਰੱਲਾ ਆਦਿ ਸਨ |
-ਮਾਮਲਾ ਐਡਵੋਕੇਟ ਦਿਲਜੋਤ ਸ਼ਰਮਾ ਦੀ ਮੌਤ ਦਾ- ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਜਥੇਬੰਦੀਆਂ ਦੇ ਕਾਰਕੁੰਨਾਂ ਵਲੋਂ ਇਨਸਾਫ਼ ਲਈ ਰੋਸ ਧਰਨਾ
ਅਜੀਤ ਡੈਸਕ
23-01-2026