09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ *

ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ *

ਅਜੀਤ ਡੈਸਕ 09-08-2026


ਇਕਵਿੰਦਰ ਸਿੰਘ ਤਕਰੀਬਨ ਚਾਰ ਦਹਾਕਿਆਂ ਤੋਂ ਪੰਜਾਬੀ ਗ਼ਜ਼ਲ ਨਾਲ ਜੁੜਿਆ ਹੋਇਆ ਹੈ ਤੇ ਉਹ ਇਸ ਖ਼ੇਤਰ ਦਾ ਗੂੜ੍ਹਾ ਤੇ ਪ੍ਰਮਾਣਿਕ ਹਸਤਾਖ਼ਰ ਹੈ। ਉਸ ਦੀ ਪਹਿਚਾਣ ਇਕਵਿੰਦਰ ਸਿੰਘ ਢੱਟ ਵਜੋਂ ਵੀ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਪੁਰਹੀਰਾਂ ਵਿਚ 1957 ਵਿਚ ਪੈਦਾ ਹੋਏ ਇਕਵਿੰਦਰ ਦੀ ਰਿਹਾਇਸ਼ ਅੱਜਕਲ੍ਹ ਯੂਬਾਸਿਟੀ (ਕੈਲੀਫ਼ੋਰਨੀਆ) ਵਿਚ ਹੈ। ਕਿਸੇ ਵੇਲੇ ਉਸ ਦੀਆਂ ਕੁਝ ਗ਼ਜ਼ਲਾਂ ਦੀਆਂ ਜ਼ਮੀਨਾਂ 'ਤੇ ਨਾਮਵਰ ਗ਼ਜ਼ਲਕਾਰਾਂ ਨੇ ਵੀ ਗ਼ਜ਼ਲਾਂ ਕਹੀਆਂ ਸਨ। ਹੁਸ਼ਿਆਰਪੁਰ ਜ਼ਿਲ੍ਹੇ ਨੇ ਉਰਦੂ ਤੋਂ ਇਲਾਵਾ ਜਿਹੜੇ ਪੰਜਾਬੀ ਦੇ ਵੱਡੇ ਗ਼ਜ਼ਲਕਾਰ ਪੈਦਾ ਕੀਤੇ ਹਨ, ਇਨ੍ਹਾਂ ਵਿਚ ਇਕਵਿੰਦਰ ਦਾ ਨਾਂਅ ਵੀ ਹੈ। ਉਹ ਦਵਿੰਦਰ ਜੋਸ਼ ਤੇ ਮਹਿੰਦਰ ਦੀਵਾਨਾ ਤੋਂ ਕਾਫ਼ੀ ਪ੍ਰਭਾਵਤ ਰਿਹਾ ਹੈ ਤੇ ਕਿਤੇ ਨਾ ਕਿਤੇ ਉਸ ਦੀ ਗ਼ਜ਼ਲ 'ਤੇ ਇਨ੍ਹਾਂ ਦੋਹਾਂ ਦੀ ਛਾਪ ਵੀ ਹੈ। ਉਹ ਸਧਾਰਨ ਸ਼ਬਦਾਂ ਵਿਚ ਵੱਡੇ ਅਰਥਾਂ ਵਾਲੀ ਗੱਲ ਕਰਨ ਦਾ ਹੁਨਰ ਬਾਖ਼ੂਬੀ ਜਾਣਦਾ ਹੈ। ਹੁਣ ਤਕ ਉਸ ਦੇ ਚਾਰ ਗ਼ਜ਼ਲ-ਸੰਗ੍ਰਹਿ ਛਪ ਚੁੱਕੇ ਹਨ ਤੇ ਇਕ ਪੁਸਤਕ ਸੰਪਾਦਿਤ ਕੀਤੀ ਹੈ। ਪੇਸ਼ ਹਨ ਇਕਵਿੰਦਰ ਦੀਆਂ ਦੋ ਗ਼ਜ਼ਲਾਂ-
-ਮੋਬਾਈਲ : 99884-44002


ਦੂਰੀਆਂ, ਬੇ-ਨੂਰੀਆਂ, ਮਜਬੂਰੀਆਂ।
ਪਿਆਰ ਵਿੱਚ ਕਦ ਪੈਂਦੀਆਂ ਨੇ ਪੂਰੀਆਂ?

ਹਰ ਕਿਸੇ ਦੇ ਭਾਗ ਵਿੱਚ ਹੁੰਦੀਆਂ ਨਹੀਂ,
ਦੌਲਤਾਂ, ਫ਼ਨਕਾਰੀਆਂ, ਮਸ਼ਹੂਰੀਆਂ।

ਲੋੜ ਨਾ ਹੋਵੇ ਤਾਂ ਪਾਉਂਦਾ ਕੌਣ ਹੈ?
ਚਿੱਠੀਆਂ, ਸਾਂਝਾਂ, ਮੁਹੱਬਤਾਂ, ਚੂਰੀਆਂ।

ਆਪਣੇ ਹਿੱਸੇ ਨਾ ਆਈਆਂ ਉਮਰ ਭਰ,
ਤਿੱਤਲੀਆਂ, ਸਰਦਾਰੀਆਂ, ਮਸ਼ਹੂਰੀਆਂ।

ਔਖੀਆਂ ਹੀ ਮਿਟਦੀਆਂ ਪੈ ਜਾਣ ਜੇ,
ਆਦਤਾਂ, ਪਗਡੰਡੀਆਂ, ਦਿਲਦੂਰੀਆਂ।

ਕਰਨੀਆਂ ਪੈ ਜਾਣ ਤਾਂ ਮਿਹਣਾ ਨਹੀਂ,
ਮਿਹਨਤਾਂ, ਹਮਦਰਦੀਆਂ, ਮਜ਼ਦੂਰੀਆਂ।

ਇਸ਼ਕ 'ਇਕਵਿੰਦਰ' ਹੈ ਕੀ ਲੱਥ ਜਾਣ ਜੇ,
ਮਸਤੀਆਂ, ਮਦਹੋਸ਼ੀਆਂ, ਮਖ਼ਮੂਰੀਆਂ।
*

*
ਜ਼ਿੰਦਗੀ ਇਕਸਾਰ ਸੀ ਪਿਛਲੇ ਦਿਨੀਂ।
ਮਹਿਕਦੀ ਗੁਲਜ਼ਾਰ ਸੀ ਪਿਛਲੇ ਦਿਨੀਂ।

ਹਰ ਕਿਸੇ ਨੂੰ ਆਪਣੇ ਜਾਂ ਗ਼ੈਰ 'ਤੇ,
ਬਹੁਤ ਹੀ ਇਤਬਾਰ ਸੀ ਪਿਛਲੇ ਦਿਨੀਂ।

ਆਪਦਾ ਕਰਦਾ ਮਸੀਹਾ ਕੀ ਇਲਾਜ?
ਉਹ ਤਾਂ ਖ਼ੁਦ ਬੀਮਾਰ ਸੀ ਪਿਛਲੇ ਦਿਨੀਂ।

ਰੰਗਲੇ ਸੁਪਨੇ ਗੁਲਾਬੀ ਰਾਤ-ਦਿਨ,
ਸਭ ਅਸਾਂ ਦੇ ਯਾਰ ਸੀ ਪਿਛਲੇ ਦਿਨੀਂ।

ਆਪਦੇ ਆਉਣੇ 'ਤੇ ਸਾਰਾ ਲਹਿ ਗਿਆ,
ਦਿਲ 'ਤੇ ਜਿੰਨਾ ਭਾਰ ਸੀ ਪਿਛਲੇ ਦਿਨੀਂ।

ਸਿਸਕਦੇ ਨੇ ਫੁੱਲ ਪੱਤੀਆਂ ਬਾਗ਼ ਵਿੱਚ,
ਕੌਣ ਪਹਿਰੇਦਾਰ ਸੀ ਪਿਛਲੇ ਦਿਨੀਂ?

ਹੁਣ ਉਹ ਮੈਨੂੰ ਦੇ ਰਿਹਾ ਹੈ ਗ਼ਮ ਹੀ ਗ਼ਮ,
ਜੋ ਮੇਰਾ ਗ਼ਮਖ਼ਾਰ ਸੀ ਪਿਛਲੇ ਦਿਨੀਂ।

ਪਿਛਲੀ ਖ਼ਬਰ ਰਾਮ ਲਾਲ ਅਤੇ ਖਰਗੋਸ਼ ਅਗਲੀ ਖ਼ਬਰ ਸੈਫ਼-ਉਦ-ਦੀਨ 'ਸੈਫ਼' (20 ਮਾਰਚ 1922 ਤੋਂ 12 ਜੁਲਾਈ 1993)

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।