ਸ੍ਰੀ ਮੁਕਤਸਰ ਸਾਹਿਬ, 19 ਫ਼ਰਵਰੀ (ਹਰਮਹਿੰਦਰ ਪਾਲ)-ਨਗਰ ਕੌਂਸਲ ਵਲੋਂ ਕਰੋੜਾਂ ਰੁਪਏ ਖ਼ਰਚ ਕਰ ਘਰਾਂ ਤੋਂ ਕੂੜਾ ਚੁੱਕਣ ਲਈ ਚਲਾਏ ਗਏ ਟਿੱਪਰ ਹੁਣ ਸ਼ਹਿਰ ਵਾਸੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ | ਦਾਅਵਾ ਕੀਤਾ ਗਿਆ ਸੀ ਕਿ ਕੂੜਾ ਸਿੱਧਾ ਸ਼ਹਿਰ ਤੋਂ ਬਾਹਰ ਬਣੇ ਮੁੱਖ ਡੰਪ 'ਤੇ ਲਿਜਾਇਆ ਜਾਵੇਗਾ, ਪਰ ਹਕੀਕਤ ਵਿਚ ਕਚਰਾ ਨਗਰ ਕੌਂਸਲ ਦੇ ਸਾਹਮਣੇ ਤੇ ਪੁਰਾਣੀ ਦਾਣਾ ਮੰਡੀ ਵਿਚ ਬਣੇ ਸੈਕੰਡਰੀ ਡੰਪ 'ਚ ਪਾਇਆ ਜਾ ਰਿਹਾ ਹੈ, ਜਿਸ ਨਾਲ ਆਸਪਾਸ ਗੰਦਗੀ ਤੇ ਬਦਬੂ ਫ਼ੈਲ ਰਹੀ ਹੈ | ਪਹਿਲਾਂ ਰੇਹੜਾ-ਰਿਕਸ਼ਾ ਰਾਹੀਂ ਕੂੜਾ ਚੁੱਕ ਕੇ ਸੈਕੰਡਰੀ ਡੰਪ ਵਿਚ ਪਾਇਆ ਜਾਂਦਾ ਸੀ, ਪਰ ਹੁਣ ਟਿੱਪਰ ਚਾਲਕ ਨਿਰਧਾਰਤ ਸਥਾਨ ਦੀ ਬਜਾਏ ਨੇੜਲੀ ਸਬਜ਼ੀ ਮੰਡੀ ਵਿਚ ਹੀ ਕੂੜਾ ਪਾ ਰਹੇ ਹਨ | ਇਸ ਨਾਲ ਮੱਛਰ ਤੇ ਮੱਖੀਆਂ ਸਬਜ਼ੀਆਂ 'ਤੇ ਬੈਠ ਰਹੀਆਂ ਹਨ ਅਤੇ ਲੋਕਾਂ ਵਿਚ ਬਿਮਾਰੀਆਂ ਦਾ ਖ਼ਤਰਾ ਵਧ ਰਿਹਾ ਹੈ | ਨਗਰ ਕੌਂਸਲ ਦੇ ਸਾਹਮਣੇ ਲੱਗੇ ਕੂੜੇ ਦੇ ਢੇਰ ਤੋਂ ਐਨੀ ਬਦਬੂ ਆਉਂਦੀ ਹੈ ਕਿ ਉੱਥੇ ਖੜ੍ਹਾ ਹੋਣਾ ਵੀ ਮੁਸ਼ਕਿਲ ਹੋ ਜਾਂਦਾ ਹੈ | ਸਬਜ਼ੀ ਖ਼ਰੀਦਣ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੁਰਾਣੀ ਦਾਣਾ ਮੰਡੀ ਵਿਚ ਬਣੇ ਕੂੜੇ ਦੇ ਡੰਪ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਲਗਪਗ ਠੱਪ ਹੋ ਗਿਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਕਰੋੜਾਂ ਰੁਪਏ ਦੀ ਸੰਪਤੀ ਹੁਣ ਲੱਖਾਂ ਵਿਚ ਸਿਮਟ ਕੇ ਰਹਿ ਗਈ ਹੈ | ਬਲਰਾਜ ਅਹੂਜਾ, ਅਸ਼ਵਨੀ, ਡੋਲੀ ਵਾਟਸ ਅਤੇ ਸੋਨੂ ਕਾਮਲੀ ਸਮੇਤ ਹੋਰ ਦੁਕਾਨਦਾਰਾਂ ਨੇ ਦੱਸਿਆ ਕਿ ਕਰੀਬ ਚਾਰ ਸਾਲ ਤੋਂ ਇਹ ਡੰਪ ਇੱਥੇ ਬਣਿਆ ਹੋਇਆ ਹੈ | ਕਈ ਵਾਰ ਪ੍ਰਸ਼ਾਸਨ ਤੋਂ ਇਸ ਨੂੰ ਹਟਾਉਣ ਦੀ ਮੰਗ ਕੀਤੀ ਗਈ, ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ | ਉਨ੍ਹਾਂ ਦਾ ਕਹਿਣਾ ਹੈ ਕਿ ਦਿਨ ਭਰ ਵਿਚ ਗ੍ਰਾਹਕ ਮੁਸ਼ਕਿਲ ਨਾਲ 1-2 ਹੀ ਆਉਂਦੇ ਹਨ, ਜਦਕਿ ਕੂੜਾ ਪਾਉਣ ਵਾਲੇ ਟਿੱਪਰ ਵਾਰ-ਵਾਰ ਇੱਥੇ ਪਹੁੰਚਦੇ ਹਨ | ਕੂੜੇ ਦੇ ਡੰਪ ਦੇ ਨੇੜੇ ਹੀ ਇਕ ਸੇਵਾ ਕੇਂਦਰ ਹੈ, ਜਿੱਥੇ ਰੋਜ਼ ਸੈਂਕੜਿਆਂ ਲੋਕ ਕੰਮ ਲਈ ਆਉਂਦੇ ਹਨ | ਬਦਬੂ ਤੇ ਗੰਦਗੀ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ | ਇਸ ਦੇ ਬਿਲਕੁਲ ਨੇੜੇ ਪ੍ਰਾਚੀਨ ਬਾਬਾ ਖੇਤਰਪਾਲ ਮੰਦਰ ਸਥਿਤ ਹੈ, ਜਿੱਥੇ ਰੋਜ਼ ਵੱਡੀ ਗਿਣਤੀ ਵਿਚ ਸ਼ਰਧਾਲੂ ਪਹੁੰਚਦੇ ਹਨ | ਮੰਦਰ ਨਾਲ ਲੱਗੇ ਕੂੜੇ ਦੇ ਢੇਰ ਕਾਰਨ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ | ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੈਕੰਡਰੀ ਡੰਪ ਨੂੰ ਤੁਰੰਤ ਇੱਥੋਂ ਹਟਾਇਆ ਜਾਵੇ ਅਤੇ ਘਰਾਂ ਤੋਂ ਚੁੱਕਿਆ ਗਿਆ ਕੂੜਾ ਸਿੱਧਾ ਸ਼ਹਿਰ ਤੋਂ ਬਾਹਰ ਬਣੇ ਮੁੱਖ ਡੰਪ 'ਤੇ ਲਿਜਾਇਆ ਜਾਵੇ, ਤਾਂ ਜੋ ਇਲਾਕੇ ਵਿਚ ਫ਼ੈਲੀ ਗੰਦਗੀ ਤੇ ਬਦਬੂ ਤੋਂ ਰਾਹਤ ਮਿਲ ਸਕੇ | ਜਦੋਂ ਇਸ ਸੰਬੰਧੀ ਨਗਰ ਕੌਂਸਲ ਦੇ ਈ.ਓ. ਵਰੁਣ ਸਹੋਤਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ | ਉੱਥੇ ਹੀ ਸੈਨੇਟਰੀ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਤੋਂ ਕੂੜਾ ਚੁੱਕਣ ਲਈ ਕਰੀਬ 20 ਟਿੱਪਰ ਕੰਮ ਕਰ ਰਹੇ ਹਨ | ਗਿੱਲਾ ਤੇ ਸੁੱਕਾ ਕੂੜਾ ਅਲੱਗ ਨਾ ਹੋਣ ਕਰਕੇ ਪ੍ਰੇਸ਼ਾਨੀ ਆ ਰਹੀ ਹੈ | ਕੂੜੇ ਨੂੰ ਪਹਿਲਾਂ ਇੱਥੇ ਇਕੱਠਾ ਕੀਤਾ ਜਾਂਦਾ ਹੈ, ਫ਼ਿਰ ਅਲੱਗ-ਅਲੱਗ ਕਰਕੇ ਟਰਾਲੀਆਂ ਵਿਚ ਭਰ ਕੇ ਮੁੱਖ ਡੰਪ 'ਤੇ ਭੇਜਿਆ ਜਾਂਦਾ ਹੈ |