03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

03-10-2026

03-10-2026

ਅਜੀਤ ਡੈਸਕ 03-10-2026

ਰੰਗ-ਤਰੰਗ
ਲੇਖਕ : ਗੁਰਪ੍ਰਤਾਪ ਸਿੰਘ ਕਾਹਲੋਂ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 127 


ਸੰਪਰਕ : 90410-01502]

 

ਵਾਰਤਕ ਲੇਖਕ ਗੁਰਪ੍ਰਤਾਪ ਸਿੰਘ ਕਾਹਲੋਂ ਦੀ ਪਹਿਲੀ ਵਾਰਤਕ ਪੁਸਤਕ 'ਸੂਰਜ ਦੇ ਨਾਲ-ਨਾਲ' ਮਗਰੋਂ ਦੂਸਰੀ ਪੁਸਤਕ 'ਰੰਗ-ਤਰੰਗ' ਪਾਠਕਾਂ ਦੇ ਹੱਥਾਂ 'ਚ ਪੁੱਜੀ ਹੈ | ਇਸ ਵਿਚ 43 ਵਾਰਤਕ ਲੇਖ ਸ਼ਾਮਿਲ ਕੀਤੇ ਗਏ ਹਨ | ਨਿੱਕੇ-ਨਿੱਕੇ ਸਿਰਲੇਖਾਂ ਵਾਲੇ ਇਹ ਲੇਖ ਜਿਵੇਂ, ਹਾਸਾ, ਸੁਹੱਪਣ, ਸਵੇਰ, ਹੋਸਟਲ, ਲਫ਼ਜ਼, ਮੁਸ਼ਕਲਾਂ, ਕਲਾਕਾਰ, ਵਿਛੜਣਾ, ਜਾਦੂ, ਕਰਜ਼ਾ, ਉਦੇਸ਼, ਇਤਫ਼ਾਕ, ਸਿਪਾਹੀ, ਮਾਲਿਕ, ਕੋਸ਼ਿਸ਼, ਸ਼ੁਰੂਆਤ ਤੇਰਾ ਸ਼ਹਿਰ ਆਦਿ ਬਹੁ ਅਰਥ ਦੇ ਕੇ ਵਿਸਥਾਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ | ਇਕ ਸ਼ਬਦ ਦੇ ਦੁਆਲੇ ਵਿਚਾਰਧਾਰਕ ਦਾਇਰਾ ਸਿਰਜਣਾ ਅਤੇ ਉਸ ਵਿਚ ਜ਼ਿੰਦਗੀ ਦੇ ਰੰਗ ਭਰਨੇ ਲੇਖਕ ਨੂੰ  ਖੂਬ ਆਉਂਦੇ ਹਨ | ਲੇਖਕ ਨੇ ਕੁਦਰਤ ਦੇ ਪ੍ਰਤੀਕਾਂ ਅਤੇ ਉਪਮਾਵਾਂ ਰਾਹੀਂ ਵਾਰਤਕ ਨੂੰ  ਕਾਵਿਕ ਰਵਾਨੀ ਦੇਣ ਦਾ ਉਪਰਾਲਾ ਕੀਤਾ ਹੈ | ਇਸ ਨਾਲ ਰਚਨਾ ਰੌਚਕ ਤਾਂ ਹੁੰਦੀ ਹੀ ਹੈ ਸਗੋਂ ਉਸ ਵਿਚ ਇਕ ਵਿਚਾਰਧਾਰਕ ਲੈਆਤਮਿਕਤਾ ਵੀ ਪੈਦਾ ਹੁੰਦੀ ਹੈ | ਇਹੋ ਇਕ ਵਾਰਤਕਕਾਰ ਦੀ ਕਲਾਤਮਿਕਤਾ ਹੁੰਦੀ ਹੈ | ਸਧਾਰਨ ਜਿਹੇ ਸ਼ਬਦ ਤੋਂ ਵਾਕ, ਵਾਕਾਂ ਤੋਂ ਪੈਰਾ ਅਤੇ ਪੈਰਿਆਂ ਤੋਂ ਇਕ ਪੂਰਾ ਸੰਸਾਰ ਸਿਰਜਣਾ ਵਾਰਤਕਕਾਰ ਲਈ ਚੁਨੌਤੀ ਹੁੰਦਾ ਹੈ | ਲੇਖਕ ਇਸ ਚੁਨੌਤੀ ਨੂੰ  ਸਵਿਕਾਰਦਾ ਹੀ ਨਹੀਂ ਸਗੋਂ ਇਸ ਵਿਚ ਸਫ਼ਲ ਹੁੰਦਾ ਵੀ ਜਾਪਦਾ ਹੈ | ਇਸ ਸੰਗ੍ਰਹਿ ਦੇ ਵਧੇਰੇ ਲੇਖ ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਦੇ ਇਰਦ-ਗਿਰਦ ਘੁੰਮਦੇ ਹਨ | ਲੇਖਕ ਛੋਟੇ-ਛੋਟੇ ਵਾਕਾਂ ਦੀ ਵਰਤੋਂ ਕਰਦਾ ਹੈ | ਆਪਣੀ ਗੱਲ ਕਲਾਤਮਕ ਢੰਗ ਨਾਲ ਕਹਿਣ ਲਈ ਪ੍ਰਤੀਕਾਂ ਦੀ ਵਰਤੋਂ ਕਰਦਾ ਹੈ | ਪਰ ਇਨ੍ਹਾਂ ਪ੍ਰਤੀਕਾਂ ਦਾ ਜੰਗਲ ਏਨਾ ਵੀ ਸੰਘਣਾ ਨਹੀਂ ਹੋਣਾ ਚਾਹੀਦਾ ਕਿ ਉਸ ਅੰਦਰ ਵਿਚਾਰ ਦਾ ਹਿਰਨ ਗੁਆਚ ਹੀ ਨਾ ਜਾਵੇ | ਕੁਦਰਤ ਦੇ ਪ੍ਰਤੀਕਾਂ ਦੀ ਵਧੇਰੇ ਵਰਤੋਂ ਕਾਰਨ ਇਹ ਲੇਖ ਕੁਦਰਤ ਦੇ ਬਹੁਤ ਨੇੜੇ ਮਹਿਸੂਸ ਹੁੰਦੇ ਹਨ | ਇਨ੍ਹਾਂ ਵਿਚ ਜ਼ਿੰਦਗੀ ਦੀਆਂ ਹਕੀਕਤਾਂ, ਅਨੁਭਵ ਅਤੇ ਅਰਜਿਤ ਅਹਿਸਾਸ ਸਪੱਸ਼ਟ ਰੂਪ ਵਿਚ ਨਜ਼ਰ ਆਉਂਦੇ ਹਨ | ਕਿਧਰੇ-ਕਿਧਰੇ ਇਨ੍ਹਾਂ ਲੇਖਾਂ 'ਚ ਜੀਵਨ ਦਰਸ਼ਨ ਵੀ ਝਲਕਦਾ  ਹੈ | ਇਨ੍ਹਾਂ ਲੇਖਾਂ ਵਿਚਲੀਆਂ ਕੁਝ ਸਤਰਾਂ ਕੁਟੇਸ਼ਨ ਵਾਂਗ ਚੇਤੇ ਰੱਖਣ ਵਾਲੀਆਂ ਹਨ | ਮਿਸਾਲ ਦੇ ਤੌਰ 'ਤੇ-ਰੁੱਖ ਆਪਣੀਆਂ ਜੜ੍ਹਾਂ ਵੱਢਣ ਵਾਲਿਆਂ ਨੂੰ  ਵੀ ਛਾਂ ਕਰਦੇ ਹਨ ਜਾਂ ਫਿਰ ਮਾਲਿਕ ਦੀ ਰਜ਼ਾ ਵਿਚ ਰਹੀਏ ਤਾਂ ਪੱਥਰ ਵੀ ਇਬਾਦਤ ਕਰਦੇ ਜਾਪਦੇ ਨੇ | ਰਾਹਾਂ 'ਤੇ ਤੁਰਿਆਂ  ਉਸ ਦੇ ਕੰਢੇ ਵੱਸਦੇ ਪੰਛੀ–ਰੁੱਖ ਵਾਕਫ ਲਗਦੇ ਹਨ | ਤੇਜ਼ ਹਵਾਵਾਂ ਯਾਦਾਂ ਦੇ ਦੀਵੇ ਬੁਝਾ ਨਹੀਂ ਸਕਦੀਆਂ ਆਦਿ | ਇਨ੍ਹਾਂ ਲੇਖਾਂ ਨੂੰ  ਪੜ੍ਹਦਿਆਂ ਵਾਰਤਕਕਾਰ ਨਰਿੰਦਰ ਸਿੰਘ ਕਪੂਰ ਦੀ ਕਾਵਿਕ ਸ਼ੈਲੀ  ਚੇਤੇ ਆਉਂਦੀ ਹੈ | ਜੀਵਨ ਦੇ ਭਿੰਨ-ਭਿੰਨ ਰੰਗਾਂ ਅਤੇ ਰਮਜ਼ਾਂ ਨੂੰ  ਰੰਗ-ਤਰੰਗ ਵਿਚਲੇ ਲੇਖਾਂ ਨਾਲ ਸਮਝਿਆ ਜਾ ਸਕਦਾ ਹੈ | ਰੰਗ-ਤਰੰਗ ਪੁਸਤਕ ਦੇ ਲੇਖ  ਆਪਣੀ ਕਾਵਿਕ ਸ਼ੈਲੀ, ਵਿਚਾਰਾਂ ਦੀ ਵੰਨ-ਸੁਵੰਨਤਾ ਅਤੇ ਜ਼ਿੰਦਗੀ ਦੀ ਸੁਹਜਤਾ ਕਰਕੇ ਪਾਠਕਾਂ ਵਲੋਂ ਪਸੰਦ ਕੀਤੇ ਜਾਣਗੇ |

-ਡਾ.ਧਰਮਪਾਲ ਸਾਹਿਲ
ਮੋਬਾਈਲ : 98761-56964

ਟੋਟਲ ਥੀਏਟਰ
ਲੇਖਕ : ਕੇਵਲ ਧਾਲੀਵਾਲ
ਪ੍ਰਕਾਸ਼ਕ : ਮੰਚ ਰੰਗਮੰਚ ਅੰਮਿ੍ਤਸਰ
ਮੁੱਲ : 500 ਰੁਪਏ, ਸਫ਼ੇ : 332


ਸੰਪਰਕ : 98142-99422


ਕੇਵਲ ਧਾਲੀਵਾਲ ਦੀ ਇਹ ਪੁਸਤਕ ਪੜ੍ਹਦਿਆਂ ਵਿਸ਼ਵ ਰੰਗਮੰਚ ਦੇ ਦਰਸ਼ਨ ਹੁੰਦੇ ਹਨ | ਪੁਸਤਕ ਰਾਹੀਂ ਅਸੀਂ ਪੰਜਾਬੀ ਰੰਗਮੰਚ  ਦੀਆਂ ਪਗਡੰਡੀਆਂ ਵਿਚੋਂ ਲੰਘਦੇ-ਲੰਘਦੇ ਸੰਸਾਰੀ ਰੰਗਮੰਚ ਦੇ ਮੈਦਾਨਾਂ ਵਿਚ ਪਹੁੰਚਦੇ ਹਾਂ | ਵਿਸ਼ਵ ਦੇ ਨਕਸ਼ੇ 'ਤੇ ਉਭਰੇ ਰੰਗਮੰਚੀ ਮਹਾਂਰਥੀਆਂ ਦੇ ਰੂ-ਬਰੂ ਹੋਣ ਦਾ ਮੌਕਾ ਮਿਲਦਾ ਹੈ | ਨਾਟਕ ਪੜਨ ਤੋਂ ਲੈ ਕੇ ਨਾਟਕ ਘੜਨ ਤੱਕ ਦੀ ਤਕਨੀਕ ਪੱਲੇ ਪੈਂਦੀ ਹੈ | ਵਿਗਿਆਨ ਅਤੇ ਤਕਨੀਕ  ਰਾਹੀਂ  ਰੰਗਮੰਚ ਉਸਾਰਨ ਦੀ ਵਿਧੀ ਦੇ ਦੁਆਲੇ ਘੁੰਮਦੀ ਇਹ ਪੁਸਤਕ ਰੰਗਮੰਚ ਰੰਗਰੂਟਾਂ ਅਤੇ ਪਖਰੋਟਾਂ ਲਈ ਲਾਹੇਵੰਦ ਹੈ | ਕਿਹਾ ਜਾ ਸਕਦਾ ਹੈ ਕਿ  ਰੰਗਕਰਮੀ ਨਿਰਦੇਸ਼ਕਾਂ ਦੀ ਨਿਰਦੇਸ਼ਕ ਹੈ 'ਟੋਟਲ ਥੀਏਟਰ' | 
ਇਹ ਪੁਸਤਕ ਕੇਵਲ ਨੇ ਆਪਣੇ ਉਨ੍ਹਾਂ ਅਧਿਆਪਕਾਂ ਅਤੇ ਗੁਰੂਆਂ ਨੂੰ  ਸਮਰਪਿਤ ਕੀਤੀ ਹੈ ਜਿਨ੍ਹਾਂ ਕੋਲੋਂ ਉਸ ਨੇ ਮੰਚ ਦਾ ਵਿਦਿਆਰਥੀ ਹੁੰਦਿਆਂ ਰਿਵਾਇਤੀ ਜਾਂ ਗ਼ੈਰ-ਰਿਵਾਇਤੀ ਤੌਰ 'ਤੇ ਰੰਗਮੰਚ ਦੀਆਂ ਬਰੀਕੀਆਂ ਸਿੱਖੀਆਂ ਹਨ | ਕਿਤਾਬ ਸ਼ੁਰੂ ਕਰਦਿਆਂ ਕੇਵਲ ਲਿਖਦਾ ਹੈ ਕਿ ਇਸ ਪੁਸਤਕ ਦੀ ਪ੍ਰਕਾਸ਼ਨਾ ਨਾਲ ਰੰਗਮੰਚ ਦੇ ਵਿਦਿਆਰਥੀਆਂ ਅਤੇ ਕਲਾਕਾਰਾਂ  ਦੇ ਸਾਰੇ ਸਵਾਲਾਂ ਦੇ ਜਵਾਬ ਦੇਣ ਵਾਲੀ ਕੋਈ ਕਿਤਾਬ ਲਿਖਣ ਦੀ ਮੇਰੀ ਰੀਝ ਪੂਰੀ ਹੈ | ਇਸ ਦਾ ਮਤਲਵ ਇਹ ਹੈ ਕਿ ਬਤੌਰ ਅਦਾਕਾਰ, ਨਿਰਦੇਸ਼ਕ ਕੇਵਲ ਦੇ ਸਾਹਮਣੇ ਕੁਝ ਅਜਿਹੀਆਂ ਪ੍ਰਸਥਿਤੀਆਂ ਜ਼ਰੂਰ ਖੜ੍ਹੀਆਂ ਹੋਈਆਂ ਹੋਣ ਜੋ ਨਾਟ ਨਿਰਦੇਸ਼ਨ ਸੰਬੰਧੀ ਕੁਝ ਨੁਕਤਿਆਂ ਦੀ ਸਪਸ਼ਟਤਾ  ਮੰਗਦੀਆਂ ਹੋਣ | ਇਹ ਵੀ ਹੋ ਸਕਦਾ ਕਿ ਨਾਟਕ ਕਰਦਿਆਂ ਕੇਵਲ ਦੇ ਮਨ ਵਿਚ ਕੁਝ ਸਵਾਲ ਉੱਠੇ ਹੋਣ ਜਿਨ੍ਹਾਂ ਦਾ ਜਵਾਬ ਉਸ ਨੂੰ  ਕਿਸੇ ਕਿਤਾਬ ਵਿਚੋਂ ਨਾ ਮਿਲਿਆ ਹੋਵੇ ਅਤੇ ਹੁਣ ਉਸ ਦੇ ਅੰਦਰਲੇ ਖੋਜੀ ਨੇ ਇਹ ਕੰਮ ਕਰਵਾਇਆ ਹੋਵੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਅਜਿਹੇ ਸਵਾਲਾਂ ਦੇ ਜਵਾਬ ਇਸ ਕਿਤਾਬ ਵਿਚੋਂ ਲੈ ਸਕਣ | ਕੇਵਲ ਧਾਲੀਵਾਲ ਕਿਤਾਬ ਦੀ ਆਰੰਭਤਾ ਵਿਚ ਬਿਆਨਦਾ ਹੈ ਕਿ ਜੋ ਕੁਝ ਉਸ ਨੇ ਆਪਣੇ ਅਧਿਆਪਕਾਂ ਤੋਂ ਸਿੱਖਿਆ, ਉਸ ਨੂੰ  ਵੱਖ-ਵੱਖ ਮਜ਼ਬੂਨਾਂ ਵਿਚ ਪਰੋਸ ਰਿਹਾ ਹੈ ਪਰ ਗੱਲ ਤਾਂ ਪਰੋਸਣ ਵਾਲੀ ਕਲਾ ਦੀ ਹੈ ਜਿਸ ਪਿੱਛੇ ਉਸਦਾ ਪੰਜਾਹ ਸਾਲ ਦਾ ਤਜ਼ਰਬਾ ਬੋਲਦਾ ਹੈ | ਕਿਤਾਬ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਲੇਖਕ ਨੇ ਜੋ ਹੰਢਾਇਆ, ਜੋ ਮਹਿਸੂਸ ਕੀਤਾ, ਜੋ ਵਿਚਾਰਿਆ ਉਹੀ ਨਵੀਂ ਪੀੜ੍ਹੀ ਦੀ ਝੋਲੀ ਪਾ ਰਿਹਾ ਹੈ | ਪ੍ਰੋਫ਼ੈਸਰ ਡੀ. ਆਰ. ਅੰਕੁਰ ਇਸ ਪੁਸਤਕ ਨੂੰ  ਭਾਰਤੀ ਰੰਗਮੰਚ, ਪੱਛਮੀ ਰੰਗਮੰਚ, ਏਸ਼ਿਆਈ ਰੰਗਮੰਚ ਇਥੋਂ ਤੱਕ ਕਿ ਦੁਨੀਆ ਦੇ ਰੰਗਮੰਚ ਦੀ ਤਸਵੀਰ ਆਖਦੇ ਹਨ | ਰੰਗਮੰਚ ਦੀ ਆਰਤੀ ਤੋਂ ਸ਼ੁਰੂ ਹੁੰਦੀ ਇਹ ਪੁਸਤਕ ਪਾਠਕ ਨੂੰ  ਦੁਨੀਆ ਭਰ ਵਿਚ ਹੋਏ ਅਤੇ ਹੋ ਰਹੇ ਥੀਏਟਰ ਦੇ ਦਰਸ਼ਨ ਕਰਵਾਉਂਦੀ ਹੈ ਭਾਵੇਂ ਉਹ ਗਰੀਕ ਦਾ ਰੰਗਮੰਚ ਹੋਵੇ ਜਾਂ ਰੋਮਨ, ਮੱਧ ਕਾਲੀਨ, ਐਲਜ਼ਾਬੇਥਨ, ਵੈਗਨ, ਪੀਪਹੋਲ, ਅਰਸਤੂ, ਯੂਰਪੀਡੀਜ਼, ਸੋਫੋਕਲੀਜ਼, ਅਰਿਸਟੋਫੇਨੀਜ਼, ਭਾਰਤ ਮੁਨੀ, ਨਾਟਯ ਸ਼ਾਸਤਰ ਅਤੇ ਸੰਸਕਿ੍ਤ ਨਾਟਕ | ਪਹਿਲੇ ਚੈਪਟਰਾਂ ਵਿਚ ਇਹ ਇਤਿਹਾਸਕ ਜਾਣਕਾਰੀ ਸ਼ਾਮਿਲ ਹੈ | ਇਸੇ ਤਰ੍ਹਾਂ ਥੀਏਟਰ ਦੀਆਂ ਹੋਰ ਤਕਨੀਕਾਂ ਵਿਚੋਂ ਲੰਘਦਾ ਪਾਠਕ ਸਿੱਖਣ ਦੇ ਰਾਹ ਪੈਂਦਾ ਹੈ |
ਨਾਟਕ ਨੂੰ  ਥੀਮ ਅਨੁਸਾਰ ਕਿਸ ਰਫ਼ਤਾਰ ਅਤੇ ਸਹਿਜ ਵਿਚ ਰੱਖਣਾ ਹੈ | ਕਿਸ ਤਰ੍ਹਾਂ ਦੇ ਦਿ੍ਸ਼ ਕਿਸ ਤਰੀਕੇ ਨਾਲ ਤਿਆਰ ਕਰਨੇ ਹਨ | ਨਾਟਕ ਲਈ ਬਨਣ ਵਾਲੇ ਸੈੱਟ ਤੋਂ ਲੈਕੇ ਲਾਈਟਸ, ਰੂਪ ਸੱਜਾ, ਬਲਾਕਿੰਗ, ਵੇਸ-ਭੂਸ਼ਾ, ਐਕਟਿੰਗ ਇਥੋਂ ਤੱਕ ਕਿ ਰਿਹਰਸਲ ਵੇਲੇ ਕਿਨ੍ਹਾਂ ਗੱਲਾਂ ਦਾ ਖਿਆਲ ਰੱਖਣਾ ਹੈ, ਇਹ ਸਭ ਕੁਝ ਇਸ ਪੁਸਤਕ ਦੀ ਸਮੱਗਰੀ ਹੈ ਜਿਸਦੀ ਨਿੱਕੇ-ਨਿੱਕੇ ਚੈਪਟਰਾਂ ਰਾਹੀਂ ਜਾਣਕਾਰੀ ਦਿੱਤੀ ਗਈ ਹੈ | ਰੰਗਸ਼ਾਲਾ ਦੇ ਉੱਨੀਂ ਰੰਗਾਂ ਦੇ ਨਾਲ-ਨਾਲ ਭਰਤ ਮੁਨੀ ਦੇ ਨਾਟ ਸ਼ਾਸਤਰ ਅਨੁਸਾਰ ਅਭਿਨੈ ਦੀਆਂ ਚਾਰੋ ਵੰਨਗੀਆਂ ਜਿਵੇਂ ਕਿ ਆਂਗਿਕ, ਵਾਚਕ, ਆਹਾਰਯ ਅਤੇ ਸਾਤਵਿਕ ਅਭਿਨੈ ਦਾ ਵਰਨਣ ਹੈ  | ਨਾਟਕ ਅਤੇ ਰੰਗਮੰਚ ਸਾਹਿਤ ਦੀ ਉਹ ਵਿਧਾ ਹੈ ਜਿਸ ਵਿਚ ਤਕਨੀਕਾਂ ਦਾ ਬਹੁਤ ਬੋਲਬੋਲਾ ਹੈ ਕਿਉਂਕਿ ਨਾਟਕ ਨੂੰ  ਰੰਗਮੰਚ ਵੱਲ ਲੈ ਕੇ ਜਾਣ ਵਾਲੀਆਂ ਤਕਨੀਕਾਂ ਦੀ ਇਸ ਖੇਤਰ ਵਿਚ ਖਾਸ ਅਹਿਮੀਅਤ ਹੈ | ਸ਼ੇਕਸਪੀਅਰ ਤੋਂ ਲੈ ਕੇ ਵਿਸ਼ਵ ਦੇ ਰੰਗਮੰਚੀ ਸ਼ਾਹ ਅਸਵਾਰਾਂ ਦੀ ਜੀਵਨ ਝਾਤ ਉਭਰਦੇ ਰੰਗਕਰਮੀਆਂ ਲਈ ਮਾਰਗਦਰਸ਼ਨ ਹੈ | ਰੰਗਮੰਚ ਦਾ ਸੰਪੂਰਨ ਦਸਤਾਵੇਜ਼ ਹੋਣ ਦੇ ਨਾਲ-ਨਾਲ ਸਟੇਜ ਦੀਆਂ ਤਕਨੀਕਾਂ ਨਾਲ ਭਰਪੂਰ ਇਹ ਪੁਸਤਕ ਇਕ ਖੋਜ, ਸਾਧਨਾ ਅਤੇ ਡੂੰਘੇ ਅਧਿਐਨ ਦਾ ਨਤੀਜਾ ਹੈ | ਰੰਗਕਰਮੀ ਦੋਸਤੋ, ਇਸ ਪੁਸਤਕ  ਨੂੰ  ਪੜੋ੍ਹ, ਮਹਿਸੂਸ ਕਰੋਗੇ ਕਿ ਸਾਰੇ ਦਾ ਸਾਰਾ ਰੰਗਮੰਚ ਇਸ ਪੁਸਤਕ ਵਿਚ ਸਮੋਇਆ ਹੈ |

-ਨਿਰਮਲ ਜੌੜਾ
ਮੋਬਾਈਲ : 98140-78799

ਦੇਸ ਪ੍ਰਦੇਸ
ਲੇਖਕ : ਜਨਕ ਸਿੰਘ
ਪ੍ਰਕਾਸ਼ਕ : ਚੇਤਨਾ ਪਬਲੀਕੇਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ :63

  
ਸੰਪਰਕ : 98789-74218

 


'ਦੇਸ ਪ੍ਰਦੇਸ' ਕੰਢੀ ਬੀਤ ਇਲਾਕੇ ਦੀਆਂ ਖ਼ੂਬਸੂਰਤ ਯਾਦਾਂ ਨਾਲ ਸੰਬੰਧਿਤ ਵਾਰਤਕ ਪੁਸਤਕ ਹੈ ਜਿਸ ਦਾ ਅਗਲਾ ਸਿਰਾ ਕੈਨੇਡਾ ਤੱਕ ਫੈਲਿਆ ਹੋਇਆ ਹੈ | ਲੇਖਕ 'ਤੇ ਮਾਰਕਸਵਾਦੀ ਵਿਚਾਰਧਾਰਾ ਦਾ ਪ੍ਰਭਾਵ ਰਿਹਾ ਹੈ | ਇਸ ਦੀ ਸ਼ੁਰੂਆਤ ਵੀ ਰੋਚਕ ਰਹੀ ਹੈ | ਲੇਖਕ ਆਪਣੇ ਪਿੰਡ ਕਾਲੇਵਾਲ ਬੀਤ ਵਿਖੇ ਇਕ ਦਰੱਖ਼ਤ ਹੇਠ ਖੇਡ ਰਿਹਾ ਸੀ, ਚੋਣਾਂ ਦੇ ਦਿਨ ਸਨ, ਇਕ ਸਪੀਕਰ ਲੱਗੀ ਕਾਰ ਉਸ ਕੋਲ ਆ ਕੇ ਰੁਕੀ, ਸਪੀਕਰ 'ਚੋਂ 'ਦਰਸ਼ਨ ਸਿੰਘ ਕੈਨੇਡੀਅਨ ਜ਼ਿੰਦਾਬਾਦ' ਦੀਆਂ ਆਵਾਜ਼ਾਂ ਆ ਰਹੀਆਂ ਸਨ | ਕਾਰ ਡਰਾਈਵਰ ਨੇ ਪਾਣੀ ਮੰਗਿਆ ਤੇ ਪੀ ਕੇ ਧੰਨਵਾਦ ਕੀਤਾ, ਬੱਚਿਆਂ ਦੇ ਪੁੱਛਣ 'ਤੇ ਉਸ ਨੇ ਦੱਸਿਆ ਕਿ ਉਹ ਦਰਸ਼ਨ ਸਿੰਘ ਕੈਨੇਡੀਅਨ ਹੀ ਹੈ | ਇੰਝ ਲੇਖਕ ਇਸ ਵਿਚਾਰਧਾਰਾ ਦਾ ਮੁਰੀਦ ਬਣ ਗਿਆ ਤੇ ਅੱਗੇ ਜਾ ਕੇ ਉਸ ਨੇ ਸੰਘਰਸ਼ਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ | ਪੁਸਤਕ ਦੇ ਛੇ ਭਾਗ ਹਨ, ਇਨ੍ਹਾਂ 'ਚੋਂ ਇਕ ਹੈ 'ਮੁਰੱਬੇਬੰਦੀ ਦਾ ਸਮਾਂ', ਨਵੀਂ ਪੀੜ੍ਹੀ 'ਚੋਂ ਜਿਸ ਨੂੰ  ਮੁਰੱਬੇਬੰਦੀ ਦਾ ਨਹੀਂ ਪਤਾ ਉਸ ਨੂੰ  ਇਹ ਭਾਗ ਪੜ੍ਹਨਾ ਚਾਹੀਦਾ ਹੈ | ਤੀਸਰੇ ਭਾਗ ਵਿਚ ਲੇਖਕ ਨੇ ਆਪਣੇ ਪਿੰਡ ਕਾਲੇਵਾਲ ਬੀਤ ਦੀ ਭੂਗੋਲਿਕ ਸਥਿਤੀ ਦਾ ਵਰਨਣ ਕੀਤਾ ਹੈ | ਇਸ ਭਾਗ ਵਿਚ ਲੇਖਕ ਦੱਸਦਾ ਹੈ ਕਿ ਉਸ ਇਲਾਕੇ ਵਿਚ ਕਿਹੜੀਆਂ ਫ਼ਸਲਾਂ ਹੁੰਦੀਆਂ ਸਨ ਤੇ ਓਥੋਂ ਦੀ ਆਬੋ ਹਵਾ ਸਿਹਤ ਲਈ ਕਿੰਨੀ ਮੁਫ਼ੀਦ ਸੀ | ਇਸ ਤੋਂ ਬਾਅਦ ਇਸ ਇਲਾਕੇ ਨਾਲ ਸਰਕਾਰਾਂ ਦੀ ਮਿਹਰਬਾਨੀ ਨਾਲ ਕਿਹੜੀਆਂ ਅਣਹੋਣੀਆਂ ਹੋਈਆਂ, ਇਸ ਦੀ ਵੀ ਚਰਚਾ ਮਿਲਦੀ ਹੈ | ਲੇਖਕ ਮਾਈਨਿੰਗ ਨੂੰ  ਸਭ ਤੋਂ ਵੱਧ ਦੋਸ਼ੀ ਮੰਨਦਾ ਹੈ ਜਿਸ ਨਾਲ ਇਸ ਇਲਾਕੇ ਦਾ ਨਿਘਾਰ ਸ਼ੁਰੂ ਹੋਇਆ | ਸਰਕਾਰੀ ਸ਼ਹਿ 'ਤੇ ਰੁੱਖਾਂ ਦਾ ਉਜਾੜਾ ਵੀ ਵੱਡਾ ਦੁਖਾਂਤ ਰਿਹਾ ਹੈ | ਪੁਸਤਕ ਦੇ ਇਕ ਭਾਗ ਵਿਚ ਉਹ ਆਪਣੇ ਇਲਾਕੇ ਦੇ ਪੇਂਡੂ ਕਿਰਦਾਰਾਂ ਨੂੰ  ਵੀ ਯਾਦ ਕਰਦਾ ਹੈ | ਸੰਘਰਸ਼ਾਂ ਨਾਲ ਜੁੜੇ ਹੋਣ ਕਾਰਨ ਲੇਖਕ ਨੇ ਲੋਕ ਹਿਤਾਂ ਲਈ ਆਪਣਾ ਯੋਗਦਾਨ ਵੀ ਪਾਇਆ ਤੇ ਕਿਸਾਨ ਅੰਦੋਲਨ ਵਿਚ ਉਸ ਨੇ ਜੇਲ੍ਹ ਵੀ ਕੱਟੀ | ਕੈਨੇਡਾ ਵਿਖੇ ਵਸ ਜਾਣ ਕਾਰਨ ਅੰਤਿਮ ਭਾਗ ਉਸ ਨੇ ਭਾਰਤ ਤੇ ਕੈਨੇਡਾ ਦੇ ਜੀਵਨ ਵਿਚ ਅੰਤਰ ਝਾਤ ਵੀ ਪੁਆਈ ਹੈ | ਇਸ ਕਿਤਾਬ ਦੇ ਆਖ਼ਰੀ ਸੋਲਾਂ ਸਫ਼ੇ ਰੰਗਦਾਰ ਯਾਦਗਾਰੀ ਤਸਵੀਰਾਂ ਨਾਲ ਸਜੇ ਹਨ |  

-ਗੁਰਦਿਆਲ ਰੌਸ਼ਨ 
ਮੋਬਾਈਲ : 99884-44002

ਤੇਜਿੰਦਰ ਚੰਡਿਹੋਕ ਦੀ ਸਿਰਜਣਾ 'ਤੇ ਪ੍ਰਤੀਕਰਮ
ਸੰਪਾਦਿਕਾ : ਡਾ. ਅਨੂ ਸ਼ਰਮਾ ਕੌਲ 
ਪ੍ਰਕਾਸ਼ਕ : ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 275  ਰੁਪਏ, ਸਫ਼ੇ : 190


ਸੰਪਰਕ : 94632-68824


'ਤੇਜਿੰਦਰ ਚੰਡਿਹੋਕ ਦੀ ਸਿਰਜਣਾ 'ਤੇ ਪ੍ਰਤੀਕਰਮ' ਡਾ. ਅਨੂ ਸ਼ਰਮਾ ਕੌਲ ਵਲੋਂ ਸੰਪਾਦਿਤ ਆਲੋਚਨਾ ਦੀ ਪੁਸਤਕ ਹੈ, ਜਿਸ ਵਿਚ ਤੇਜਿੰਦਰ ਚੰਡਿਹੋਕ ਦੀਆਂ 2016 ਤੋਂ 2024 ਈ. ਤੱਕ ਛਪੀਆਂ ਸਾਹਿਤਕ ਰਚਨਾਵਾਂ (ਕਵਿਤਾਵਾਂ, ਗ਼ਜ਼ਲਾਂ, ਮਿੰਨੀ ਕਹਾਣੀਆਂ, ਅਨੁਵਾਦਿਤ ਪੁਸਤਕਾਂ) ਸੰਬੰਧੀ ਵੱਖ-ਵੱਖ ਵਿਦਵਾਨਾਂ, ਬੁੱਧੀਜੀਵੀਆਂ, ਆਲੋਚਕਾਂ ਅਤੇ ਲੇਖਕਾਂ ਵਲੋਂ ਪ੍ਰਗਟਾਏ ਗਏ ਵਿਚਾਰਾਂ ਅਤੇ ਟਿੱਪਣੀਆਂ ਨੂੰ  ਆਧਾਰ ਬਣਾਇਆ ਗਿਆ ਹੈ | ਆਲੋਚਨਾ ਦੀ ਇਸ ਪੁਸਤਕ ਦੇ ਪਾਠ ਅਧਿਐਨ ਵਿਚੋਂ ਗੁਜ਼ਰਦਿਆਂ ਇਹ ਗੱਲ ਭਲੀਭਾਂਤ ਉਜਾਗਰ ਹੁੰਦੀ ਹੈ ਕਿ ਤੇਜਿੰਦਰ ਚੰਡਿਹੋਕ ਅਦਬ, ਸਤਿਕਾਰ, ਤਹਿਜ਼ੀਬ ਨੂੰ  ਪ੍ਰਣਾਏ ਮਨੁੱਖਤਾਵਾਦੀ ਸੋਚ ਦੇ ਧਾਰਨੀ ਇਕ ਸੰਵੇਦਨਸ਼ੀਲ ਇਨਸਾਨ ਹਨ | ਜਿੱਥੇ ਉਨ੍ਹਾਂ ਨੇ ਇਕ ਉੱਚ ਪੁਲਿਸ ਅਧਿਕਾਰੀ ਦੇ ਤੌਰ 'ਤੇ ਆਪਣੇ ਫ਼ਰਜ਼ਾਂ ਨੂੰ  ਬਾਖ਼ੂਬੀ ਨਿਭਾਇਆ ਹੈ, ਉੱਥੇ ਨਾਲ ਦੀ ਨਾਲ ਆਪਣੀਆਂ ਭਾਵਨਾਵਾਂ, ਵਲਵਲਿਆਂ, ਮਾਨਵੀ ਰਿਸ਼ਤਿਆਂ ਦੀਆਂ ਗੂੜ੍ਹੀਆਂ ਤੰਦਾਂ, ਗੁੱਝੀਆਂ ਰਮਜ਼ਾਂ, ਮਨੁੱਖੀ ਕਦਰਾਂ-ਕੀਮਤਾਂ, ਸਾਦਗੀ, ਸਹਿਜਤਾ, ਸਰਲਤਾ, ਸੁਹੱਪਣ, ਆਮ ਆਦਮੀ ਦੀਆਂ ਹੋਣੀਆਂ, ਤੰਗੀਆਂ, ਤੁਰਸ਼ੀਆਂ, ਬੇਵਸੀਆਂ, ਲਾਚਾਰੀਆਂ ਆਦਿ ਨੂੰ  ਆਪਣੀਆਂ ਨਜ਼ਮਾਂ, ਗ਼ਜ਼ਲਾਂ, ਗੀਤਾਂ, ਮਿੰਨੀ ਕਹਾਣੀਆਂ ਵਿਚ ਬੜੇ ਖ਼ੂਬਸੂਰਤ ਅਤੇ ਕਲਾਤਮਕ ਢੰਗ ਨਾਲ ਚਿਤਰਿਆ ਹੈ | ਅਜੋਕੇ ਪਦਾਰਥਵਾਦੀ ਯੁੱਗ ਵਿਚ ਜਿੱਥੇ ਧਨ-ਦੌਲਤ ਹੀ ਸਭ ਕੁਝ ਹੋ ਗਿਆ ਹੈ, ਉੱਥੇ ਪੁਰਾਣੇ ਵੇਲਿਆਂ ਦੇ ਉੱਚੇ ਅਤੇ ਸੱਚੇ-ਸੁੱਚੇ ਆਚਰਣ ਹੁਣ ਕਿਧਰੇ ਵੀ ਨਹੀਂ ਲੱਭਦੇ-
'ਬਿਨਾਂ ਦੌਲਤ ਦੇ ਅੱਜ ਕੋਈ ਦਿਲਦਾਰ ਨਹੀਂ,
ਪਹਿਲਾਂ ਵਰਗਾ ਲੋਕਾਂ ਦਾ ਕਿਰਦਾਰ ਨਹੀਂ |
ਰੱਤ ਬਾਲ ਕੇ ਜਿਸ ਨੇ ਚਾਨਣ ਕੀਤਾ ਹੈ,
ਮਿਹਨਤਕਸ਼ ਹੈ, ਉਹ ਕੋਈ ਸਰਦਾਰ ਨਹੀਂ |'
ਇਹ ਪੁਸਤਕ ਪੜ੍ਹ ਕੇ ਤੇਜਿੰਦਰ ਚੰਡਿਹੋਕ ਦੀ ਵਿਚਾਰਧਾਰਾ ਦਾ ਇਕ ਖ਼ੂਬਸੂਰਤ ਪੱਖ ਇਹ ਵੀ ਉਜਾਗਰ ਹੋ ਜਾਂਦਾ ਹੈ ਕਿ ਹਰੇਕ ਇਨਸਾਨ ਨੂੰ  ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਸਖ਼ਤ ਮਿਹਨਤ ਕਰਕੇ, ਦਿ੍ੜ੍ਹ ਸੰਕਲਪ ਹੋ ਕੇ ਅਤੇ ਲਗਾਤਾਰ ਜੱਦੋ-ਜਹਿਦ ਕਰਨ ਦੀ ਲੋੜ ਹੁੰਦੀ ਹੈ | ਤਦ ਇਕ ਨਾ ਇਕ ਦਿਨ ਸਫ਼ਲਤਾ ਜ਼ਰੂਰ ਹਾਸਿਲ ਹੁੰਦੀ ਹੈ | ਤੇਜਿੰਦਰ ਚੰਡਿਹੋਕ ਗੱਲ ਭਾਵੇਂ ਸੋਹਣੀ ਦੀ ਕਰਦਾ ਹੈ, ਪਰੰਤੂ ਉਸ ਦੇ ਨਾਲ ਹੀ ਇਨਸਾਨੀ ਮਾਨਸਿਕਤਾ ਦਾ ਪ੍ਰਗਟਾਵਾ ਵੀ ਕਰਦਾ ਹੈ | ਰਾਜਸੀ ਲੋਕਾਂ ਦੀਆਂ ਕੋਝੀਆਂ ਚਾਲਾਂ ਦਾ ਜ਼ਿਕਰ ਉਹ ਆਪਣੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਵਿਚ ਬੜੀ ਬੇਬਾਕੀ ਨਾਲ ਕਰਦਾ ਹੈ | ਰਾਜਸੀ ਲੀਡਰ ਕੇਵਲ ਵੋਟਾਂ ਲੁੱਟਣ ਲਈ ਹੀ ਝੂਠੇ ਵਾਅਦੇ ਕਰਦੇ ਹਨ, ਪਰੰਤੂ ਉਨ੍ਹਾਂ ਦੇ ਵਾਅਦੇ ਕਦੇ ਵੀ ਪੂਰੇ ਨਹੀਂ ਹੁੰਦੇ-
'ਬੇਗ਼ੈਰਤ ਲੋਕਾਂ ਦਾ ਮੈਂ ਕੀ ਆਖਾਂ, 
ਲੋਕਾਂ ਦੇ ਮਸਲੇ ਕਦ ਸੁਲਝਾਵਣਗੇ |
ਨੇਤਾ ਜਿੱਤ ਕੇ ਕੁਰਸੀ ਤੇ ਜਾ ਬੈਠੇ, 
ਜਨਤਾ ਦੇ ਉਹ ਕੰਮ ਕਦੋਂ ਆਵਣਗੇ |'
ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਤੇਜਿੰਦਰ ਚੰਡਿਹੋਕ ਦੀ ਸਾਹਿਤਕ ਘਾਲਣਾ ਅਤੇ ਵਿਚਾਰਧਾਰਾ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਇਹ ਬੜੀ ਮਹੱਤਵਪੂਰਨ ਕਿ੍ਤ ਹੈ | 

-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020

ਪਿਛਲੀ ਖ਼ਬਰ ਇੰਟਰਨੈਸ਼ਨਲ ਮਿਲੇਨੀਅਮ ਸਕੂਲ ’ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਅਗਲੀ ਖ਼ਬਰ ਪੈਦਾਵਾਰ ਮੁਨਾਫ਼ੇ ਦੀ ਥਾਂ, ਪੈਦਾਵਾਰ ਲੋੜ ਲਈ ਦਾ ਨਾਅਰਾ ਹੋਣਾ ਚਾਹੀਦਾ ਹੈ | ¸ਗੈਰੀ ਲੀਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।