27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

27-09-2026

27-09-2026

ਅਜੀਤ ਡੈਸਕ 27-09-2026

ਹਾਂ ਕਹੀਏ ਜਾਂ ਨਾਂਹ ਕਹੀਏ
ਲੇਖਕ : ਡਾ. ਨਰਿੰਦਰ ਸਿੰਘ ਕਪੂਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 151
ਸੰਪਰਕ : kapoorns@gmail.com

 

ਪੰਜਾਬੀ ਨਿਬੰਧਕਾਰੀ ਖੇਤਰ ਵਿਚ ਡਾ. ਨਰਿੰਦਰ ਸਿੰਘ ਕਪੂਰ ਉੱਚ ਦੁਮਾੜੀ ਸ਼ਖ਼ਸੀਅਤ ਹੈ, ਜਿਸ ਨੇ ਆਪਣੀ ਕਲਾ ਨੂੰ  ਨਿਰੰਤਰ ਸਾਧਨਾ ਨਾਲ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ | ਉਨ੍ਹਾਂ ਦੀ ਹਰ ਨਵੀਂ ਪੁਸਤਕ ਪਾਠਕਾਂ ਵਲੋਂ ਉਡੀਕੀ ਜਾਂਦੀ ਹੈ | ਨਿਬੰਧ ਕਲਾ ਸਾਹਿਤ ਦੀ ਅਜਿਹੀ ਵਿਧਾ ਹੈ, ਜਿਸ ਵਿਚ ਲੇਖਕ ਦੀ ਪ੍ਰਤਿਭਾ, ਦਿ੍ਸ਼ਟੀ, ਗਿਆਨ ਅਤੇ ਲਿਖਣ-ਸ਼ੈਲੀ  ਦਾ ਉਜਾਲਾ ਹੁੰਦਾ ਹੈ | ਜਿਵੇਂ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੂੰ  ਸ਼ਬਦ-ਭਾਸ਼ਾ ਦਾ ਸਿਰਜਕ, ਬਲਵੰਤ ਗਾਰਗੀ ਨੂੰ  ਮੌਲਿਕ-ਸ਼ੈਲੀ ਦਾ ਜਾਦੂਗਰ ਤੇ ਅਜੀਤ ਕੌਰ ਨੂੰ  ਤਿੱਖੀ ਤੇ ਸੰਜਮੀ-ਸ਼ੈਲਕਾਰ ਮੰਨਿਆ ਜਾਂਦਾ ਹੈ, ਉਵੇਂ ਡਾ. ਨਰਿੰਦਰ ਸਿੰਘ ਕਪੂਰ ਨੂੰ  ਵਾਕ-ਬਣਤਰ ਦਾ ਕਥਨਕਾਰ ਕਹਿਣਾ ਅਤਿ-ਕਥਨੀ ਨਹੀਂ ਹੋਵੇਗਾ | ਆਮ ਤੌਰ 'ਤੇ ਗਲਪਕਾਰ ਪੈਰਿ੍ਹਆਂ 'ਚ ਗੱਲ ਸਮੇਟਦੇ ਹਨ, ਪ੍ਰੰਤੂ ਡਾ. ਕਪੂਰ ਵਾਕਾਂ ਨੂੰ  ਅਖੌਤਾਂ-ਮੁਹਾਵਰਿਆਂ ਵਰਗਾ ਜਾਮਾ ਪਹਿਨਾ ਦਿੰਦੇ ਹਨ | ਹਥਲੀ ਪੁਸਤਕ ਦਾ ਨਾਂਅ ਹੀ ਵਚਿੱਤਰ ਕਰਨ ਵਾਲਾ ਹੈ, ਜੋ ਹਰ ਕਿਸੇ ਦੇ ਜੀਵਨ ਵਰਤਾਰੇ ਨਾਲ ਸੰਬੰਧਿਤ ਹੈ | ਲੇਖਕ ਦਾ ਕਹਿਣਾ :'ਇਹ ਲੇਖ ਸੰਗ੍ਰਹਿ ਵਿਦਿਆਰਥੀਆਂ ਵਿਚ ਸੋਚਣ ਅਤੇ ਪੜ੍ਹਨ ਦੀ ਰੁਚੀ ਵਿਕਸਿਤ ਕਰਨ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ |' ਡਾ. ਕਪੂਰ ਨੇ ਮੁਢਲੇ ਜੀਵਨ ਵਿਚ ਸਖ਼ਤ ਮਿਹਨਤ ਕਰਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਅਧਿਆਪਨ ਦੇ ਕਾਰਜ ਕਰਦਿਆਂ ਸ਼ੋਭਾ ਤੇ ਸਤਿਕਾਰ ਖੱਟਿਆ | ਉਹ ਸੰਸਾਰ-ਭਰ ਦੇ ਸਾਹਿਤ ਦਾ ਗਿਆਤਾ ਹੈ ਅਤੇ ਸਮਕਾਲ ਦੀਆਂ ਪ੍ਰਸਥਿਤੀਆਂ ਬਾਰੇ ਬੁੱਧ-ਬਿਵੇਕ ਵਾਲੀ ਪਾਰਖੂ ਨਜ਼ਰ ਰੱਖਦਾ ਹੈ | ਇਸ ਪੁਸਤਕ ਵਿਚ ਵੰਨ-ਸਵੰਨੇ ਵਿਸ਼ਿਆਂ ਨਾਲ ਸੰਬੰਧਿਤ 17 ਲੇਖ ਹਨ | ਇਹ ਸਾਰੇ ਲੇਖ ਅੱਜ ਦੇ ਮਨੁੱਖ ਦੀ ਅਕਾਂਖਿਆ 'ਤੇ ਕੇਂਦਰਿਤ ਹਨ ਅਤੇ ਆਸਾਵਾਦੀ ਸੋਚ ਨੂੰ  ਉਭਾਰਦੇ ਹਨ | ਮਿਸਾਲ ਵਜੋਂ ਲੇਖ 'ਆਲੂ ਵਿਚਾਰਾ' ਏਨੀ ਜਾਣਕਾਰੀ ਭਰਪੂਰ ਹੈ ਕਿ ਆਲੂ ਦੀ ਹੋਂਦ ਸਾਡੇ ਜੀਵਨ ਦੀ ਬਾ-ਕਮਾਲ ਤਰਜਮਾਨੀ ਹੈ | 'ਅਕਲ, ਗਿਆਨ ਅਤੇ ਸਿਆਣਪ' ਡਾ. ਕਪੂਰ ਦੇ ਗਿਆਨ ਦਾ ਦਰਪਣ ਹੈ | 'ਪ੍ਰੀਖਿਆਵਾਂ' ਪੈਰ-ਪੈਰ 'ਤੇ ਜੋਸ਼ ਭਰਨ ਦੀ ਪ੍ਰਯੋਗਸ਼ਾਲਾ ਹੈ | ਜ਼ਿੰਦਗੀ ਦੀ ਜਿੱਤ-ਹਾਰ ਸਮਝਣ ਲਈ 'ਸਫ਼ਲਤਾ-ਅਸਫ਼ਲਤਾ ਦੀ ਲੁਕਣਮੀਚੀ' ਪੜ੍ਹਨ ਵਾਲੀ ਹੈ | ਬਾਕੀ ਸਾਰੇ ਲੇਖ ਇਕ ਤੋਂ ਇਕ ਨਵੀਆਂ ਲੱਭਤਾਂ ਵਾਲੇ ਹਨ | ਲੇਖ ਦੀ ਰੌਚਿਕਤਾ ਲਈ ਨਿੱਜੀ ਤਜਰਬੇ ਅਤੇ ਆਲੇ-ਦੁਆਲੇ ਦੀਆਂ ਘਟਨਾਵਾਂ ਦਾ ਵਰਣਨ ਰਿਸ਼ੀ ਦੇ ਪ੍ਰਵਚਨਾਂ ਵਰਗਾ | ਅਜਿਹਾ ਲੇਖ-ਸੰਗ੍ਰਹਿ ਪੰਜਾਬੀ ਵਾਰਤਕ ਨੂੰ  ਅਮੀਰ ਕਰਨ ਵਾਲਾ ਕਥਨਾਂ ਦਾ ਭੰਡਾਰ ਹੈ |

-ਮਨਮੋਹਨ ਸਿੰਘ ਦਾਊਾ
ਮੋਬਾਈਲ : 98151-23900

ਸਾਧੂ ਆਨੰਦਘਨ ਦੀ ਗੁਰਬਾਣੀ ਵਿਆਖਿਆ
(ਜਪੁਜੀ ਦੇ ਟੀਕੇ ਦੇ ਅਧਾਰ 'ਤੇ)
ਲੇਖਿਕਾ : ਗੁਰਵਿੰਦਰ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 135
ਸੰਪਰਕ : 97794-60432


ਪੁਸਤਕ ਦੀ ਸੁਹਿਰਦ ਲੇਖਿਕਾ ਨੇ ਸਾਧੂ ਆਨੰਦਘਨ ਦੇ ਜਪੁਜੀ ਸਾਹਿਬ ਦੇ ਟੀਕੇ ਦਾ ਵਿਗਿਆਨਕ ਅਧਿਐਨ ਗਹਿਰ-ਗੰਭੀਰ ਸੋਚ ਅਤੇ ਅਧਿਆਤਮਿਕਤਾ ਦੇ ਨਜ਼ਰੀਏ ਤੋਂ ਕੀਤਾ ਹੈ | ਅਸਲ ਵਿਚ ਗੁਰਬਾਣੀ ਵਿਆਖਿਆ ਦਾ ਆਰੰਭ ਗੁਰੂ ਸਾਹਿਬਾਨ ਦੇ ਕਾਲ ਤੋਂ ਹੀ ਹੋ ਜਾਂਦਾ ਹੈ | ਇਸ ਤੋਂ ਹੋਰ ਅੱਗੇ ਜਾ ਕੇ ਵੱਖਰੀਆਂ-ਵੱਖਰੀਆਂ ਪ੍ਰਣਾਲੀਆਂ ਪਾਠਕਾਂ ਦੇ ਸਨਮੁੱਖ ਆਉਂਦੀਆਂ ਹਨ, ਜਿਨ੍ਹਾਂ ਵਿਚ ਗੁਰਮਤਿ ਨੂੰ  ਦਾਰਸ਼ਨਿਕ ਨਜ਼ਰੀਏ ਤੋਂ ਪੇਸ਼ ਕਰਨ ਦੇ ਯਤਨ ਹੁੰਦੇ ਹਨ | ਸਾਧੂ ਆਨੰਦਘਨ ਗੁਰਮਤਿ ਵਿਆਖਿਆ ਦਾ ਪਹਿਲਾ ਟੀਕਾਕਾਰ ਹੈ, ਜਿਸ ਨੇ ਗੁਰਬਾਣੀ ਦੀ ਵਿਆਖਿਆ ਭਾਰਤੀ ਪਰੰਪਰਾਵਾਂ ਮੁਤਾਬਿਕ ਕੀਤੀ ਹੈ | ਉਸ ਦੀ ਸਾਰੀ ਵਿਆਖਿਆ ਮਿੱਥਾਂ ਅਤੇ ਪੁਰਾਣਾਂ ਦੇ ਹਵਾਲੇ ਨਾਲ ਹੀ ਹੋਈ ਮਿਲਦੀ ਹੈ | ਪੰਜਾਬੀ ਟੀਕਾ ਸਾਹਿਤ ਵਿਚ ਗੰਭੀਰ ਦਾਰਸ਼ਨਿਕ ਅਤੇ ਧਾਰਮਿਕ ਗ੍ਰੰਥਾਂ ਦੇ ਕੀਤੇ ਟੀਕਿਆਂ ਵਿਚ ਸਭ ਤੋਂ ਵੱਧ ਗੁਰਬਾਣੀ ਦੇ ਟੀਕੇ ਮਿਲਦੇ ਹਨ | ਪਹਿਲਾ ਪੁਰਾਤਨ ਟੀਕਾ ਸੋਢੀ ਮਿਹਰਬਾਨ ਨੇ ਕੀਤਾ, ਪਿੱਛੋਂ ਵੱਖ-ਵੱਖ ਸੰਪ੍ਰਦਾਈ ਵਿਦਵਾਨਾਂ ਵਿਚ ਉਦਾਸੀ, ਨਿਰਮਲੇ, ਸੰਪ੍ਰਦਾਈ ਅਤੇ ਸਿੰਘ ਸਭਾਈ ਵਿਦਵਾਨ ਸ਼ਾਮਿਲ ਹਨ | ਸਾਧੂ ਆਨੰਦਘਨ ਉਦਾਸੀ ਸੰਪ੍ਰਦਾ ਦੇ ਪ੍ਰਸਿੱਧ ਟੀਕਾਕਾਰ ਹਨ | ਇਨ੍ਹਾਂ ਉੱਪਰ ਵੇਦਾਂਤ ਮਤ ਦਾ ਪ੍ਰਭਾਵ ਹੈ | ਆਪ ਸਿਰਜਣਾਤਮਿਕ ਲੇਖਕ ਸਨ, ਹਰ ਗੱਲ ਪ੍ਰਮਾਣ ਦੇ ਕੇ ਕਰਦੇ ਸਨ | ਲੇਖਿਕਾ ਨੇ ਪੁਸਤਕ ਨੂੰ  ਤਿੰਨ ਅਧਿਆਇ ਵਿਚ ਵੰਡਿਆ ਹੈ | ਪਹਿਲੇ ਅਧਿਆਏ ਵਿਚ 'ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ, ਸਰਵੇਖਣ ਅਤੇ ਇਤਿਹਾਸਕ ਵਿਕਾਸ ਹੈ | ਇਸ ਅਧਿਆਏ ਵਿਚ ਵਿਆਖਿਆਕਾਰੀ ਦਾ ਜ਼ਿਕਰ ਕਰਦਿਆਂ ਲੇਖਿਕਾ ਵਲੋਂ ਗੂੜ੍ਹ ਸ਼ੈਲੀ ਵਿਚ ਰਚੀਆਂ ਰਚਨਾਵਾਂ ਦੇ ਅਰਥ ਸਪੱਸ਼ਟ ਕਰਨ ਲਈ ਭਾਰਤੀ ਸਾਹਿਤ ਵਿਚ ਪ੍ਰਚਲਿਤ ਵੱਖ-ਵੱਖ ਵਿਧੀਆਂ ਬਾਰੇ ਚਰਚਾ ਕੀਤੀ ਗਈ ਹੈ | ਇਸ ਤੋਂ ਇਲਾਵਾ ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ ਸੰਬੰਧੀ ਇਸ ਨੂੰ  ਵਿਸਥਾਰ ਨਾਲ ਸਪੱਸ਼ਟ ਕਰਨ ਦਾ ਯਤਨ ਕੀਤਾ ਹੈ | ਦੂਜੇ ਅਧਿਆਏ ਵਿਚ 'ਸਾਧੂ ਆਨੰਦਘਨ ਦੇ ਵੱਖਰੇ-ਵੱਖਰੇ ਟੀਕਿਆਂ ਦਾ ਸੰਖੇਪ ਸਾਰ' ਸਿਰਲੇਖ ਅਧੀਨ ਮੁਢਲੀ ਜਾਣਕਾਰੀ ਦਿੱਤੀ ਗਈ ਹੈ | ਇਸ ਤੋਂ ਇਲਾਵਾ ਇਸੇ ਅਧਿਆਏ ਵਿਚ ਵੱਖ-ਵੱਖ ਬਾਣੀਆਂ ਦੇ ਟੀਕੇ ਆਰਤੀ, ਸਿੱਧ ਗੋਸ਼ਟੀ ਅਨੰਦ ਸਾਹਿਬ, ਆਸਾ ਦੀ ਵਾਰ ਸੰਬੰਧੀ ਨੂੰ  ਵਿਚਾਰਗੋਚਰੇ ਕੀਤਾ ਹੈ | ਪੁਸਤਕ ਦੇ ਤੀਜੇ ਅਧਿਆਏ 'ਸਾਧੂ ਅਨੰਦਘਨ ਦੇ ਜਪੁ ਜੀ ਦੇ ਟੀਕੇ ਦੀ ਵਿਆਖਿਆ' ਸਿਰਲੇਖ ਆਧੀਨ ਇਸ ਨੂੰ  ਅੱਗੇ ਚਾਰ ਭਾਗਾਂ ਵਿਚ ਵੰਡਿਆ ਗਿਆ ਹੈ | ਪਹਿਲੇ ਹਿੱਸੇ ਵਿਚ 'ਦਾਰਸ਼ਨਿਕ ਸੰਕਲਪਾਂ ਦੀ ਵਿਆਖਿਆ, ਤੀਜੇ ਹਿੱਸੇ ਵਿਚ 'ਸਾਧੂ ਆਨੰਦਘਨ ਦੀ ਟੀਕਾ-ਭਾਸ਼ਾ, ਚੌਥੇ ਹਿੱਸੇ ਵਿਚ 'ਜਪੁਜੀ ਦੇ ਮੌਲਿਕ ਪਛਾਣ ਚਿੰਨ੍ਹ' ਵਿਚ ਵੰਡਿਆ ਗਿਆ ਹੈ | ਲੇਖਿਕਾ ਵਲੋਂ ਪੁਰਾਤਨ ਲਿਖਤਾਂ ਨੂੰ  ਆਧੁਨਿਕ ਗਿਆਨ ਸ਼ਾਸਤਰ ਦੀ ਰੌਸ਼ਨੀ ਵਿਚ ਪੜ੍ਹਨ ਦਾ ਇਹ ਯਤਨ ਬਹੁਤ ਮਹੱਤਵ ਰੱਖਦਾ ਹੈ | ਹਰ ਅਧਿਆਏ ਦੇ ਅੰਤ ਵਿਚ 'ਹਵਾਲਾ ਪੁਸਤਕਾਂ' ਦੀ ਸੂਚੀ ਦੇ ਕੇ ਲੇਖਿਕਾ ਨੇ ਆਪਣੇ ਵਿਚਾਰਾਂ ਦੀ ਪੁਸ਼ਟੀ ਕੀਤੀ ਹੈ | ਗੁਰਮਤਿ ਸਾਹਿਤ ਵਿਚ ਇਸ ਸ਼ਲਾਘਾਯੋਗ ਯਤਨ ਲਈ ਲੇਖਿਕਾ ਦੀ ਪ੍ਰਸੰਸਾ ਕਰਨੀ ਬਣਦੀ ਹੈ | ਟੀਕਾਕਾਰੀ ਸੰਬੰਧੀ ਕਾਰਜਸ਼ੀਲ ਵਿਦਵਾਨਾਂ ਲਈ ਇਹ ਪੁਸਤਕ ਪ੍ਰੇਰਨਾਸਰੋਤ ਵੀ ਬਣੇਗੀ | ਇਸ ਤੋਂ ਬਿਨਾਂ ਇਹ ਸੂਖਮਭਾਵੀ ਕਾਰਜ ਨਿਕਟ ਭਵਿੱਖ ਦੇ ਵਿਦਵਾਨਾਂ ਲਈ ਰਾਹ-ਦਸੇਰਾ ਵਜੋਂ ਅਗਵਾਈ ਕਰੇਗਾ |
c c c

ਖ਼ਾਲਸਾ ਰਾਜ ਦੇ ਉਸਰਈਏ
ਲੇਖਕ : ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 238
ਸੰਪਰਕ : 0172-5027427


ਪੁਸਤਕ ਦੇ ਲੇਖਕ ਦੇ ਹਿਰਦੇ ਵਿਚ ਪੰਜਾਬ ਲਈ ਅਤੇ ਪੰਜਾਬ ਦੇ ਸੱਭਿਆਚਾਰ ਲਈ ਅਥਾਹ ਪੀੜਾ ਹੈ | ਪੰਜਾਬੀ ਸਾਹਿਤ ਦੇ ਮੁੱਢਲੇ ਲੇਖਕਾਂ ਵਿਚੋਂ ਲੇਖਕ ਅਜਿਹਾ ਲੇਖਕ ਹੈ, ਜਿਸ ਨੇ ਜੀਵਨੀ ਤੇ ਇਤਿਹਾਸ ਨੂੰ  ਪਾਠਕਾਂ ਦੇ ਸਨਮੁੱਖ ਪੇਸ਼ ਕਰਨ ਵਿਚ ਪਹਿਲ ਕੀਤੀ ਹੈ | ਹਥਲੀ ਪੁਸਤਕ ਵਿਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਜਵਾਨੀ ਵਿਚ ਪੈਰ ਧਰਿਆ ਤਾਂ ਉਨ੍ਹਾਂ ਵੇਖਿਆ ਦੇਸ਼ ਵਾਸੀਆਂ ਦੇ ਅੰਦਰ ਇਕ ਤੜਪ ਹੈ ਕਿ ਜਰਵਾਣੇ ਇਸ ਦੇਸ਼ ਨੂੰ  ਹੁਣ ਤੱਕ ਪੈਰਾਂ ਹੇਠ ਲਤਾੜ ਦੇ ਰਹੇ ਹਨ | ਮਹਾਰਾਜਾ ਰਣਜੀਤ ਸਿੰਘ ਨੇ ਇਸ ਅਨਿਆ ਨੂੰ  ਵੇਖ ਕੇ ਪ੍ਰਤਿਗਿਆ ਕੀਤੀ ਜਦੋਂ ਤੱਕ ਉਹ ਆਪਣੇ ਪਿਆਰੀ ਭੂਮੀ ਨੂੰ  ਗੈਰਾਂ ਦੇ ਜ਼ੁਲਮੀ ਪੰਜੇ ਤੋਂ ਹਮੇਸ਼ਾ ਲਈ ਛੁਡਾ ਨਹੀਂ ਲੈਂਦਾ, ਉਹ ਸੁੱਖ ਦੀ ਨੀਂਦ ਨਹੀਂ ਸੌਂਵੇਗਾ | ਪੁਸਤਕ ਦੇ ਵੱਖਰੇ-ਵੱਖਰੇ ਅਧਿਆਏ ਇਸ ਵਿਚਾਰ ਨੂੰ  ਪੇਸ਼ ਕਰਦੇ ਹਨ, ਜਦੋਂ ਸ਼ੇਰ-ਏ-ਪੰਜਾਬ ਨੇ ਖ਼ਾਲਸਾ ਰਾਜ ਦੀ ਨੀਂਹ ਰੱਖੀ, ਉਸ ਸਮੇਂ ਖਾਲਸਾ ਰਾਜ ਦੇ ਚੌਗਿਰਦੇ, ਉਸ ਤੋਂ ਵੀ ਕਈ ਗੁਣਾ ਵਧ ਤਾਕਤਵਰ ਹਕੂਮਤਾਂ ਸਨ, ਜਿਹੜੀਆਂ ਖ਼ਾਲਸਾ ਰਾਜ ਦੇ ਨਵੇਂ ਉੱਗੇ ਪੌਦੇ ਨੂੰ  ਜੜ੍ਹੋਂ ਖ਼ਤਮ ਕਰਨ ਲਈ ਤਿਆਰ ਬੈਠੀਆਂ ਸਨ | ਅਜਿਹੇ ਨਾਜ਼ਕ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਜਿਸ ਬਹਾਦਰੀ ਅਤੇ ਸਿਆਣਪ ਨਾਲ ਸਾਰੀਆਂ ਤਾਕਤਾਂ ਤੋਂ ਬਚਾ ਕੇ ਸਰਕਾਰੇ-ਖ਼ਾਲਸਾ ਏਨਾ ਬਲਵਾਨ ਕਰ ਦਿੱਤਾ ਕਿ ਸੰਸਾਰ ਦੀਆਂ ਵੱਡੀਆਂ-ਵੱਡੀਆਂ ਸ਼ਕਤੀਸ਼ਾਲੀ ਹਕੂਮਤਾਂ ਵੀ ਇਸ ਤੋਂ ਭੈਅ-ਖਾਂਦੀਆਂ ਸਨ | ਇਸੇ ਕਰਕੇ ਉਨ੍ਹਾਂ ਖ਼ਾਲਸਾ ਰਾਜ ਸਮੇਂ ਮਿੱਤਰਤਾ ਵਾਲੇ ਸੰਬੰਧ ਹੀ ਬਣਾਈ ਰੱਖੇ |
ਪੁਸਤਕ ਦੇ ਪਹਿਲੇ ਭਾਗ ਨੂੰ  ਸ਼ੇਰ-ਏ-ਪੰਜਾਬ, ਰਾਣੀ ਸਦਾ ਕੌਰ, ਸਰਦਾਰ ਫ਼ਤਹਿ ਸਿੰਘ ਆਹਲੂਵਾਲੀਆ, ਦੀਵਾਨ ਮੋਹਕਮ ਚੰਦ, ਸਰਦਾਰ ਬੁੱਧ ਸਿੰਘ ਸੰਧਾਵਾਲੀਆ, ਮਜੀਠੀਏ ਸਰਦਾਰ, ਅਟਾਰੀ ਵਾਲੇ ਸਰਦਾਰ, ਸਰਦਾਰ ਹਰੀ ਸਿੰਘ ਨਲੂਆ, ਅਕਾਲੀ ਬਾਬਾ ਫੂਲਾ ਸਿੰਘ ਦੇ ਮੁੱਖ ਸਿਰਲੇਖਾਂ ਵਿਚ ਵੰਡਿਆ ਹੈ, ਇਨ੍ਹਾਂ ਸਿਰਲੇਖਾਂ ਨੂੰ  ਇਸ ਤੋਂ ਅੱਗੇ ਉਪ-ਸਿਰਲੇਖਾਂ ਵਿਚ ਵੰਡ ਕੇ ਵਿਚਾਰਾਂ ਦੀ ਲੜੀ ਨੂੰ  ਬਾਖ਼ੂਬੀ ਅੱਗੇ ਵੰਡਿਆ ਹੈ | ਪੁਸਤਕ ਦੇ ਦੂਜੇ ਭਾਗ ਵਿਚ ਸਰਦਾਰ ਫ਼ਤਹਿ ਸਿੰਘ ਮਾਨ, ਸ. ਜੈ ਸਿੰਘ ਮਾਨ, ਸਰਦਾਰ ਫ਼ਤਹਿ ਸਿੰਘ ਕਲਿਆਂਵਾਲਾ, ਜਰਨੈਲ ਧੰਨਾ ਸਿੰਘ ਮਲਵਈ, ਬਾਬਾ ਸਾਹਿਬ ਸਿੰਘ ਬੇਦੀ, ਸਰਦਾਰ ਨਿਧਾਨ ਸਿੰਘ ਜੀ, ਪੰਜ-ਹੱਥਾਂ, ਸ. ਜੋਧ ਸਿੰਘ ਰਾਮਗੜ੍ਹੀਆ, ਸ. ਜੱਸਾ ਸਿੰਘ, ਸਰਦਾਰ ਮੰਗਲ ਸਿੰਘ ਰਾਮਗੜ੍ਹੀਆ, ਸ. ਹੁਕਮ ਸਿੰਘ ਚਿਮਨੀ, ਸ. ਜੋਧ ਸਿੰਘ ਰਸੂਲਪੁਰੀਆ, ਸ. ਸ਼ਮੀਰ ਸਿੰਘ ਲੱਖਦਾਤਾ, ਸ. ਜਵਾਲਾ ਸਿੰਘ ਆਦਿ ਸਿਰਲੇਖਾਂ ਵਿਚ ਵੰਡਿਆ ਹੈ | ਇਸ ਤੋਂ ਇਲਾਵਾ ਇਨ੍ਹਾਂ ਸਿਰਲੇਖਾਂ ਨੂੰ  ਉਪ-ਸਿਰਲੇਖਾਂ ਵਿਚ ਵੰਡ ਕੇ ਸੰਪੂਰਨਤਾ ਦਿੱਤੀ ਗਈ ਹੈ | ਪੁਸਤਕ ਦੇ ਆਰੰਭ ਵਿਚ ਉਸ ਸਮੇਂ ਦੇ ਵਿਦਵਾਨ ਪ੍ਰੋਫ਼ੈਸਰ ਮੋਹਨ ਸਿੰਘ, ਪਿ੍ੰਸੀਪਲ ਜੋਧ ਸਿੰਘ ਵਲੋਂ ਦੋ-ਸ਼ਬਦ ਅਤੇ ਸ੍ਰੀਮਾਨ ਡਾ. ਬਲਬੀਰ ਸਿੰਘ ਵਲੋਂ ਮੁੱਖ-ਬੰਦ ਅਤੇ ਲੇਖਕ ਵਲੋਂ 'ਵਚਨਾਰੰਭ' ਨੇ ਖ਼ਾਲਸਾ ਰਾਜ ਦੇ ਉਸਰਈਏ ਸਰਦਾਰਾਂ ਪ੍ਰਤੀ ਸਤਿਕਾਰ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਸਾਥੀਆਂ ਹਸਤੀਆਂ ਦੇ ਜੀਵਨ ਤੇ ਕਾਰਨਾਮੇ ਭਵਿੱਖ ਦੀਆਂ ਨਸਲਾਂ ਲਈ ਰਾਹ-ਦਸੇਰਾ ਦਾ ਕਾਰਜ ਕਰਨਗੇ | ਲੇਖਕ ਮੁਤਾਬਿਕ ਪੁਸਤਕ ਵਿਚ ਸ਼ਾਮਿਲ ਸਾਰੇ 'ਖ਼ਾਲਸਾ ਰਾਜ ਦੇ ਉਸਰਈਏ' ਇਸ ਗੱਲ ਲਈ ਇਕ ਮਤ ਸਨ | 'ਅਸੀਂ ਮਰ ਜਾਈਏ, ਪਰ ਖ਼ਾਲਸਾ ਰਾਜ ਜਿਊਾਦਾ ਰਹੇ |' ਅੱਜ ਟੁਕੜਿਆਂ ਵਿਚ ਵੰਡੇ ਪੰਜਾਬ ਉੱਤੇ ਰਾਜ ਭਾਗ ਲਈ ਤਰਲੋਮੱਛੀ ਹੋ ਰਹੇ ਰਾਜਨੀਤਕਾਂ ਨੂੰ  ਇਹ ਪੁਸਤਕ ਅਗਵਾਈ ਦੇਵੇਗੀ |

-ਮੋਬਾਈਲ : 98143-24040

ਇਹ ਇਸ਼ਕ ਨਹੀਂ ਆਸਾਨ
ਲੇਖਕ : ਜਗਤਾਰਜੀਤ ਸਿੰਘ
ਪ੍ਰਕਾਸ਼ਕ : ਖ਼ੁਦ ਲੇਖਕ
ਮੁੱਲ : 280 ਰੁਪਏ, ਸਫ਼ੇ : 125
ਸੰਪਰਕ : 98990-91186


ਜਗਤਾਰਜੀਤ ਸਿੰਘ ਕਵੀ, ਬਾਲ-ਕਹਾਣੀ ਲੇਖਕ, ਅਨੁਵਾਦਕ ਤੇ ਸੁਚੱਜਾ ਕਲਾ-ਪਾਰਖੂ ਹੈ | ਉਸ ਨੇ ਆਪਣੀਆਂ ਕਿਰਤਾਂ 'ਤੇ ਅਨੇਕਾਂ ਮਾਣ-ਸਨਮਾਨ ਪ੍ਰਾਪਤ ਕੀਤੇ ਹਨ | 'ਇਹ ਇਸ਼ਕ ਨਹੀਂ ਆਸਾਨ' ਉਸ ਦੀ ਵੱਖਰੀ ਹੀ ਕਿਸਮ ਦੀ ਨਵੀਂ ਕਿਤਾਬ ਹੈ | ਹਰੇਕ ਕਿਤਾਬ ਦੇ ਪ੍ਰਕਾਸ਼ਨ ਤੇ ਸਿਰਜਣਾ ਦੀ ਵੱਖਰੀ ਹੀ ਕਹਾਣੀ ਹੈ | ਪ੍ਰਕਾਸ਼ਨਾ ਦੇ ਝੂਠੇ ਵਾਅਦੇ ਹਨ, ਖੋਖਲੇ ਈਮਾਨ ਹਨ, ਲੇਖਕ ਦੀਆਂ ਖੱਜਲ ਖਵਾਰੀਆਂ ਹਨ, ਬੇਈਮਾਨੀਆਂ ਹਨ, ਆਪਸੀ ਜ਼ੁਬਾਨਰਾਜੀਆਂ ਹਨ | ਲੇਖਕ ਨੇ ਆਪਣੇ ਨਾਲ ਹੋਏ ਧੱਕੇ ਅਤੇ ਬੇਇਨਸਾਫ਼ੀਆਂ ਦਾ ਸਾਰ ਝੂਠ-ਤੂਫ਼ਾਨ ਸੱਚੋ-ਸੱਚ ਬਿਆਨ ਕਰ ਦਿੱਤਾ ਹੈ | ਕੁਝ ਵੀ ਲੁਕਾਇਆ ਨਹੀਂ, ਉਸ ਦਾ ਸੱਚ ਕਿਤੇ ਕੌੜਾ ਤੇ ਕਿਤੇ ਤੁਹਸ਼ ਹੈ | ਸੱਚ ਬੋਲਣ ਲੱਗੇ ਨਿੰਮ ਦੀ ਪੱਤੀ ਵਾਂਗ ਕੌੜਾ-ਕੁਸੈਲਾ ਤਾਂ ਹੋਣਾ ਹੀ ਪਵੇਗਾ | ਇਹ ਪੁਸਤਕ ਪ੍ਰਕਾਸ਼ਕਾਂ ਦਾ ਸਾਰਾ ਹੀਲ-ਪਿਆਜ਼ ਨੰਗਾ ਕਰ  ਦਿੰਦੀ ਹੈ | ਬੇਕਿਰਕ ਹੈ, ਪਰ ਮੁਫ਼ਾਦੀ ਹੈ | ਵੱਖਰੀ ਸ਼ੈਲੀ 'ਚ ਲਿਖੀ ਕਿਤਾਬ ਹੈ, ਇਸ ਲਈ ਲੇਖਕ ਨੇ ਇਸ ਦੀ ਭਾਸ਼ਾ ਵੀ ਅਲੱਗ ਕਿਸਮ ਦੀ ਸਿਰਜੀ ਹੈ |
ਕਿਤਾਬ ਕਿਵੇਂ ਲਿਖੀ ਜਾਂਦੀ ਹੈ | ਇਹ ਏਨਾ ਮਹੱਤਵਪੂਰਨ ਨਹੀਂ ਜਿੰਨਾ ਇਹ ਮਹੱਤਵਪੂਰਨ ਹੈ ਕਿ ਇਹ ਛਪਣੀ ਕਿਵੇਂ ਹੈ | ਲੇਖਕ ਨੇ ਇਸ ਪੁਸਤਕ ਰਾਹੀਂ ਉਹ ਸਾਰੀਆਂ ਦੁਸ਼ਵਾਰੀਆਂ ਬਿਆਨ ਕਰ ਦਿੱਤੀਆ ੰਹਨ ਜੋ ਉਸ ਨੂੰ  ਆਪਣੀਆਂ ਪੁਸਤਕਾਂ ਛਪਵਾਉਣ ਵੇਲੇ ਸਹੇੜਣੀਆਂ ਤੇ ਸਹਿਨੀਆਂ ਪਈਆਂ | ਲੇਖਕ ਨੇ ਕਿਤਾਬ ਦਾ ਨਾਂਅ ਜਿਗਰ ਮੁਰਾਦਾਬਾਦੀ ਦੇ ਪ੍ਰਸਿੱਧ ਸ਼ੇਅਰ 'ਚੋਂ ਲਿਆ ਹੈ, ਜਿਸ 'ਚ ਉਹ ਕਹਿੰਦਾ ਹੈ : 'ਯੇ ਇਸ਼ਕ ਨਹੀਂ ਆਸਾਨ, ਇਤਨਾ ਹੀ ਸਮਝ ਲੀਜੇ, ਇਕ ਆਗ ਕਾ ਦਰਿਆ ਹੈ ਔਹ ਡੂਬ ਕੇ ਜਾਣਾ ਹੈ |' ਸ਼ਾਇਰ ਮੁਹੱਬਤ ਨੂੰ  ਅੱਗ ਦਾ ਦਰਿਆ ਆਖਦਾ ਹੈ | ਲੇਖਕ ਨੇ ਇਸ ਨੂੰ  ਪ੍ਰਤੀਕ ਵਜੋਂ ਵਰਤ ਕੇ ਪੁਸਤਕ ਛਪਵਾਉਣ ਦੀ ਕਿਰਿਆ ਨੂੰ  ਅੱਗ ਦਾ ਦਰਿਆ ਹੀ ਬਣਾ ਦਿੱਤਾ ਹੈ | ਪੁਸਤਕਾਂ 'ਕਲਾ ਤੇ ਕਲਾਕਾਰ' ਚਿੱਤਰਕਾਰ ਕਿਰਪਾਲ ਸਿੰਘ, ਚਿੱਤਰਕਾਰ ਜਸਵੰਤ ਸਿੰਘ, ਰੰਗ ਹਸਹਿ, ਰੰਗਿ ਰੋਵਹਿ, ਅਲਵਿਦਾ ਤੋਂ ਬਾਅਦ, ਜੰਗ ਲੱਗੀ ਤਲਵਾਰ ਵੇਲੇ ਲੇਖਕ ਨੂੰ  ਸਭ ਤੋਂ ਵੱਧ ਜੱਦੋ-ਜਿਹਦ ਤੇ ਨੱਠ-ਭੱਜ ਕਰਨੀ ਪਈ ਹੈ | ਵੱਡੇ-ਵੱਡੇ ਲੇਖਕਾਂ ਤੇ ਪ੍ਰਕਾਸ਼ਕਾਂ ਦੇ ਕਿਰਦਾਰ ਅਤੇ ਉਨ੍ਹਾਂ ਦੀ ਔਕਾਤ ਦਾ ਓਛਲਾਪਨ ਸਾਫ਼ ਜ਼ਾਹਿਰ ਹੁੰਦਾ ਹੈ | ਕਈ ਥਾੲੀਂ ਲੇਖਕ ਦੀ ਜੁਰਤ ਤੇ ਦਲੇਰੀ ਦਾਦ ਦੇਣ ਵਾਲੀ ਦਿਖਾਈ ਦਿੰਦੀ ਹੈ | ਕੁੱਲ ਮਿਲਾ ਕੇ ਕਿਤਾਬ ਰੌਚਿਕ ਹੈ |
 

-ਕੇ. ਐਲ. ਗਰਗ
ਮੋਬਾਈਲ : 94635-37050

ਸੁੱਚੇ ਮੋਤੀ 
ਲੇਖਿਕਾ : ਡਾ. ਰਾਜਿੰਦਰ ਰੇਨੂੰ 
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ :112
ਸੰਪਰਕ : 98153-24121


ਡਾ. ਰਾਜਿੰਦਰ ਰੇਨੂੰ ਦਾ ਕਾਵਿ-ਸੰਗ੍ਰਹਿ 'ਸੁੱਚੇ ਮੋਤੀ' ਆਪਣੇ ਸਿਰਲੇਖ ਵਾਂਗ ਹੀ ਜੀਵਨ ਦੇ ਅਨੁਭਵਾਂ, ਭਾਵਨਾਵਾਂ ਅਤੇ ਮਨੁੱਖੀ ਰਿਸ਼ਤਿਆਂ ਵਿਚੋਂ ਚੁਣੇ ਹੋਏ ਸੁੱਚੇ ਮੋਤੀਆਂ ਦਾ ਸੰਗ੍ਰਹਿ ਹੈ | ਇਸ ਪੁਸਤਕ ਦੀਆਂ ਕਵਿਤਾਵਾਂ ਵਿਚ ਜੀਵਨ ਦੀਆਂ ਤਲਖ਼ ਹਕੀਕਤਾਂ, ਮਨੁੱਖੀ ਰਿਸ਼ਤਿਆਂ ਦੀ ਗਰਮਾਹਟ, ਸਮੇਂ ਦੀ ਬੇਰੁਖ਼ੀ ਅਤੇ ਆਸ ਦੀ ਲੋਅ ਇਕੱਠੇ ਮੌਜੂਦ ਹਨ | 'ਮੱਥੇ ਦੀਆਂ ਲੀਕਾਂ' ਕਵਿਤਾ ਵਿਚ ਕਵਿੱਤਰੀ  ਮਨੁੱਖ ਦੇ ਚਿਹਰੇ ਉੱਤੇ ਉੱਭਰਦੀਆਂ ਲਕੀਰਾਂ ਨੂੰ  ਕੇਵਲ ਉਮਰ ਦਾ ਨਿਸ਼ਾਨ ਨਹੀਂ ਮੰਨਦੀ, ਸਗੋਂ ਉਨ੍ਹਾਂ ਨੂੰ  ਸੰਘਰਸ਼ਾਂ, ਤਜਰਬਿਆਂ ਅਤੇ ਜੀਵਨ-ਯਾਤਰਾ ਦੇ ਦਸਤਾਵੇਜ਼ ਵਜੋਂ ਵੇਖਦੀ ਹੈ | ਇੱਥੇ ਸਮੇਂ ਦੀ ਕਰੂਰਤਾ ਅਤੇ ਮਨੁੱਖ ਦੀ ਜਿਜੀਵਿਸ਼ਾ ਦਾ ਸੁੰਦਰ ਮੇਲ ਮਿਲਦਾ ਹੈ | 'ਹਰ ਪਲ ਹਰ ਘੜੀ ਹੈ ਇਮਤਿਹਾਨ ਇਸ਼ਕ' ਕਵਿਤਾ ਪ੍ਰੇਮ ਨੂੰ  ਇੱਕ ਲਗਾਤਾਰ ਸਾਧਨਾ ਅਤੇ ਆਤਮਿਕ ਅਨੁਭਵ ਵਜੋਂ ਪੇਸ਼ ਕਰਦੀ ਹੈ | ਇਸ ਵਿਚ ਇਸ਼ਕ ਨੂੰ  ਕੇਵਲ ਰੋਮਾਂਟਿਕ ਭਾਵਨਾ ਤੱਕ ਸੀਮਿਤ ਨਾ ਰੱਖ ਕੇ ਜੀਵਨ ਦੀ ਵਿਸ਼ਾਲ ਸੱਚਾਈ ਵਜੋਂ ਦਰਸਾਇਆ ਗਿਆ ਹੈ | ਕਵਿਤਾ ਦੀ ਸਹਿਜ ਭਾਸ਼ਾ ਅਤੇ ਗੀਤਾਤਮਕ ਲੈਅ ਪਾਠਕ ਨੂੰ  ਆਪਣੇ ਨਾਲ ਜੋੜੀ ਰੱਖਦੀ ਹੈ | 'ਉਹ' ਕਵਿਤਾ ਮਨੁੱਖ ਦੇ ਅੰਦਰ ਵੱਸਦੇ ਰੱਬ ਅਤੇ ਮਨੁੱਖੀ ਅਸਤਿਤਵ ਦੇ ਰਿਸ਼ਤੇ ਨੂੰ  ਬਹੁਤ ਸਾਦਗੀ ਨਾਲ ਉਜਾਗਰ ਕਰਦੀ ਹੈ | ਕਵਿੱਤਰੀ ਦੱਸਦੀ ਹੈ ਕਿ ਮਨੁੱਖ ਦੇ ਸਾਹਾਂ, ਹਾਸਿਆਂ, ਖ਼ਿਆਲਾਂ ਅਤੇ ਖ਼ੁਆਬਾਂ ਵਿਚ ਹੀ ਉਸ ਪਰਮ ਸ਼ਕਤੀ ਦਾ ਨਿਵਾਸ ਹੈ | ਇਹ ਕਵਿਤਾ ਆਧਿਆਤਮਿਕਤਾ ਨੂੰ  ਲੋਕ-ਅਨੁਭਵ ਨਾਲ ਜੋੜਦੀ ਹੈ | ਰਾਜਿੰਦਰ ਰੇਨੂੰ ਦੀ ਕਵਿਤਾ ਦੀ ਸਭ ਤੋਂ ਵੱਡੀ ਖੂਬੀ ਉਸ ਦੀ ਸਹਿਜਤਾ ਅਤੇ ਸੰਚਾਰਯੋਗਤਾ ਹੈ | ਉਹ ਗੁੰਝਲਦਾਰ ਪ੍ਰਤੀਕਾਂ ਜਾਂ ਬੌਧਿਕ ਦੁਹਰੇਪਣ ਦੀ ਥਾਂ ਸਿੱਧੇ ਅਤੇ ਦਿਲ ਨੂੰ  ਛੂਹਣ ਵਾਲੇ ਬਿੰਬਾਂ ਦਾ ਸਹਾਰਾ ਲੈਂਦੀ ਹੈ | ਉਸ ਦੀਆਂ ਕਵਿਤਾਵਾਂ ਪਾਠਕ ਨੂੰ  ਸੋਚਣ, ਮਹਿਸੂਸ ਕਰਨ ਅਤੇ ਆਪਣੇ ਅੰਦਰ ਝਾਤ ਮਾਰਨ ਲਈ ਪ੍ਰੇਰਿਤ ਕਰਦੀਆਂ ਹਨ |

 -ਡਾ. ਅਮਰਜੀਤ ਕੌਂਕੇ
ਮੋਬਾਈਲ : 98142-31698

ਬਲਵੰਤ ਗਾਰਗੀ ਦੀ ਨਾਟ-ਦਿ੍ਸ਼ਟੀ :
ਨਵ-ਅਮਰੀਕੀ ਆਲੋਚਨਾਤਮਿਕ ਅਧਿਐਨ
ਲੇਖਕ : ਡਾ. ਗਗਨਦੀਪ ਸਿੰਘ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 495 ਰੁਪਏ, ਸਫ਼ੇ : 214
ਸੰਪਰਕ : 98774-82755

 


'ਬਲਵੰਤ ਗਾਰਗੀ ਦੀ ਨਾਟ-ਦਿ੍ਸ਼ਟੀ : ਨਵ ਅਮਰੀਕੀ ਆਲੋਚਨਾਤਮਿਕ ਅਧਿਐਨ' (2026) ਪੁਸਤਕ ਡਾ. ਗਗਨਦੀਪ ਸਿੰਘ ਦੀ ਅਕਾਦਮਿਕ ਖੋਜ ਆਧਾਰਿਤ ਪੁਸਤਕ ਹੈ, ਜਿਸ ਨੂੰ  ਅਕਾਦਮਿਕ ਖੋਜ-ਵਿਧੀ ਦੀਆਂ ਲੋੜਾਂ ਤੇ ਤਕਾਜਿਆਂ ਅਨੁਸਾਰ ਹੀ ਵਿਉਂਤਿਆ ਗਿਆ ਜਾਪਦਾ ਹੈ | ਸਮੁੱਚੇ ਖੋਜ ਕਾਰਜ ਨੂੰ  ਪੰਜ ਅਧਿਆਵਾਂ ਵਿਚ ਵੰਡਿਆ ਗਿਆ ਹੈ ਅਤੇ ਅੰਤ ਵਿਚ ਪੁਸਤਕ ਸੂਚੀ ਦਿੱਤੀ ਗਈ ਹੈ | ਪਹਿਲੇ ਅਧਿਆਏ ਵਿਚ ਪੰਜਾਬੀ ਨਾਟਕ ਦੇ ਪ੍ਰਸੰਗ ਵਿਚ ਰਚਨਾ-ਦਿ੍ਸ਼ਟੀ ਦੇ ਸਿਧਾਂਤਕ-ਇਤਿਹਾਸਕ ਪਰਿਪੇਖ ਦੀ ਉਸਾਰੀ ਕੀਤੀ ਗਈ ਹੈ | ਦੂਜਾ ਅਧਿਆਏ ਬਲਵੰਤ ਗਾਰਗੀ ਦੇ ਜੀਵਨ ਤੇ ਰਚਨਾ ਲਈ ਵਕਫ਼ ਕੀਤਾ ਗਿਆ ਹੈ, ਜਦ ਕਿ ਤੀਜੇ ਅਧਿਆਏ ਵਿਚ ਗਾਰਗੀ ਦੀ ਨਾਟਕ ਰਚਨਾ-ਦਿ੍ਸ਼ਟੀ ਦੇ ਮੂਲ ਸੂਤਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ | ਚੌਥੇ ਤੇ ਪੰਜਵੇਂ ਅਧਿਆਵਾਂ ਵਿਚ ਨਾਰੀ-ਚੇਤਨਾ ਤੇ ਦਲਿਤ ਚੇਤਨਾ ਦੀ ਦਿ੍ਸ਼ਟੀ ਤੋਂ ਨਾਟਕਾਂ ਦਾ ਅਧਿਐਨ-ਵਿਸ਼ਲੇਸ਼ਣ ਕੀਤਾ ਗਿਆ ਹੈ | ਇਹ ਸਾਰਾ ਅਧਿਐਨ ਉਸ ਦੇ 9 ਪੂਰੇ ਨਾਟਕਾਂ 'ਲੋਹਾ ਕੁੱਟ', 'ਸੈਲ ਪੱਥਰ', 'ਕੇਸਰੋ', 'ਕਣਕ ਦੀ ਬੱਲੀ', 'ਧੂਣੀ ਦੀ ਅੱਗ', 'ਗਗਨ ਮੈ ਥਾਲੁ', 'ਸੁਲਤਾਨ ਰਜ਼ੀਆ', 'ਸੌਂਕਣ', 'ਮਿਰਜ਼ਾ ਸਾਹਿਬਾਂ', 'ਬਲਦੇ ਟਿੱਬੇ' ਅਤੇ 'ਅਭਿਸਾਰਕਾ' 'ਤੇ ਆਧਾਰਿਤ ਹੈ | ਇਕਾਂਗੀ-ਰਚਨਾਵਾਂ ਨੂੰ  ਸਿੱਧੇ ਤੌਰ 'ਤੇ ਇਸ ਅਧਿਐਨ ਵਿਚ ਸ਼ਾਮਿਲ ਨਹੀਂ ਕੀਤਾ ਗਿਆ | 
ਡਾ. ਗਗਨਦੀਪ ਅਨੁਸਾਰ ਬਲਵੰਤ ਗਾਰਗੀ ਦੇ ਨਾਟਕ ਭਾਰਤੀ ਤੇ ਪੱਛਮੀ ਤਕਨੀਕ ਦੇ ਮਿਸ਼ਰਣ ਹਨ | ਉਸ ਨੇ ਮਨੋਵਿਗਿਆਨਕ ਵਿਸ਼ਿਆਂ ਦੇ ਨਾਲ ਹੰਗਾਮੀ ਤੇ ਚਿੰਨ੍ਹਾਤਮਕ ਸ਼ੈਲੀਆਂ ਰਾਹੀਂ ਪੰਜਾਬੀ ਨਾਟਕ ਨੂੰ  ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਇਆ | ਉਸ ਦੀ ਰਚਨਾ-ਦਿ੍ਸ਼ਟੀ ਦਾ ਮੂਲ ਧੁਰਾ 'ਕਾਮਨਾਵਾਂ' ਹਨ | ਉਸ ਨੇ ਵਿਅਕਤੀਗਤ ਜਜ਼ਬਿਆਂ ਨੂੰ  ਸੀਮਾ ਰਹਿਤ ਵਹਿਣ ਦਿੱਤਾ | ਉਸ ਦੀ ਰਚਨਾ ਦਿ੍ਸ਼ਟੀ ਸਮਾਜਿਕ ਪ੍ਰਬੰਧ ਦੇ ਨਕਾਰੇ ਜਾ ਚੁੱਕੇ ਪੱਖਾਂ ਨੂੰ  ਸਿਰਜਨਾਤਮਿਕ ਰੂਪ ਦਿੰਦੀ ਹੈ |
ਇਸ ਪੁਸਤਕ ਰੂਪੀ ਗੰਭੀਰ ਅਕਾਦਮਿਕ ਖੋਜਕਾਰਜ ਨੇ ਮੈਨੂੰ ਪ੍ਰਭਾਵਿਤ ਕੀਤਾ ਹੈ | ਵੈਸੇ ਅਜਿਹੇ ਗੰਭੀਰ ਖੋਜ ਕਾਰਜੀ ਪ੍ਰਾਜੈਕਟਾਂ ਵਿਚ 'ਜੀਵਨ ਤੇ ਰਚਨਾ' ਵਰਗੇ ਆਮ ਅਧਿਆਏ ਸ਼ਾਮਿਲ ਕਰਨ ਦੀ ਬਹੁਤੀ ਤੁੱਕ ਨਹੀਂ | ਇਹ ਵਿਧੀ ਪੁਰਾਣੀ ਹੋ ਚੁੱਕੀ ਹੈ | ਨਾਟਕ ਤੇ ਰੰਗਮੰਚ ਨਾਲ ਜੁੜੇ ਰੰਗਮੰਚ ਕਰਮੀਆਂ, ਲੇਖਕਾਂ, ਕਲਾਕਾਰਾਂ, ਵਿਦਿਆਰਥੀਆਂ ਤੇ ਵਿਦਵਾਨਾਂ ਲਈ ਇਹ ਇਕ ਚੰਗੀ ਪੜ੍ਹਨਯੋਗ ਪੁਸਤਕ ਹੈ |

-ਡਾ. ਸੁਖਵਿੰਦਰ ਸਿੰਘ ਰੰਧਾਵਾ
ਮੋਬਾਈਲ : 98154-58666

ਕਿਸ ਹੱਦ ਤੱਕ
ਲੇਖਕ : ਡਾ. ਸਤੀਸ਼ ਠੁਕਰਾਲ 'ਸੋਨੀ'
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ, ਨਵੀਂ ਦਿੱਲੀ
ਮੁੱਲ 700 ਰੁਪਏ, ਸਫ਼ੇ : 394 
ਸੰਪਰਕ : 90415-12393


ਡਾ. ਸਤੀਸ਼ ਠੁਕਰਾਲ ਇਸ ਨਾਵਲ ਤੋਂ ਪਹਿਲਾਂ ਕਵਿਤਾ, ਨਾਟਕ, ਵਾਰਤਕ ਲੇਖ ਆਦਿ ਵਿਧਾਵਾਂ ਵਿਚ ਸੱਤ ਪੁਸਤਕਾਂ ਰਚ ਚੁੱਕਾ ਹੈ |  ਇਹ ਨਾਵਲ 'ਕਿਸ ਹੱਦ ਤੱਕ' ਲੇਖਕ ਦਾ ਦੂਜਾ ਨਾਵਲ ਹੈ, ਜਿਸ ਵਿਚ ਨਾਵਲਕਾਰ ਨੇ ਸਮਾਜ ਸੇਵੀ ਸੰਸਥਾਵਾਂ ਦੇ ਅਵਸਰਵਾਦੀ ਰੁਝਾਨਾਂ, ਭਿ੍ਸ਼ਟ ਤੰਤਰ, ਸਮਾਜਿਕ ਕਦਰਾਂ ਕੀਮਤਾਂ ਦੇ ਵਿਗਠਨ ਸਮੇਤ ਵਰਤਮਾਨ ਮਨੁੱਖ ਦੀਆਂ ਪਦਾਰਥਵਾਦੀ ਰੁਝਾਨਾਂ ਨੂੰ  ਪੇਸ਼ ਕਰਨ ਦਾ ਯਤਨ ਕੀਤਾ ਹੈ | ਲੇਖਕ ਪੇਸ਼ੇ ਤੋਂ ਡਾਕਟਰ ਹੈ ਤੇ ਉਸ ਦੇ ਇਸ ਨਾਵਲ ਵਿਚ ਸਰੀਰ ਦੇ ਵੱਖ-ਵੱਖ ਰੋਗਾਂ ਦੇ ਫੈਲਣ ਦੇ ਕਾਰਨ, ਪ੍ਰਭਾਵ ਅਤੇ ਰੋਕਥਾਮ ਨਾਲ ਜੁੜੇ ਵਸਤੂ ਵੇਰਵੇ ਸਹਿਜੇ ਮਿਲ ਜਾਂਦੇ ਹਨ | ਨਾਵਲ ਅੰਦਰ ਡਾਕਟਰੀ ਪੇਸ਼ੇ ਦੀ ਪਵਿੱਤਰਤਾ ਅਤੇ ਐੱਨ. ਜੀ. ਓ. ਦੇ ਸਮਾਜ ਭਲਾਈ ਨਾਲ ਜੁੜੇ ਸੱਚ ਦੀ ਤਹਿ ਹੇਠਾਂ ਅਨੇਕਾਂ ਗ਼ੈਰ-ਮਾਨਵੀ ਵਰਤਾਰੇ ਪੇਸ਼ ਹੋਏ ਹਨ | ਆਧੁਨਿਕ ਜੀਵਨ ਸ਼ੈਲੀ ਦੇ ਪਦਾਰਥਵਾਦੀ ਸੁਖਾਂ ਦੀ ਲਾਲਸਾ ਵਿਚ ਮਨੁੱਖ ਦਾ ਨੈਤਿਕ ਖੋਖਲਾਪਣ ਅਤੇ ਗੈਰ ਸਦਾਚਾਰੀ ਜੀਵਨ ਪਾਠਕਾਂ ਨੂੰ  ਝੰਜੋੜਦਾ ਹੈ | ਨਾਵਲਕਾਰ ਦੇ ਪਾਤਰ ਸਮਰਪਣ, ਸਮਸ਼ੇਰ ਅਤੇ  ਡਾ. ਨਰੂਲਾ, ਰਜਨੀ, ਪਿੰਕੀ ਆਦਿ ਨਾਵਲੀ ਬਿਰਤਾਂਤ ਨੂੰ  ਰੌਚਿਕ ਬਣਾਈ ਰੱਖਣ ਲਈ ਮਹੱਤਵਪੂਰਨ ਸਾਬਤ ਹੁੰਦੇ ਹਨ | ਨਾਵਲ ਵਿਚ ਜਿੱਥੇ ਸਰਕਾਰੀ ਸਰਪ੍ਰਸਤੀ ਹੇਠ ਪਲਦੇ ਸਮਾਜ ਭਲਾਈ ਤੰਤਰ ਦੇ ਭਿ੍ਸ਼ਟ ਤੰਤਰ ਨੂੰ  ਪੇਸ਼ ਕੀਤਾ ਗਿਆ ਹੈ, ਉੱਥੇ ਹੀ ਮਨੁੱਖੀ ਜ਼ਿੰਦਗੀ ਵਿਚ ਮੋਹ ਮੁਹੱਬਤ ਤੇ ਰਿਸ਼ਤਿਆਂ ਦੀ ਪਵਿੱਤਰਤਾ ਨੂੰ  ਕਲੰਕਿਤ ਕਰਨ ਵਾਲੇ ਸੋਚ ਦਾ ਪਰਦਾ ਚਾਕ ਵੀ ਕੀਤਾ ਮਿਲਦਾ ਹੈ | ਨਾਵਲ ਦਾ ਵਿਸਥਾਰ ਬੇਸ਼ੱਕ ਪਾਠਕਾਂ ਨੂੰ  ਲੰਮੇ-ਲੰਮੇ ਵਾਰਤਾਲਾਪ, ਸੰਬੋਧਨੀ ਸੁਰ ਅਤੇ ਭਾਸ਼ਨੀ ਲਹਿਜ਼ੇ ਵਾਲੇ ਬਿਰਤਾਂਤ ਵੱਲ ਲੈ ਜਾਂਦਾ ਹੈ ਪਰ ਲੇਖਕ ਕੋਲ ਰੌਚਿਕ ਵਾਰਤਾਲਾਪ ਅਤੇ ਬਿਰਤਾਂਤਕ ਦਿ੍ਸ਼ਕਾਰੀ ਦਾ ਵਿਸ਼ੇਸ਼ ਗੁਣ ਹੈ, ਜਿਸ ਨਾਲ ਇਹ ਨਾਵਲ ਹਰ ਪਾਠਕ ਲਈ ਪੜ੍ਹਨਯੋਗ ਰਚਨਾ ਬਣ ਜਾਂਦਾ ਹੈ | ਨਾਵਲਕਾਰ ਦੇ ਮਨ ਵਿਚ ਸਮਾਜ ਨੂੰ  ਸੁਧਾਰਨ ਤੇ ਆਦਰਸ਼ਕ ਮਨੁੱਖ ਦੀ ਸਿਰਜਣਾ ਦਾ ਸੁਪਨਾ ਹੈ, ਅਜਿਹਾ ਆਦਰਸ਼ਕ ਮਨੁੱਖ ਜਿਹੜਾ ਘਰ, ਪਰਿਵਾਰ, ਸਮਾਜ ਅਤੇ ਹੋਰ ਸਹਿ ਸੰਸਥਾਵਾਂ ਵਿਚ ਕਥਨੀ ਤੇ ਕਰਨੀ ਦਾ ਪੂਰਾ ਹੋਵੇ | ਅਜਿਹੇ ਸਮਾਜ ਦੀ ਸਥਾਪਨਾ ਲਈ ਲੇਖਕ ਜਿਹੜੀਆਂ ਹੱਦਾਂ ਨਿਸ਼ਚਿਤ ਕਰਦਾ ਹੈ, ਉਹ ਨਾਵਲ ਨੂੰ  ਪੜ੍ਹਦਿਆਂ ਪਾਠਕ ਸਹਿਜੇ ਹੀ ਮਹਿਸੂਸ ਕਰ ਸਕਦਾ ਹੈ | 
 

-ਡਾ. ਜੇ. ਬੀ. ਸੇਖੋਂ
ਮੋਬਾਈਲ : 94175-86028   
   

ਜ਼ਿੰਦਗੀ ਸਮਝੋਂ ਬਾਹਰ
ਲੇਖਕ : ਜਗਜੀਤ ਸਿੰਘ ਧਾਲੀਵਾਲ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 299 ਰੁਪਏ, ਸਫ਼ੇ : 143
ਸੰਪਰਕ : 95018-55511


ਸ਼ਾਇਰ ਜਗਜੀਤ ਸਿੰਘ ਧਾਲੀਵਾਲ ਆਪਣੇ ਪਲੇਠੇ ਕਾਵਿ-ਪਰਾਗੇ 'ਜ਼ਿੰਦਗੀ ਸਮਝੋਂ ਬਾਹਰ' ਰਾਹੀਂ ਪੰਜਾਬੀ ਅਦਬ ਦੇ ਦਰ-ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ | ਸ਼ਾਇਰ ਦਾ ਸਵੈ-ਕਥਨ ਹੈ ਕਿ ਇਹ ਵਿਲੱਖਣ ਪੁਸਤਕ ਬੜੀ ਮਿਹਨਤ ਨਾਲ ਲਿਖੀ ਗਈ ਹੈ | ਇਸ ਵਿਚ ਕਵਿਤਾ ਦੀ ਵਿਆਖਿਆ ਅਤੇ ਮਿਲਦੀ ਸਿੱਖਿਆ ਦਾ ਵੀ ਜ਼ਿਕਰ ਕੀਤਾ ਗਿਆ ਹੈ | ਸ਼ਾਇਰ ਨੇ ਆਪਣੀ ਕਿਤਾਬ ਨੂੰ  ਗੁਰਮੁਖੀ ਵਰਣਮਾਲਾ ਅਰਥਾਤ 'ੳ' ਤੋਂ ਲੈ ਕੇ 'ੜ' ਤੱਕ ਵਿਉਂਤਿਆ ਹੈ ਜਿਵੇਂ 'ੳ' ਅੱਖਰ ਨਾਲ 'ਉਹੀ ਕਹਾਣੀ', 'ਅ' ਅਨੁਸਾਰ 'ਅਸਲੀਅਤ ਜਾਂ ਵਹਿਨ' ਅਤੇ 'ੲ' ਨਾਲ 'ਇਕ ਸੱਚ ਕਿ ਆਪਣਾ ਕੋਈ ਨਹੀਂ' ਅਤੇ ਅਗਾਂਹ ਵਰਣਮਾਲਾ ਅਨੁਸਾਰ ਹੀ ਨਜ਼ਮਾਂ ਦਾ ਨਾਮਕਰਨ ਕੀਤਾ ਗਿਆ ਹੈ | ਇਹ ਨਜ਼ਮਾਂ ਪੰਚਤੰਤਰ ਦੀਆਂ ਕਹਾਣੀ ਵਾਂਗ ਉਪਦੇਸ਼ਕ ਹਨ | ਜਿਥੋਂ ਤੱਕ ਕਿਤਾਬ ਨੂੰ  ਵਿਲੱਖਣ ਕਿਹਾ ਗਿਆ ਹੈ ਤੇ ਇਸ 'ਵਿਲੱਖਣਤਾ' ਤੇ ਕਿੰਤੂ-ਪ੍ਰੰਤੂ ਕਰਨਾ ਬਣਦਾ ਹੈ | ਕਵਿਤਾ ਵਿਚ ਤਾਂ ਕੋਈ ਨਾ ਕੋਈ ਸਿੱਖਿਆ ਜਾਂ ਸੰਦੇਸ਼ ਹੁੰਦਾ ਹੀ ਹੈ | ਪਰ ਜੇ ਸ਼ਾਇਰ ਖ਼ੁਦ ਹੀ ਉਸ ਦੀ ਵਿਆਖਿਆ ਕਰੇ ਅਤੇ ਅਖੀਰ ਵਿਚ ਮਿਲਦੀ ਸਿੱਖਿਆ ਦੱਸੀ ਗਈ ਹੋਵੇ ਤਾਂ ਬੜਾ ਹੀ ਅਟਪਟਾ ਲਗਦਾ ਹੈ | ਕਵਿਤਾਵਾਂ ਕੋਈ ਏਨੀਆਂ ਗਹਿਰੀਆਂ ਨਹੀਂ ਜੋ ਅੱਜ ਦੇ ਪ੍ਰਬੁੱਧ ਪਾਠਕ ਦੇ ਸਿਰ ਉੱਤੋਂ ਦੀ ਲੰਘ ਜਾਣ | ਉਂਝ ਦੇਖਣ ਨੂੰ  ਤਾਂ ਤੁਹਾਡਾ ਯਤਨ ਨਿਵੇਕਲਾ ਹੈ | ਪਰ ਜੇ ਇਹ ਯਤਨ ਕੋਈ ਨਵੀਆਂ ਪੈੜਾਂ ਪਾਉਂਦਾ ਹੈ ਤਾਂ ਠੀਕ ਹੈ ਪਰ ਜੇ ਪੈਰ ਪਿਛਾਂਹ ਨੂੰ  ਪਿੱਛੇ ਤਾਂ ਕਾਵਿ ਝੋਲ ਸਾਫ਼ ਨਜ਼ਰ ਆ ਜਾਂਦੀ ਹੈ | ਤੁਹਾਡੀਆਂ ਕਵਿਤਾਵਾਂ ਨਾਲੋਂ ਤੁਹਾਡੀ ਵਾਰਤਕ ਦਾ ਗਰਾਫ਼ ਉਤਾਂਹ ਵੱਲ ਜਾਂਦਾ ਹੈ | ਉਂਝ ਇਸ ਕਿਤਾਬ ਵਿਚਲੀਆਂ ਕਵਿਤਾਵਾਂ ਅਤੇ ਵਾਰਤਕ ਵਿਆਖਿਆ ਦੋ ਕਿਤਾਬਾਂ ਦਾ ਖਰੜਾ ਬਣਦਾ ਹੈ | ਇਹ ਫ਼ੈਸਲਾ ਲੇਖਕ ਨੇ ਕਰਨਾ ਹੈ ਕਿ ਉਸ ਨੇ ਕਵੀ ਬਣਨਾ ਹੈ ਤਾਂ ਵਾਰਤਕ ਲੇਖਕ | ਕਵਿਤਾਵਾਂ ਨਵੇਂ ਦੌਰ ਦੀਆਂ ਕਿਵੇਂ ਹੋ ਗਈਆਂ | ਇਹ ਵਹਿਮ ਖ਼ੁਸ਼ਵਹਿਮੀ ਹੈ ਤੇ ਆਪਣੇ ਸੁੰਗੜਵੇਂ ਘੇਰੇ ਵਿਚ ਤਾਂ ਵਾਹਵਾ ਖੱਟ ਲਏਗਾ ਪਰ ਜਦੋਂ ਇਹ ਪੁਸਤਕ ਸਾਹਿਤ ਜਗਤ ਵਿਚ ਪੜ੍ਹੀ ਜਾਂ ਵਿਚਾਰੀ ਜਾਏਗੀ ਤਾਂ ਤੁਹਾਨੂੰ ਸ਼ਰਮਿੰਦਗੀ ਉਠਾਉਣੀ ਪਵੇਗੀ | ਤੁਸੀਂ ਆਪਣੇ ਆਪ ਨੂੰ  'ਝੱਲਾ ਜਗਤ ਲਿਖਾਰੀ' ਕਿਹਾ ਹੈ | ਲਿਖਾਰੀ ਸਾਹਿਬ ਲਿਖਾਰੀ ਜਨੂੰਨੀ ਤਾਂ ਹੋ ਸਕਦਾ ਹੈ 'ਝੱਲਾ' ਨਹੀਂ | ਜੇ ਸ਼ੂਗਰ ਕੋਟਿਡ ਕੁਨੀਨ' ਤੁਹਾਡੇ ਕੰਮ ਆਵੇ ਤਾਂ ਮੈਂ ਧੰਨਭਾਗ ਸਮਝਾਂਗਾ | ਕਵਿਤਾ ਵਿਚ ਫਾਰਸੀ ਸਾਹਿਤ ਵਿਚ ਵਾਰਤਕ ਤਾਂ ਪਹਿਲਾਂ ਹੀ ਮੌਜੂਦ ਹੈ, ਸ਼ੇਖ ਸ਼ਾਅਦੀ ਦੀਆਂ ਦੋਵੇਂ ਪੁਸਤਕਾਂ 'ਗੁਲਿਸਤਾਂ', 'ਬੋਸਤਾਂ' ਇਸ ਦਾ ਪ੍ਰਮਾਣ ਹਨ | ਤੁਸੀਂ ਸਾਹਿਤ ਜਗਤ ਵਿਚ ਪਹਿਲ ਕਿਵੇਂ ਕਹਿ ਸਕਦੇ ਹੋ?

-ਭਗਵਾਨ ਢਿੱਲੋਂ
ਮੋਬਾਈਲ : 98143-78254

ਕਹਿਰ ਦੀ ਹਨੇਰੀ
ਲੇਖਕ : ਮੋਹਨ ਸ਼ਰਮਾ
ਸੰਪਾਦਕ : ਸ. ਸ. ਰਮਲਾ
ਪ੍ਰਕਾਸ਼ਕ : ਕਲਾਬਾਜ਼ੀਆਂ ਪ੍ਰਕਾਸ਼ਨ, ਸੰਗਰੂਰ
ਮੁੱਲ : 200 ਰੁਪਏ, ਸਫ਼ੇ : 116
ਸੰਪਰਕ : 94171-48866


ਸ੍ਰੀ ਮੋਹਨ ਸ਼ਰਮਾ ਰਚਿਤ ਪੁਸਤਕ 'ਕਹਿਰ ਦੀ ਹਨੇਰੀ' ਵਿਚ ਨਸ਼ਿਆਂ ਨਾਲ ਬਰਬਾਦ ਹੋ ਰਹੇ ਲੋਕਾਂ ਦਾ ਬੜਾ ਮਾਰਮਿਕ ਚਿਤਰਣ ਹੈ | ਮੋਹਨ ਸ਼ਰਮਾ ਨਸ਼ਿਆਂ ਦੀ ਇਸ ਦਲਦਲ ਬਾਰੇ ਬਹੁਤ ਸਾਰੇ ਲੇਖ ਅਤੇ ਬਿਰਤਾਂਤ ਸਿਰਜ ਚੁੱਕਾ ਹੈ | ਸ੍ਰੀ ਸ. ਸ. ਰਮਲਾ ਨੇ ਹਥਲੀ ਪੁਸਤਕ ਨੂੰ  ਇਕ ਤੇਜ਼ ਧਾਰ ਅਤੇ ਮਨੋਰਥ ਦੇਣ ਲਈ ਮੋਹਨ ਸ਼ਰਮਾ ਰਚਿਤ 24 ਲੇਖਾਂ ਦੀ ਚੋਣ ਕੀਤੀ ਹੈ | ਭਾਵੇਂ ਨਸ਼ਿਆਂ ਦਾ ਸੇਵਨ ਕੋਈ ਨਵਾਂ ਅਤੇ ਸਿਰਫ਼ ਸਮਕਾਲੀ ਵਰਤਾਰਾ ਨਹੀਂ ਹੈ, ਪਰ ਤਾਂ ਵੀ ਜਿਸ ਪ੍ਰਕਾਰ ਨਸ਼ਿਆਂ ਨੂੰ  ਇਕ ਵਪਾਰ ਦਾ ਰੂਪ ਦੇ ਕੇ ਕਿਸੇ ਸਮਾਜ ਅਤੇ ਦੇਸ਼ ਦੀ ਜਵਾਨੀ ਨੂੰ  ਮਿੱਥ ਕੇ ਬਰਬਾਦ ਕੀਤਾ ਜਾ ਰਿਹਾ ਹੈ | ਇਹ ਸਾਜਿਸ਼ ਜ਼ਰੂਰ ਨਵੀਂ ਅਤੇ ਬੇਹੱਦ ਘਿਣਾਉਣੀ ਹੈ | ਚਿੰਤਾ ਦੀ ਗੱਲ ਹੈ ਕਿ ਅਜੋਕਾ ਵਿਅਕਤੀ ਆਪਣੇ ਜੀਵਨ ਦਾ ਮਨੋਰਥ ਭੁੱਲ ਗਿਆ ਹੈ | ਨਵ-ਪੂੰਜੀਵਾਦ ਨੇ ਵਿਅਕਤੀ ਨੂੰ  ਪੂਰੀ ਤਰ੍ਹਾਂ ਨਾਲ ਉਪਭੋਗਤਾਵਾਦੀ ਜੀਵ ਬਣਾ ਦਿੱਤਾ | ਇਸ ਪਰਲੋ ਵਿਚ ਮਾਪਿਆਂ ਅਤੇ ਅਧਿਆਪਕਾਂ ਦੀ ਕੋਈ ਪੇਸ਼ ਨਹੀਂ ਜਾ ਰਹੀ ਹੈ | ਪਿਛਲੀਆਂ ਇਕ-ਦੋ ਸਦੀਆਂ ਵਿਚ ਚਿੰਤਕਾਂ, ਲੇਖਕਾਂ ਅਤੇ ਬੁੱਧੀਜੀਵੀਆਂ ਨੇ ਆਪਣੇ ਹਥਿਆਰ ਪੂਰਨ ਰੂਪ ਵਿਚ ਸੁੱਟ ਦਿੱਤੇ ਹਨ ਅਤੇ ਪੂੰਜੀਵਾਦ ਦੇ ਸਨਮੁੱਖ ਆਪਣੀ ਹਾਰ ਨੂੰ  ਸਵੀਕਾਰ ਕਰ ਲਿਆ ਹੈ | ਸਾਡੇ ਗਾਇਕ, ਅਭਿਨੇਤਾ, ਲੇਖਕ ਅਤੇ ਚਿੰਤਕ ਪੂੰਜੀਪਤੀਆਂ ਦੇ ਦਲਾਲ ਅਤੇ ਏਜੰਟ ਬਣ ਚੁੱਕੇ ਹਨ | ਇਹੀ ਉਹ ਵਰਗ ਹੈ ਜੋ ਯੁਵਾ-ਪੀੜ੍ਹੀ ਨੂੰ  ਨਸ਼ਿਆਂ ਦੀ ਦਲਦਲ ਵਿਚ ਧੱਕ ਰਿਹਾ ਹੈ | ਮੋਹਨ ਸ਼ਰਮਾ ਵਰਗੇ ਮਿਸ਼ਨਰੀ ਲੋਕ ਇਸ ਰੁਝਾਨ ਨੂੰ  ਠੱਲ੍ਹ ਪਾਉਣ ਲਈ ਭਰਪੂਰ ਯਤਨ ਕਰ ਰਹੇ ਹਨ | ਇਸ ਪੁਸਤਕ ਵਿਚ ਸੰਕਲਿਤ ਕੁਝ ਲੇਖਾਂ ਦੇ ਟਾਈਟਲ ਦੇਖੋ : 1. ਕਿਉਂ ਥਿੜਕ ਰਿਹੈ ਵਿਦਿਆਰਥੀ ਵਰਗ? 2. ਨਸ਼ਾ ਛਡਾਊ ਕੇਂਦਰਾਂ ਵਿਚੋਂ ਕਿਉਂ ਭੱਜਦੇ ਹਨ ਨਸ਼ੇੜੀ? 3. ਜ਼ਹਿਰੀਲੀ ਸ਼ਰਾਬ ਦਾ ਮਾਰੂ ਦੁਖਾਂਤ, 4. ਨਸ਼ੇ ਦੇ ਧੰਦੇ ਵਿਚ ਔਰਤਾਂ, 5. ਯੁੱਧ : ਨਸ਼ਿਆਂ ਵਿਰੁੱਧ ਦੀ ਸਾਰਥਿਕਤਾ... ਇਤਿਆਦਿ | ਸੰਪਾਦਕ ਸ੍ਰੀ ਰਮਲਾ ਨੇ ਮੋਹਨ ਸ਼ਰਮਾ ਨੂੰ  'ਹਨੇਰੀ ਵਿਚ ਜਗਦੇ ਦੀਵੇ' ਨਾਲ ਤੁਲਨਾ ਦਿੱਤੀ ਹੈ ਕਿਉਂਕਿ ਸ੍ਰੀ ਸ਼ਰਮਾ ਇਕ ਮਰਦ-ਮੁਜਾਹਿਦ ਵਾਂਗ ਨਸ਼ਿਆਂ ਦੇ ਵਿਰੁੱਧ ਨੰਗੇ ਧੜ ਲੜ ਰਿਹਾ ਹੈ | ਇਹ ਲੇਖ, ਲੇਖਕ ਦੀ ਕਪੋਲ ਕਲਪਨਾ ਮਾਤਰ ਨਹੀਂ ਹਨ ਬਲਕਿ ਸਾਡੇ ਯੁੱਗ ਦਾ ਇਕ ਲਹੂ-ਲੁਹਾਣ ਯਥਾਰਥ ਹਨ | ਮੋਹਨ ਸ਼ਰਮਾ ਹਰ ਮਜ਼ਲੂਮ ਧਿਰ ਦੇ ਦੁਆਰ ਉੱਪਰ ਜਾ ਕੇ ਦਸਤਕ ਦਿੰਦਾ ਹੈ ਅਤੇ ਉਸ ਨੂੰ  ਆ ਰਹੇ ਭਿਆਨਕ ਭਵਿੱਖ ਬਾਰੇ ਸਾਵਧਾਨ ਕਰਦਾ ਹੈ | ਇਹੋ ਜਿਹੀਆਂ ਪੁਸਤਕਾਂ ਨੂੰ  ਸਕੂਲਾਂ, ਕਾਲਜਾਂ ਵਿਚ ਸੁਝਾਊ ਪੁਸਤਕਾਂ ਦੇ ਰੂਪ ਵਿਚ ਪੜ੍ਹਾਉਣਾ ਬਣਦਾ ਹੈ | ਪਰ ਸ਼ਰਤ ਇਹ ਹੈ ਕਿ ਪਹਿਲਾਂ ਅਧਿਆਪਕ ਅਜਿਹੀਆਂ ਪੁਸਤਕਾਂ ਨੂੰ  ਆਪ ਪੜ੍ਹਨ |

-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136

ਲਹੂ ਭਿੱਜੀਆਂ ਪੈੜਾਂ
ਲੇਖਕ : ਗੁਰਚਰਨ ਸਿੰਘ ਚੰਨੀ (ਅਲੀਕਾ)
ਪ੍ਰਕਾਸ਼ਕ: ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 250 ਰੁਪਏ, ਸਫ਼ੇ: 124
ਸੰਪਰਕ: 99151-41606


ਪੰਜਾਬ ਦੇ ਅੱਗ ਬੁਝਾਊ ਮਹਿਕਮੇ ਵਿਚ ਲੰਬਾ ਸਮਾਂ ਕੰਮ ਕਰਦੇ ਰਹੇ ਗੁਰਚਰਨ ਸਿੰਘ ਚੰਨੀ ਦਾ ਵੱਡੀ ਉਮਰ ਵਿਚ ਕਵਿਤਾ ਨਾਲ ਵਾਹ ਪਿਆ | ਬੇਸ਼ੱਕ ਹੁਣ ਉਹ ਸੇਵਾ-ਮੁਕਤੀ ਦੀ ਆਰਾਮਦਾਇਕ ਜ਼ਿੰਦਗੀ ਬਤੀਤ ਕਰ ਰਹੇ ਹਨ ਪਰ ਉਨ੍ਹਾਂ ਨੇ ਆਪਣੀ ਕਵਿਤਾ ਵਿਚਲੀ ਅੱਗ ਨੂੰ  ਕਦੇ ਵੀ ਮੱਠਾ ਨਹੀਂ ਪੈਣ ਦਿੱਤਾ | ਪੰਜਾਬ ਦੀ ਬੰਜਰ ਹੋ ਰਹੀ ਧਰਤੀ ਅਤੇ ਬਾਂਝ ਹੋ ਰਹੀ ਕੁੱਖ ਦਾ ਦਰਦ ਉਨ੍ਹਾਂ ਦੇ ਹੱਥਲੇ ਕਾਵਿ-ਸੰਗ੍ਰਹਿ 'ਲਹੂ ਭਿੱਜੀਆਂ ਪੈੜਾਂ' ਵਿਚ ਸ਼ਾਮਿਲ ਕਵਿਤਾਵਾਂ ਦੇ ਕੇਂਦਰ ਵਿਚ ਪ੍ਰਤੀਤ ਹੁੰਦਾ ਹੈ:
ਦੋਹਰੀ ਮਾਰ ਖਾ ਗਈ ਪੰਜਾਬ ਨੂੰ ,
ਧਰਤੀ ਬੰਜਰ ਮਾਂਵਾਂ ਨੇ ਬਾਂਝ ਇੱਥੇ |
ਗੁਰਚਰਨ ਸਿੰਘ ਚੰਨੀ ਮਹਿਸੂਸ ਕਰਦੇ ਹਨ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੌਜਵਾਨੀ ਨੂੰ  ਤਬਾਹ ਕਰ ਰਹੇ ਨਸ਼ਿਆਂ ਦੇ ਖ਼ਿਲਾਫ਼ ਹੱਲਾ-ਗੁੱਲਾ ਕਰਦੀਆਂ ਤਾਂ ਦਿਖਾਈ ਦਿੰਦੀਆਂ ਹਨ ਪਰ ਅਸਲ ਵਿਚ ਉਹ ਕਦੇ ਵੀ ਇਸ ਮਸਲੇ ਪ੍ਰਤੀ ਗੰਭੀਰ ਨਹੀਂ ਹੋਈਆਂ | ਅੱਜ ਵੀ ਹਰ ਸਾਧਾਰਨ ਵਿਅਕਤੀ ਨੂੰ  ਹਰ ਕਿਸਮ ਦਾ ਨਸ਼ਾ ਸਹਿਜੇ ਹੀ ਮਿਲ ਜਾਂਦਾ ਹੈ | ਫਿਰ ਜੇਕਰ ਨਸ਼ਿਆਂ ਵਿਰੁੱਧ ਕੀਤਾ ਜਾ ਰਿਹਾ ਪ੍ਰਚਾਰ ਵੀ ਨਸ਼ੇ ਨਾਲ ਗੁੱਟ ਕੇ ਕੀਤਾ ਜਾ ਰਿਹਾ ਹੋਵੇ, ਤਾਂ ਹਾਲਤ ਹੋਰ ਵੀ ਤਰਸਯੋਗ ਬਣ ਜਾਂਦੀ ਹੈ:
ਬੈਠੇ ਨੇ ਜੋ ਕਾਨੂੰਨ ਦੇ ਰਾਖੇ,
ਉਨ੍ਹਾਂ ਨੇ ਨਸ਼ੇ ਖਾਣ ਨਹੀਂ ਸੀ ਦੇਣੇ |
ਆਪ ਵੀ ਖਾਂਦੇ ਵੇਚੀ ਜਾਂਦੇ,
ਦੱਸੋ ਕਿਹੜਾ ਨਸ਼ੇ ਛੁਡਾਏਗਾ |
ਇੱਥੇ ਕਿਵੇਂ ਕੋਈ ਬਚ ਜਾਏਗਾ |
ਗੁਰਚਰਨ ਸਿੰਘ ਚੰਨੀ ਦੀ ਕਵਿਤਾ ਭਾਵੇਂ ਤੋਲ-ਤੁਕਾਂਤ ਦੀਆਂ ਗਿਣਤੀਆਂ-ਮਿਣਤੀਆਂ 'ਤੇ ਖਰੀ ਨਾ ਵੀ ਉੱਤਰਦੀ ਹੋਵੇ ਪਰ ਤਸੱਲੀ ਵਾਲੀ ਗੱਲ ਹੈ ਕਿ ਉਹ ਵਿਚਾਰਕ ਰੂਪ ਵਿਚ ਬੜੇ ਪਰਿਪੱਕ ਦਿਖਾਈ ਦਿੰਦੇ ਹਨ | ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਸਮਰਪਣ ਉਨ੍ਹਾਂ ਦੀ ਕਵਿਤਾ ਦਾ ਸ਼ਿੰਗਾਰ ਹੈ | ਉਨ੍ਹਾਂ ਨੂੰ  ਆਪਣੇ ਗੌਰਵਮਈ ਵਿਰਸੇ ਉੱਤੇ ਮਾਣ ਹੈ ਅਤੇ ਉਹ ਸਮਾਜਿਕ ਰਿਸ਼ਤਿਆਂ ਵਿਚੋਂ ਮਨਫ਼ੀ ਹੋ ਰਹੀਆਂ ਕਦਰਾਂ-ਕੀਮਤਾਂ ਪ੍ਰਤੀ ਬੜੇ ਫ਼ਿਕਰਮੰਦ ਹਨ | ਅਜੇ ਤਾਂ ਉਨ੍ਹਾਂ ਨੇ ਸਾਹਿਤਕ ਖੇਤਰ ਵਿਚ ਪਲੇਠਾ ਕਦਮ ਹੀ ਰੱਖਿਆ ਹੈ, ਇਸ ਲਈ ਉਨ੍ਹਾਂ ਕੋਲੋਂ ਹੋਰ ਉਸਾਰੂ ਸਿਰਜਣਾ ਦੀ ਉਮੀਦ ਕਰਦਿਆਂ ਉਨ੍ਹਾਂ ਦਾ ਸਵਾਗਤ ਹੋਣਾ ਚਾਹੀਦਾ ਹੈ |

-ਕਰਮ ਸਿੰਘ ਜ਼ਖ਼ਮੀ
ਮੋਬਾੀਲ : 98146-28027

ਸੂਰਮਗਤੀ ਨਾਲ ਸੰਬੰਧਿਤ ਕਿੱਸਾ-ਕਾਵਿ ਦਾ ਅਧਿਐਨ
(ਸਾਮੰਤਵਾਦੀ ਵਿਵਸਥਾ ਦੇ ਪ੍ਰਸੰਗ ਵਿਚ)
ਲੇਖਿਕਾ : ਡਾ. ਸਰਬਜੀਤ ਕੌਰ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 495 ਰੁਪਏ, ਸਫ਼ੇ : 273
ਸੰਪਰਕ : 99158-57644


ਇਹ ਪੁਸਤਕ ਪੀ.ਐੱਚ.ਡੀ. ਦੀ ਡਿਗਰੀ ਪ੍ਰਾਪਤ ਕਰਨ ਲਈ ਲਿਖਿਆ ਗਿਆ ਥੀਸਿਸ ਹੈ | ਇਸ ਨੂੰ  ਖੋਜ ਕਰਤਾ ਨੇ ਮੁੱਖ ਤੌਰ 'ਤੇ 6 ਕਾਂਡਾਂ ਵਿਚ ਵੰਡਿਆ ਹੈ: 'ਸੂਰਮਗਤੀ ਦਾ ਸੰਕਲਪ; ਪੰਜਾਬੀ ਕਿੱਸਾ-ਕਾਵਿ ਤੇ ਕਿੱਸਿਆਂ ਦਾ ਵਰਗੀਕਰਨ, ਜਿਊਣਾ ਮੌੜ ਨਾਲ ਸੰਬੰਧਿਤ ਕਿੱਸਿਆਂ ਵਿਚ ਸੂਰਮਗਤੀ ਦਾ ਸਰੂਪ, ਦੁੱਲਾ ਭੱਟੀ ਨਾਲ ਸੰਬੰਧਿਤ ਕਿੱਸਿਆਂ ਵਿਚ ਸੂਰਮਗਤੀ ਦਾ ਸਰੂਪ, ਸੁੱਚਾ ਸਿੰਘ ਸੂਰਮਾ ਨਾਲ ਸੰਬੰਧਿਤ ਕਿੱਸਿਆਂ ਵਿਚ ਸੂਰਮਗਤੀ ਦਾ ਸਰੂਪ, ਪੰਜਾਬੀ ਕਿੱਸਾ-ਕਾਵਿ ਸੂਰਮਗਤੀ ਦੇ ਪ੍ਰਤੀਮਾਨ | ਖੋਜ-ਪ੍ਰਕਿਰਿਆ ਦੀ ਦਿ੍ਸ਼ਟੀ ਤੋਂ ਆਧਾਰ ਪੁਸਤਕ ਅਤੇ ਸਹਾਇਕ ਪੁਸਤਕਾਂ ਦੀ ਸੂਚੀ ਵੀ ਦਿੱਤੀ ਗਈ ਹੈ |
ਪੰਜਾਬੀ ਕਿੱਸਿਆਂ ਵਿਚ ਸੂਰਮਗਤੀ ਦੇ ਸੰਕਲਪ ਬਾਰੇ ਚਰਚਾ ਕਰਦਿਆਂ ਖੋਜ ਕਰਤਾ ਨੇ ਦੱਸਿਆ ਹੈ ਕਿ ਪੰਜਾਬ ਦੀ ਭੂਗੋਲਿਕ ਸਥਿਤੀ ਕਾਰਨ ਸੂਰਮਗਤੀ ਦੇ ਬੀਜ ਇਥੋਂ ਦੇ ਇਤਿਹਾਸ ਵਿਚ ਆਰੰਭ ਵਿਚ ਬੀਜੇ ਗਏ ਸਨ | ਇਸੇ ਕਰਕੇ ਕਿਹਾ ਜਾਂਦਾ ਹੈ—ਪੰਜਾਬ ਦੇ ਜੰਮਿਆਂ ਨੂੰ  ਨਿੱਤ ਮੁਹਿੰਮਾਂ ਇਸ ਦੀ ਭੂਗੋਲਿਕ ਸਥਿਤੀ (ਸਰਹੱਦੀ ਸੂਬਾ) ਹੋਣ ਕਾਰਨ ਪੰਜਾਬ ਦੀ ਧਰਤੀ 'ਤੇ ਅਨੇਕਾਂ ਬਾਹਰੀ ਹਮਲੇ ਹੁੰਦੇ ਰਹੇ | ਪੰਜਾਬੀ ਹਰ ਹਮਲੇ ਨਾਲ ਟੱਕਰ ਲੈਂਦੇ ਰਹੇ | ਇਸੇ ਕਰਕੇ ਇਨ੍ਹਾਂ ਵਿਚ ਸੂਰਮਗਤੀ ਨਾਲ ਜੂਝਣ ਅਤੇ ਮਰ-ਮਿਟਣ ਦਾ ਸੁਭਾਅ ਹੀ ਬਣ ਗਿਆ |
ਇਸੇ ਕਰਕੇ ਪੰਜਾਬੀ ਵਾਰਾਂ, ਜੰਗਨਾਮੇ, ਬੀਰ-ਰਸੀ ਕਿੱਸੇ, ਸਾਕੇ-ਪ੍ਰਸੰਗ ਸਿਰਜੇ ਗਏ | ਭਗਤਾਂ, ਸੂਫ਼ੀਆਂ, ਗੁਰੂ ਸਾਹਿਬਾਨ ਨੇ ਸਨਾਤਨੀ ਧਰਮ ਵਿਰੁੱਧ ਆਵਾਜ਼ ਉਠਾ ਕੇ ਆਮ ਜਨਤਾ ਵਿਚ ਨਵੇਂ ਧਰਮ ਅਤੇ ਜੀਵਨ ਮੁੱਲਾਂ ਨੂੰ  ਸੰਚਾਰਿਤ ਕੀਤਾ | ਵਰਗੀਕਰਨ ਵਿਚ : ਆਸ਼ਕ  ਮਾਸ਼ੂਕਾਂ ਦੇ ਕਿੱਸੇ, ਧਰਮ ਦੇ ਪਰਵਾਨਿਆਂ ਦੇ ਕਿੱਸੇ, ਯੋਧਿਆਂ ਦੇ ਕਿੱਸੇ, ਆਮ ਕਿੱਸੇ ਸਮੇਂ-ਸਮੇਂ 'ਤੇ ਸਿਰਜੇ ਗਏ |
ਜਿਊਣਾ ਮੌੜ ਦੇ ਕਿੱਸੇ ਭਗਵਾਨ ਸਿੰਘ, ਕਰਤਾਰ ਸਿੰਘ ਘਰਾਚੋਂ, ਜੋਰਾ ਸਿੰਘ ਬਾਸੀਅਰਕ, ਪੂਰਨ ਰਾਮ ਨੇ ਕਿੱਸੇ ਲਿਖੇ | ਜਿਊਣਾ ਮੌੜ ਗਊ-ਗ਼ਰੀਬ ਦਾ ਰੱਖਿਅਕ, ਅਨਿਆਂ ਅਤੇ ਜ਼ੁਲਮ ਵਿਰੁੱਧ ਟੱਕਰ ਲੈਣ ਕਾਰਨ ਅਣਖੀ ਸੂਰਮੇ ਵਜੋਂ ਉੱਭਰ ਕੇ ਸਾਹਮਣੇ ਆਉਂਦਾ ਹੈ | ਦੁੱਲਾ ਭੱਟੀ ਬਾਰੇ ਕਿਸ਼ਨ ਸਿੰਘ ਆਰਿਫ਼, ਰਾਮ ਚੰਦ ਤੇ ਬਾਬੂ ਰਜਬ ਅਲੀ ਆਦਿ ਨੇ ਕਿੱਸੇ ਲਿਖੇ | ਦੁੱਲਾ ਭੱਟੀ ਮਨੁੱਖੀ ਆਜ਼ਾਦੀ ਅਤੇ ਅਣਖ ਦਾ ਪ੍ਰਤੀਕ ਹੈ | ਸੁੱਚਾ ਸਿੰਘ ਬਾਰੇ ਬਾਬੂ ਰਜਬ ਅਲੀ, ਸ਼ੇਰ ਸਿੰਘ ਸੰਦਲ, ਸੰਤਾ ਸਿੰਘ ਆਦਿ ਨੇ ਕਿੱਸੇ ਲਿਖੇ | ਇਨ੍ਹਾਂ ਤਿੰਨਾਂ ਸੂਰਮਿਆਂ (ਜਿਊਣਾ ਮੌੜ, ਦੁੱਲਾ ਭੱਟੀ ਅਤੇ ਸੁੱਚਾ ਸਿੰਘ ਸੂਰਮਾ) ਦੀਆਂ ਜੀਵਨ ਘਟਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਸ਼ੋਧ-ਕਰਤਾ ਨੇ ਇਨ੍ਹਾਂ ਨੂੰ  ਨਲਬਰੀ ਦੇ, ਬਦਲੇ ਦੇ, ਅਣਖ ਦੇ, ਪਰਹਿਤਕਾਰੀ ਆਦਿ ਦੇ ਮਾਡਲਾਂ ਅਨੁਸਾਰ ਬੜੀ ਡੂੰਘਾਈ ਨਾਲ ਵਿਚਾਰ ਕੇ ਪੇਸ਼ਕਾਰੀ ਕੀਤੀ ਹੈ |
'ਸੌ ਗਜ਼ ਰੱਸਾ ਅਤੇ ਸਿਰੇ 'ਤੇ ਗੰਢ' ਅਨੁਸਾਰ ਕਿਹਾ ਜਾ ਸਕਦਾ ਹੈ ਕਿ ਇਹ ਉਪਰੋਕਤ ਤਿੰਨੇ ਸੂਰਮੇ ਆਪਣੀ ਅਣਖ, ਦਲੇਰੀ, ਪਰਉਪਕਾਰ ਕਰਕੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਵਿਚ ਸੂਰਮਿਆਂ ਵਜੋਂ ਉੱਭਰ ਕੇ ਸਾਹਮਣੇ ਆਉਂਦੇ ਹਨ | ਇਨ੍ਹਾਂ ਤਿੰਨਾਂ ਨੇ ਸਥਾਪਤ ਵਿਵਸਥਾ ਵਿਰੁੱਧ ਆਵਾਜ਼ ਉਠਾ ਕੇ ਸਰਕਾਰੀ ਜ਼ੁਲਮ ਤੋਂ ਆਮ ਲੋਕਾਂ ਨੂੰ  ਜਾਗਰੂਕ ਕੀਤਾ | ਲੁੱਟੇ ਹੋਏ ਧਨ ਨਾਲ ਗ਼ਰੀਬ ਦੀ ਸਹਾਇਤਾ ਕੀਤੀ | ਖੋਜ ਕਰਤਾ ਦੀ ਮਿਹਨਤ ਦੀ ਪ੍ਰਸੰਸਾ ਕਰਨੀ ਬਣਦੀ ਹੈ |

-ਡਾ. ਧਰਮ ਚੰਦ ਵਾਤਿਸ਼
ਈਮੇਲ : vatish.dharamchand0gmail.com

ਪ੍ਰੇਤ ਕਥਾਵਾਂ
ਸੰਪਾਦਨ ਅਤੇ ਅਨੁਵਾਦ: ਜਸਪ੍ਰੀਤ ਸਿੰਘ ਜਗਰਾਉਂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 275 ਰੁਪਏ, ਸਫ਼ੇ : 176
ਸੰਪਰਕ : 99151-03490


ਪੰਜਾਬੀ ਸਾਹਿਤ ਵਿਚ ਵਿਸ਼ਵ ਸਾਹਿਤ ਦੀਆਂ ਪ੍ਰਸਿੱਧ ਰਚਨਾਵਾਂ ਨੂੰ  ਇਕ ਸੰਪਾਦਿਤ ਪੁਸਤਕ ਰਾਹੀਂ ਪਾਠਕਾਂ ਤੱਕ ਪਹੁੰਚਾਉਣ ਦੇ ਯਤਨ ਬਹੁਤ ਘੱਟ ਹੋਏ ਹਨ | ਇਸ ਪੱਖੋਂ ਜਸਪ੍ਰੀਤ ਸਿੰਘ ਜਗਰਾਉਂ ਵਲੋਂ ਸੰਪਾਦਿਤ ਅਤੇ ਅਨੁਵਾਦਿਤ ਪ੍ਰੇਤ ਕਥਾਵਾਂ ਇਕ ਮਹੱਤਵਪੂਰਨ, ਸੰਗ੍ਰਹਿਣਯੋਗ ਅਤੇ ਪਾਠਨਯੋਗ ਸੰਕਲਨ ਹੈ | ਇਹ ਸਿਰਫ਼ ਭੂਤ-ਪ੍ਰੇਤ ਨਾਲ ਸੰਬੰਧਿਤ ਕਹਾਣੀਆਂ ਦਾ ਸੰਗ੍ਰਹਿ ਨਹੀਂ, ਸਗੋਂ ਮਨੁੱਖੀ ਮਨ ਦੀਆਂ ਗਹਿਰਾਈਆਂ, ਡਰ, ਰਹੱਸ, ਅਲੌਕਿਕ ਅਨੁਭਵ, ਅਪਰਾਧ-ਬੋਧ, ਇਕੱਲੇਪਣ ਅਤੇ ਮੌਤ-ਚੇਤਨਾ ਦੀ ਕਲਾਤਮਿਕ ਅਭਿਵਿਅਕਤੀ ਹੈ | ਇਸ ਪੁਸਤਕ ਵਿਚ 15 ਵਿਸ਼ਵ-ਪ੍ਰਸਿੱਧ ਕਹਾਣੀਕਾਰਾਂ ਦੀਆਂ 17 ਚੋਣਵੀਆਂ ਕਹਾਣੀਆਂ ਸ਼ਾਮਿਲ ਹਨ | ਸੰਕਲਨ ਦੀ ਸ਼ੁਰੂਆਤ ਵਿਲੀਅਮ ਸ਼ੇਕਸਪੀਅਰ ਦੇ ਤੂਫ਼ਾਨ ਨਾਲ ਹੁੰਦੀ ਹੈ, ਜੋ ਪੂਰੇ ਸੰਗ੍ਰਹਿ ਲਈ ਅਲੌਕਿਕ ਅਤੇ ਰਹੱਸਮਈ ਮਾਹੌਲ ਸਿਰਜਦਾ ਹੈ | ਇਸ ਤੋਂ ਇਲਾਵਾ ਭੂਤੀਆ ਪਿੰਡ, ਤਾਬੂਤਸਾਜ਼, ਸੇਂਟ ਜੌਨ ਦਿਵਸ ਦੀ ਪ੍ਰਵਰ-ਸੰਧਿਆ, ਬੋਬੋਕ, ਕੈਂਟਰਵਿਲੇ ਦਾ ਭੂਤ, ਹੱਡੀ-ਪਿੰਜਰ, ਇਮਰੇ ਦੀ ਵਾਪਸੀ, ਕੋਲਫ਼ੀਲਡ ਦਾ ਗੁਨਾਹ, ਦੁਨੀਆ ਆਯਾ, ਅਰਨੋਲਡ ਦਾ ਬੁਲਾਵਾ, ਮੂੰਜੀਆ, ਮੌਤ ਮਗਰੋਂ, ਸ਼ਿਕਾਰੀ ਗ੍ਰੇਚਸ, ਤਲਾਅ, ਆਰੀਆਂ ਦੀ ਮੁਸਕਰਾਹਟ ਅਤੇ ਕਰਾਂਤੀਕਾਰੀ ਈਸ਼ਵਰ ਵਰਗੀਆਂ ਰਚਨਾਵਾਂ ਮਨੁੱਖੀ ਮਨੋਵਿਗਿਆਨ, ਅੰਧ-ਮਾਨਤਾਵਾਂ, ਸੰਵੇਦਨਾ ਅਤੇ ਦਾਰਸ਼ਨਿਕ ਚਿੰਤਨ ਨੂੰ  ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀਆਂ ਹਨ | ਖ਼ਾਸ ਤੌਰ 'ਤੇ ਰਬਿੰਦਰਨਾਥ ਟੈਗੋਰ ਦੀ ਹੱਡੀ-ਪਿੰਜਰ ਮਨੁੱਖੀ ਪ੍ਰੇਮ, ਆਤਮਿਕ ਪੀੜਾ ਅਤੇ ਯਾਦ ਦੀ ਮਾਰਮਿਕ ਅਭਿਵਿਅਕਤੀ ਹੈ | ਸੰਪਾਦਕ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਉਨ੍ਹਾਂ ਨੇ ਕੇਵਲ ਅਨੁਵਾਦ ਹੀ ਨਹੀਂ ਕੀਤਾ, ਸਗੋਂ ਹਰ ਰਚਨਾ ਦੀ ਮੂਲ ਸੰਵੇਦਨਾ, ਸੱਭਿਆਚਾਰਕ ਪਿਛੋਕੜ ਅਤੇ ਸਾਹਿਤਕ ਰੂਹ ਨੂੰ  ਪੰਜਾਬੀ ਵਿਚ ਜੀਵੰਤ ਰੱਖਿਆ ਹੈ | ਭਾਸ਼ਾ ਸਰਲ, ਪ੍ਰਵਾਹਮਈ ਅਤੇ ਪ੍ਰਭਾਵਸ਼ਾਲੀ ਹੈ | ਸਮੁੱਚੇ ਤੌਰ 'ਤੇ ਪ੍ਰੇਤ ਕਥਾਵਾਂ ਪੰਜਾਬੀ ਵਿਚ ਵਿਸ਼ਵ ਪ੍ਰੇਤ-ਸਾਹਿਤ ਦਾ ਇਕ ਮਹੱਤਵਪੂਰਨ ਦਸਤਾਵੇਜ਼ ਹੈ, ਜੋ ਪਾਠਕ ਨੂੰ  ਯੂਰਪੀ, ਰੂਸੀ, ਭਾਰਤੀ ਅਤੇ ਅੰਗਰੇਜ਼ੀ ਕਥਾ-ਪਰੰਪਰਾਵਾਂ ਨਾਲ ਜਾਣੂ ਕਰਵਾਉਂਦਾ ਹੋਇਆ ਡਰ ਤੋਂ ਪਰੇ ਮਨੁੱਖੀ ਮਨ ਦੀਆਂ ਗੁੰਝਲਾਂ ਨੂੰ  ਸਮਝਣ ਦਾ ਮੌਕਾ ਪ੍ਰਦਾਨ ਕਰਦਾ ਹੈ |

-ਡਾ. ਨਾਇਬ ਸਿੰਘ ਮੰਡੇਰ
ਮੋਬਾਈਲ : 81684-55601

ਪਿਛਲੀ ਖ਼ਬਰ Kanaya1 ਅਗਲੀ ਖ਼ਬਰ ਉਦੈ ਸਿੰਘ 'ਸ਼ਾਇਕ' (1895 ਤੋਂ 1987 ਤੱਕ)

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।