29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਸੰਯੁਕਤ ਕਿਸਾਨ ਮੋਰਚੇ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਟਰੈਕਟਰ ਮਾਰਚ ਕੱਢਿਆ

ਅਜੀਤ ਡੈਸਕ 28-01-2026
ਸ੍ਰੀ ਮੁਕਤਸਰ ਸਾਹਿਬ, 27 ਜਨਵਰੀ (ਰਣਜੀਤ ਸਿੰਘ ਢਿੱਲੋਂ)-ਅੱਜ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਭਾਰਤ ਪੱਧਰ 'ਤੇ ਸੱਦੇ ਨੂੰ ਲਾਗੂ ਕਰਦਿਆਂ ਬਿਜਲੀ ਸੋਧ ਬਿੱਲ 2025, ਬੀਜ ਬਿੱਲ 2025, ਲੇਬਰ ਕੋਡ ਤੇ ਨਿੱਜੀਕਰਨ ਦੀਆਂ ਨੀਤੀਆਂ ਖ਼ਿਲਾਫ਼ ਸ੍ਰੀ ਮੁਕਤਸਰ ਸਾਹਿਬ ਹੈੱਡ ਕੁਆਰਟਰ 'ਤੇ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ, ਭਾਕਿਯੂ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਗੋਬਿੰਦ ਸਿੰਘ ਕੋਟਲੀ ਦੇਵਨ, ਭਾਕਿਸੂ ਡਕੌਂਦਾ (ਬਰਜ ਗਿੱਲ) ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਵੱਟੂ, ਭਾਕਿਯੂ (ਲੱਖੋਵਾਲ) ਦੇ ਜਿਲ੍ਹਾ ਸਕੱਤਰ ਗੁਰਮੀਤ ਸਿੰਘ ਲੰਬੀਢਾਬ, ਭਾਕਿਯੂ (ਉਗਰਾਹਾਂ) ਦੇ ਸੀਨੀਅਰ ਆਗੂ ਰਾਜਾ ਸਿੰਘ ਮਹਾਂਬੱਧਰ, ਪੰਜਾਬ ਕਿਸਾਨ ਯੂਨੀਅਨ ਦੇ ਬੁਲਾਰੇ ਜਰਨੈਲ ਸਿੰਘ ਰੋੜਾਂਵਾਲਾ, ਕੁੱਲ ਹਿੰਦ ਕਿਸਾਨ ਸਭਾ (ਪੁੰਨਾਂਵਾਲ) ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਧਰਮਪਾਲ ਸਿੰਘ ਝਬੇਲਵਾਲੀ ਨੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਪੱਖੀ ਫ਼ੈਸਲੇ ਲੈਂਦਿਆਂ ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ 2025 ਨੂੰ ਬਜਟ ਸੈਸ਼ਨ ਵਿਚ ਲਿਆਉਣ ਦੀ ਬਿਲਕੁਲ ਤਿਆਰੀ ਕਰ ਲਈ ਹੈ, ਜਿਸ ਵਿਚ ਕਰੌਸ ਸਬਸਿਡੀ ਬੰਦ ਕਰਕੇ ਖੇਤੀ ਵਾਲੀਆਂ ਮੋਟਰਾਂ 'ਤੇ ਬਿਜਲੀ ਬਿੱਲ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਕਾਨੂੰਨ ਬਣਨ ਨਾਲ ਨਾ ਸਿਰਫ਼ ਕਿਸਾਨੀ ਤਬਾਹ ਹੋਵੇਗੀ, ਬਲਕਿ ਹਰ ਵਰਗ 'ਤੇ ਮਾੜਾ ਅਸਰ ਪਵੇਗਾ | ਖੇਤੀ ਖੇਤਰ ਨੂੰ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ 'ਚ ਕਰਵਾਉਣ ਲਈ ਕਿਸਾਨੀ 'ਤੇ ਵੱਡਾ ਹਮਲਾ ਬੀਜ ਬਿੱਲ ਲਿਆ ਕੇ ਕੀਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਦੁਨੀਆਂ ਦੀਆਂ ਵੱਡੀਆਂ ਪੰਜ-ਸੱਤ ਕੰਪਨੀਆਂ ਨੇ ਬੀਜ ਤੇ ਦਵਾਈਆਂ ਦੇ ਖੇਤਰ ਤੇ 70 ਫ਼ੀਸਦੀ ਕਬਜ਼ਾ ਕੀਤਾ ਹੋਇਆ ਹੈ | ਬੀਜ ਬਿੱਲ ਜੇਕਰ ਕਾਨੂੰਨ ਬਣ ਜਾਂਦਾ ਹੈ ਤਾਂ ਕਿਸਾਨੀ ਨੂੰ ਬਚਾਉਣਾ ਮੁਸ਼ਕਿਲ ਹੈ | ਇਨ੍ਹਾਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵਲੋਂ ਕੀਤਾ ਗਿਆ ਵਿਸ਼ਾਲ ਟਰੈਕਟਰ ਮਾਰਚ ਚੱਕ ਬੀੜ ਸਰਕਾਰ ਤੋਂ ਸ਼ੁਰੂ ਹੋ ਕੇ ਡਾਕਟਰ ਕੇਹਰ ਸਿੰਘ ਚੌਂਕ ਤੋਂ ਅੰਦਰਲਾ ਕੋਟਕਪੂਰਾ ਚੌਂਕ ਤੋਂ ਹੁੰਦੇ ਹੋਏ ਤਰਨਤਾਰਨ ਗੁਰਦੁਆਰਾ ਸਾਹਿਬ ਕੋਲ ਦੀ ਆ ਕੇ ਡੀ.ਸੀ. ਦਫ਼ਤਰ ਦੇ ਮੂਹਰੇ ਨਾਅਰੇ ਮਾਰ ਕੇ ਟਰੈਕਟਰ ਮਾਰਚ ਦੀ ਸਮਾਪਤੀ ਕੀਤੀ | ਸਟੇਜ ਦੀ ਕਾਰਵਾਈ ਜਥੇਦਾਰ ਹਰਪ੍ਰੀਤ ਸਿੰਘ ਝਬੇਲਵਾਲੀ ਨੇ ਚਲਾਈ | ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਥਾਂਦੇਵਾਲਾ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਚਿਤਾਵਨੀ ਦਿੰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਸੈਸ਼ਨ ਵਿਚ ਇਨ੍ਹਾਂ ਲੋਕ ਮਾਰੂ ਬਿੱਲਾਂ ਨੂੰ ਲਿਆਂਦਾ ਗਿਆ, ਤਾਂ ਉਸ ਤੋਂ ਅਗਲੇ ਦਿਨ ਕਾਲਾ ਦਿਵਸ ਮਨਾਉਂਦੇ ਹੋਏ 3 ਘੰਟੇ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ | ਇਸ ਮੌਕੇ ਬਲਜੀਤ ਸਿੰਘ ਲੰਡੇਰੋਡੇ, ਹਰਪ੍ਰੀਤ ਸਿੰਘ ਗੋਨਿਆਣਾ, ਅਮਨਦੀਪ ਸਿੰਘ ਹਰੀਕੇ ਕਲਾਂ, ਗੁਰਚਰਨ ਸਿੰਘ ਗੰਧੜ, ਹਰਫੂਲ ਸਿੰਘ ਭਾਗਸਰ, ਦਰਸ਼ਨ ਸਿੰਘ ਵੜਿੰਗ ਅਦਿ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਡੀ.ਪੀ.ਓ. ਦਫ਼ਤਰ 'ਚ ਚੈਕਿੰਗ ਅਗਲੀ ਖ਼ਬਰ ਮਲੋਟ ਵਿਖੇ ਬੈਂਕ ਕਰਮਚਾਰੀਆਂ ਵਲੋਂ ਹੜਤਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।