14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸਰਕਾਰ ਨੇ ਹਾਈਬਿ੍ਡ ਝੋਨੇ ਦੀ ਨਿਰਵਿਘਨ ਖਰੀਦ ਸ਼ੁਰੂ ਨਾ ਕੀਤੀ ਤਾਂ ਕਿਸਾਨ ਜਥੇਬੰਦੀਆਂ ਸੜਕਾਂ ਜਾਮ ਕਰਨਗੀਆਂ

ਸਾਦਿਕ, 13 ਅਕਤੂਬਰ (ਆਰ. ਐਸ.

ਅਜੀਤ ਡੈਸਕ 14-10-2026
ਸਾਦਿਕ, 13 ਅਕਤੂਬਰ (ਆਰ. ਐਸ. ਧੁੰਨਾ)- ਮੰਡੀਆਂ ਵਿਚ ਤੇਜ਼ੀ ਨਾਲ ਆ ਰਹੇ ਝੋਨੇ ਦੀ ਚੱਲ ਰਹੀ ਢਿੱਲੀ ਖਰੀਦ ਅਤੇ ਹਾਈਬਿ੍ਡ ਝੋਨੇ ਤੇ ਸ਼ੈਲਰਾਂ ਵਾਲਿਆਂ ਵਲੋਂ ਕੱਟ ਲਾਏ ਜਾਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਵਿਰੋਧ ਵਿਚ ਸਾਦਿਕ ਇਲਾਕੇ ਦੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ, ਵਰਕਰਾਂ ਨੇ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਆੜ੍ਹਤੀਆਂ ਨਾਲ ਇਕ ਮੀਟਿੰਗ ਕੀਤੀ। ਜਿਸ ਵਿਚ ਕਿਸਾਨਾਂ ਅਤੇ ਆੜ੍ਹਤੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਜਾਣਬੁੱਝ ਕੇ ਕਿਸਾਨਾਂ ਨੂੰ ਮੰਡੀਆਂ ਵਿਚ ਰੋਲ ਰਹੀ ਹੈ ਜਦੋਂ ਕਿ ਸਰਕਾਰ ਦੁਆਰਾ ਪ੍ਰਮਾਣਿਤ ਕੀਤੇ ਝੋਨੇ ਦੀ ਬਿਜਾਈ ਹੀ ਕਿਸਾਨਾਂ ਨੇ ਕੀਤੀ ਹੈ ਅਤੇ ਕਿਸਾਨਾਂ ਨੇ ਝੋਨੇ ਦਾ ਬੀਜ ਕੋਈ ਆਪ ਤਾਂ ਤਿਆਰ ਕੀਤਾ ਨਹੀਂ। ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਹਾਈਬਿ੍ਡ ਝੋਨੇ ਦੇ ਨਾਂਅ ’ਤੇ ਮੰਡੀਆਂ ਵਿਚ ਪੇ੍ਸ਼ਾਨ ਕੀਤਾ ਜਾ ਰਿਹਾ ਹੈ ਤੇ ਜਾਣਬੁੱਝ ਕੇ ਝੋਨੇ ਦੀ ਖਰੀਦ ਵਿਚ ਦੇਰੀ ਕੀਤੀ ਜਾ ਰਹੀ ਹੈ ਜਿਸ ਨਾਲ ਜਿੱਥੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਆੜ੍ਹਤੀਏ ਵੀ ਪ੍ਰੇਸ਼ਾਨ ਹੋ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਸਿਰਫ਼ ਫ਼ਰੀਦਕੋਟ ਏਰੀਏ ਦੇ ਸ਼ੈਲਰਾਂ ਵਾਲਿਆਂ ਵਲੋਂ ਕਿਸਾਨਾਂ ਦੇ ਝੋਨੇ ’ਤੇ ਹਾਈਬਿ੍ਡ ਦੇ ਨਾਂਅ ’ਤੇ ਕੱਟ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਸੰਯੁਕਤ ਕਿਸਾਨ ਮੋਰਚਾ ਸਿਰੇ ਨਹੀਂ ਚੜ੍ਹਨ ਦੇਵੇਗਾ ਜਦੋਂ ਕਿ ਹੋਰ ਕਿਸੇ ਜ਼ਿਲ੍ਹੇ ਵਿਚ ਸ਼ੈਲਰਾਂ ਵਾਲਿਆਂ ਵਲੋਂ ਕੋਈ ਕੱਟ ਨਹੀਂ ਲਗਾਇਆ ਜਾ ਰਿਹਾ ਅਤੇ ਜੇਕਰ ਕਿਸੇ ਸ਼ੈਲਰ ਵਾਲੇ ਨੇ ਕੱਟ ਲਗਾਇਆ ਜਾਂ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਪੁਰਜ਼ੋਰ ਵਿਰੋਧ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਮੰਡੀਆਂ ’ਚੋਂ ਜੋ ਝੋਨਾ ਖਰੀਦ ਕੀਤਾ ਗਿਆ ਹੈ ਦੀ ਚੁਕਾਈ ਨਾ ਹੋਣ ਕਾਰਨ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜੇਕਰ ਸਰਕਾਰ ਨੇ ਝੋਨੇ ਦੀ ਖਰੀਦ ਦਾ ਕੰਮ ਬਿਨ੍ਹਾਂ ਕੱਟ ਲਗਾਏ ਕੱਲ ਤੱਕ ਸ਼ੁਰੂ ਨਾ ਕੀਤਾ ਤਾਂ ਕਿਸਾਨ ਜਥੇਬੰਦੀਆਂ ਵਲੋਂ 14 ਅਕਤੂਬਰ ਨੂੰ ਦੁਪਹਿਰ 12 ਵਜੇ ਸਾਦਿਕ-ਫ਼ਰੀਦਕੋਟ ਸੜਕ ਜਾਮ ਕਰਕੇ ਸਾਦਿਕ ਵਿਖੇ ਧਰਨਾ ਲਗਾਇਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਸਾਦਿਕ ਦੇ ਆਗੂਆਂ ਨੇ ਕਿਸਾਨਾਂ ਦੀ ਹਮਾਇਤ ਕਰਦਿਆਂ ਕਿਹਾ ਕਿ ਜੋ ਝੋਨਾ ਉਨ੍ਹਾਂ ਬੋਰੀਆਂ ਵਿਚ ਭਰਿਆ ਹੈ ਦੀ ਚੁਕਾਈ ਨਾ ਹੋਣ ਕਾਰਨ ਉਸ ਦੀ ਘਟੌਤੀ ਵੀ ਆੜ੍ਹਤੀਆਂ ਨੂੰ ਪਵੇਗੀ ਜਿਸ ਨਾਲ ਆੜ੍ਹਤੀਆਂ ਦਾ ਵੀ ਨੁਕਸਾਨ ਹੋਵੇਗਾ ਕਿਉਂਕਿ ਸ਼ੈਲਰਾਂ ਵਾਲੇ ਮੰਡੀਆਂ ’ ਚੋਂ ਮਾਲ ਨਹੀਂ ਚੁੱਕ ਰਹੇ ਜਦੋਂ ਕਿ ਸਰਕਾਰੀ ਮਾਪਦੰਡਾਂ ਅਨੁਸਾਰ ਹੀ ਝੋਨਾ ਭਰਿਆ ਜਾ ਰਿਹਾ ਹੈ ਅਤੇ ਭਰੀਆਂ ਬੋਰੀਆਂ ਦੀ ਚੁਕਾਈ ਨਾ ਹੋਣ ਕਾਰਨ ਮੰਡੀ ’ਚ ਅੰਬਾਰ ਲੱਗਣੇ ਸ਼ੁਰੂ ਹੋ ਚੁੱਕੇ ਹਨ ਅਤੇ ਹੋਰ ਆ ਰਹੇ ਝੋਨੇ ਨੂੰ ਮੰਡੀ ਵਿਚ ਲਾਹੁਣ ਲਈ ਜਗ੍ਹਾ ਦੀ ਕਮੀ ਵੀ ਵੱਧਦੀ ਜਾ ਰਹੀ ਹੈ ਤੇ ਦੂਜੇ ਪਾਸੇ ਖਰਾਬ ਮੌਸਮ ਕਾਰਨ ਵੀ ਕਿਸਾਨਾਂ, ਆੜਤੀਆਂ ਨੂੰ ਮੰਡੀਆਂ ਵਿਚ ਖੁੱਲੇ ਅਸਮਾਨ ਥੱਲੇ ਪਈ ਝੋਨੇ ਦੀ ਫ਼ਸਲ ਦੇ ਨੁਕਸਾਨ ਹੋਣ ਦਾ ਵੀ ਖਤਰਾ ਮੰਡਰਾ ਰਿਹਾ ਹੈ।
ਪਿਛਲੀ ਖ਼ਬਰ ਦੇਸ਼ ਦੇ ਭਵਿੱਖਮੁਖੀ ਵਿਕਾਸ ਲਈ ਜਨਗਣਨਾ ਦਾ ਅਹਿਮ ਯੋਗਦਾਨ : ਜੈ ਅਮਨਦੀਪ ਗੋਇਲ ਅਗਲੀ ਖ਼ਬਰ ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਦੀ ਕੁਟਮਾਰ ਦੀ ਮਿਸ਼ਨ ਸਤਲੁਜ ਵਲੋਂ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।