ਗਿੱਦੜਬਾਹਾ, 21 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)- ਥਾਣਾ ਕੋਟਭਾਈ ਪੁਲਿਸ ਨੇ ਨਸ਼ਾ ਕਰ ਰਹੇ ਤਿੰਨ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਥਾਣਾ ਕੋਟਭਾਈ ਦੇ ਏ.ਐੱਸ.ਆਈ. ਸੁਖਵਿੰਦਰ ਸਿੰਘ ਜਦੋਂ ਪੁਲਿਸ ਪਾਰਟੀ ਸਮੇਤ ਦੌਰਾਨ ਗਸ਼ਤ ਦੌਰਾਨ ਪਿੰਡ ਭਲਾਈਆਣਾ ਦੇ ਕਰੀਬ ਸਨ, ਤਾਂ ਉੱਥੇ ਬਣੇ ਇਕ ਡੇਰੇ ਦੇ ਨਜ਼ਦੀਕ ਸਥਿਤ ਬੋਹੜ ਦੇ ਦਰੱਖ਼ਤ ਦੇ ਬਣੀ ਪੱਕੀ ਥੜ੍ਹੀ ਕੋਲ ਤਿੰਨ ਨੌਜਵਾਨ ਕਿਸੇ ਨਸ਼ੀਲੀ ਚੀਜ਼ ਦਾ ਸੇਵਨ ਕਰ ਰਹੇ ਸਨ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਮੌਕੇ ਤੋਂ ਜਾਣ ਲੱਗੇ | ਜਿਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ ਗਿਆ ਤਾਂ ਉਨ੍ਹਾਂ ਪਾਸੋਂ ਇਕ ਸਿਲਵਰ ਪੰਨੀ, ਇਕ ਅੱਗ ਜਲਾਉਣ ਵਾਲਾ ਲਾਇਟਰ ਅਤੇ 10-10 ਰੁਪਏ ਦੀ ਭਾਰਤੀ ਕਰੰਸੀ ਦੇ 2 ਨੋਟ ਬਰਾਮਦ ਹੋਏ | ਕਾਬੂ ਕੀਤੇ ਗਏ ਨੌਜਵਾਨਾਂ ਦੀ ਪਹਿਚਾਣ ਆਦੇਸ਼ ਕੁਮਾਰ ਉਰਫ਼ ਰਿੰਕੂ ਪੁੱਤਰ ਦੇਵੀ ਦਿਆਲ ਵਾਸੀ ਪਿੰਡ ਸਾਹਿਬ, ਮੰਗਾ ਸਿੰਘ ਪੁੱਤਰ ਬਲਤੇਜ ਸਿੰਘ ਵਾਸੀ ਪਿੰਡ ਕੋਟਲੀ ਅਬਲੂ ਅਤੇ ਸੋਨੀ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਕੋਟਭਾਈ ਵਜੋਂ ਹੋਈ ਹੈ | ਪੁਲਿਸ ਨੇ ਐੱਨ.ਡੀ.ਪੀ.ਐੱਸ. ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |