ਮਲੋਟ, 1 ਅਪ੍ਰੈਲ (ਪਾਟਿਲ)-ਚੜ੍ਹਦੀ ਕਲਾ ਸਮਾਜ ਸੇਵੀ ਸੰਸਥਾ ਮਲੋਟ ਵਲੋਂ ਸਵ. ਗੁਰਸੇਵਕ ਸਿੰਘ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਸਾਹਿਬ ਪਿੰਡ ਪੱਕੀ ਟਿੱਬੀ ਵਿਖੇ ਵਿਸ਼ਾਲ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ | ਇਸ ਕੈਂਪ ਦੀ ਸ਼ੁਰੂਆਤ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ, ਐੱਨ.ਆਰ.ਆਈ. ਪ੍ਰਧਾਨ ਮਹਿੰਦਰ ਸਿੰਘ ਤੇ ਸਵਰਨ ਸਿੰਘ ਵਲੋਂ ਕੀਤੀ ਗਈ | ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਨਿਰਮਲ ਸਿੰਘ ਤੇ ਸੰਤੋਖ ਸਿੰਘ ਵੀ ਮੌਜੂਦ ਰਹੇ | ਇਸ ਮੌਕੇ ਡਾ. ਸੁਖਦੇਵ ਸਿੰਘ ਗਿੱਲ ਨੇ ਦੱਸਿਆ ਕਿ ਸਵ. ਗੁਰਸੇਵਕ ਸਿੰਘ ਨੌਜਵਾਨ ਦੀ ਅਚਾਨਕ ਮੌਤ ਨਾਲ ਪਰਿਵਾਰ ਦੇ ਨਾਲ-ਨਾਲ ਸਮੂਹ ਇਲਾਕੇ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅੰਤਿਮ ਅਰਦਾਸ ਕੀਤੀ ਗਈ ਤੇ ਉਨ੍ਹਾਂ ਦੀ ਮਿੱਠੀ ਯਾਦ 'ਚ ਇਹ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਕਰੀਬ 250 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ 55 ਮਰੀਜ਼ਾਂ ਨੂੰ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਲਈ ਚੁਣਿਆ ਗਿਆ | ਡਾ. ਗਿੱਲ ਨੇ ਦੱਸਿਆ ਕਿ ਸਾਰੇ ਮਰੀਜ਼ਾਂ ਦੇ ਮੁਫ਼ਤ ਆਪ੍ਰੇਸ਼ਨ ਕਰਕੇ ਲੈਂਜ਼ ਪਾਏ ਜਾਣਗੇ | ਮਰੀਜ਼ਾਂ ਦੀ ਜਾਂਚ ਡਾ. ਸੰਦੀਪ ਕੁਮਾਰ ਦੀ ਟੀਮ ਵਲੋਂ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਹ ਸਾਰੇ ਆਪ੍ਰੇਸ਼ਨ ਏਕਜੋਤ ਅੱਖਾਂ ਦਾ ਹਸਪਤਾਲ ਮਲੋਟ (ਸੂਰਜਾ ਰਾਮ ਮਾਰਕੀਟ) ਵਿਖੇ ਕੀਤੇ ਜਾਣਗੇ | ਇਸ ਮੌਕੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਸਾਹਿਬ ਪਿੰਡ ਪੱਕੀ ਟਿੱਬੀ ਦੇ ਮੁਖੀ ਬਾਬਾ ਪਰਮਪਾਲ ਸਿੰਘ ਖ਼ਾਲਸਾ ਵਲੋਂ ਸੰਗਤਾਂ ਲਈ ਚਾਹ-ਪਾਣੀ ਤੇ ਗੁਰੂ ਕਾ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਤੇ ਆਏ ਹੋਏ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਐੱਨ.ਆਰ.ਆਈ. ਮਹਿੰਦਰ ਸਿੰਘ ਵਲੋਂ ਸੰਸਥਾ ਨੂੰ ਮਾਈਕ ਸਹਾਇਤਾ ਵੀ ਦਿੱਤੀ ਗਈ | ਇਸ ਮੌਕੇ ਚੇਅਰਮੈਨ ਮਹਿਮਾ ਸਿੰਘ, ਜਨਰਲ ਸਕੱਤਰ ਹਰਭਜਨ ਸਿੰਘ, ਖ਼ਜ਼ਾਨਚੀ ਮਾਸਟਰ ਹਰਜਿੰਦਰ ਸਿੰਘ, ਜਸਵਿੰਦਰ ਸਿੰਘ ਵਾਲੀਆ, ਮੀਤ ਪ੍ਰਧਾਨ ਪਰਮਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਸਾਹੀਵਾਲ, ਸਲਾਹਕਾਰ ਰਾਮ ਸਿੰਘ, ਕਿਸਾਨ ਆਗੂ ਗੁਰਪ੍ਰੀਤ ਸਿੰਘ ਨੱਢਾ, ਪ੍ਰਧਾਨ ਹਰਜੀਤ ਸਿੰਘ ਆਦਿ ਹਾਜ਼ਰ ਸਨ |