ਮਾਨਸਾ, 22 ਜਨਵਰੀ (ਗੁਰਚੇਤ ਸਿੰਘ ਫੱਤੇਵਾਲੀਆ)-ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਤੇ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਮਾਨਸਾ ਦੀ ਅਗਵਾਈ ਹੇਠ ਸਥਾਨਕ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਵਿਖੇ ਮਾਸਟਰ ਟਰੇਨਰ ਰਵਨੀਤ ਕੌਰ ਬਲਾਕ ਕੋਆਰਡੀਨੇਟਰ ਮਾਨਸਾ, ਬਲਾਕ ਕੋਆਰਡੀਨੇਟਰ ਆਦਿਤਯ, ਸੁਮਨਪ੍ਰੀਤ ਕੌਰ, ਪ੍ਰਭਜੋਤ ਕੌਰ, ਮਨਜੀਤ ਕੌਰ, ਨਿਧੀ ਤੇ ਸੀਮਾ ਵਲੋਂ 'ਪੋਸ਼ਣ ਵੀ, ਪੜ੍ਹਾਈ ਵੀ' ਪ੍ਰੋਗਰਾਮ ਤਹਿਤ ਆਂਗਣਵਾੜੀ ਵਰਕਰਾਂ ਨੂੰ ਤਿੰਨ ਰੋਜ਼ਾ ਸਿਖਲਾਈ ਦਿੱਤੀ ਗਈ | ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਖੁਸ਼ਵੀਰ ਕੌਰ ਨੇ ਦੱਸਿਆ ਕਿ ਬਲਾਕ ਮਾਨਸਾ ਅਧੀਨ ਆਉਂਦੇ ਸਾਰੇ ਸਰਕਲਾਂ ਦੀਆਂ ਆਂਗਣਵਾੜੀ ਵਰਕਰਾਂ ਨੂੰ 'ਪੋਸ਼ਣ ਵੀ, ਪੜ੍ਹਾਈ ਵੀ' ਤੇ ਈ. ਸੀ. ਸੀ. ਤਹਿਤ ਵੱਖ-ਵੱਖ ਵਿਸ਼ਿਆਂ 'ਤੇ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ | ਹਰਜਿੰਦਰ ਕੌਰ ਸੀ. ਡੀ. ਪੀ. ਓ. ਮਾਨਸਾ ਨੇ ਦੱਸਿਆ ਕਿ ਇਸ ਸਿਖਲਾਈ 'ਚ ਅਮਰਜੀਤ ਸਿੰਘ, ਸੰਦੀਪ ਕੁਮਾਰ ਤੇ ਵੰਦਨਾ ਪ੍ਰਥਮ ਟੀਮ ਵਲੋਂ 6 ਸਾਲ ਤੱਕ ਦੇ ਬੱਚਿਆਂ ਦੇ ਸਰਬਪੱਖੀ ਵਿਕਾਸ ਬਾਰੇ ਤੇ ਆਂਗਣਵਾੜੀ ਕੇਂਦਰਾਂ ਵਿਚ ਆਉਂਦੇ ਬੱਚਿਆਂ ਦੀ ਸਾਂਭ ਸੰਭਾਲ, ਬੱਚਿਆਂ ਦੀ ਪੌਸ਼ਟਿਕ ਖ਼ੁਰਾਕ ਸੰਬੰਧੀ, ਬੱਚਿਆਂ ਨੂੰ ਸਿਹਤਮੰਦ ਰੱਖਣ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਸਮੇਂ ਸਿਰ ਟੀਕੇ ਆਦਿ ਵੱਖ-ਵੱਖ ਕਾਰਜਾਂ ਬਾਰੇ ਸਿਖਲਾਈ ਅਤੇ ਗਰਭਵਤੀ ਮਾਵਾਂ ਦੀ ਖ਼ੁਰਾਕ ਤੇ ਟੀਕਿਆਂ ਆਦਿ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ | ਇਸ ਮੌਕੇ ਜੋਤੀ ਦੇਵੀ, ਸਤਨਾਮ ਸਿੰਘ, ਜਗਤਾਰ ਸਿੰਘ, ਕੁਲਦੀਪ ਸਿੰਘ ਤੇ ਬਲਾਕ ਮਾਨਸਾ ਦੀਆਂ ਆਂਗਣਵਾੜੀ ਵਰਕਰਾਂ ਆਦਿ ਹਾਜ਼ਰ ਸਨ |
'ਪੋਸ਼ਣ ਵੀ, ਪੜ੍ਹਾਈ ਵੀ' ਮੁਹਿੰਮ ਤਹਿਤ ਆਂਗਣਵਾੜੀ ਵਰਕਰਾਂ ਨੂੰ ਦਿੱਤੀ ਤਿੰਨ ਰੋਜ਼ਾ ਸਿਖਲਾਈ
ਅਜੀਤ ਡੈਸਕ
23-01-2026