ਜਲੰਧਰ, 27 ਨਵੰਬਰ (ਐੱਮ. ਐੱਸ. ਲੋਹੀਆ) - ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਪਿਮਸ), ਜਲੰਧਰ ਨੇ ਸਾਰੀਆਂ ਬੀਮਾ ਕੰਪਨੀਆਂ ਨਾਲ ਸੂਚੀਬੱਧ ਹੋ ਕੇ ਇਕ ਹੋਰ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਡਾ. ਕੰਵਲਜੀਤ ਸਿੰਘ, ਕਾਰਜਕਾਰੀ ਚੇਅਰਮੈਨ, ਪਿਮਸ ਨੇ ਕਿਹਾ ਕਿ ਇਸ ਸੂਚੀਬੱਧਤਾ ਤਹਿਤ ਪ੍ਰਮਾਣਿਤ ਸਿਹਤ ਬੀਮਾ ਪਾਲਿਸੀ ਰੱਖਣ ਵਾਲੇ ਮਰੀਜ਼ ਪਿਮਸ ਵਿਖੇ ਕੈਸ਼ਲੈੱਸ ਇਲਾਜ ਦੀਆਂ ਸਹੂਲਤਾਂ ਦਾ ਲਾਭ ਲੈ ਸਕਦੇ ਹਨ। ਇਹ ਸਹੂਲਤ ਸੰਬੰਧਤ ਬੀਮਾ ਪਾਲਿਸੀਆਂ ਦੇ ਨਿਯਮਾਂ ਅਤੇ ਸ਼ਰਤਾਂ ਅਤੇ ਸੰਬੰਧਤ ਬੀਮਾ ਕੰਪਨੀ ਦੀ ਮਨਜ਼ੂਰੀ ਦੇ ਅਧੀਨ ਹੋਵੇਗੀ। ਇਸ ਸਹੂਲਤ ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਯੋਗ ਮੈਡੀਕਲ ਇਲਾਜ ਲਈ ਤੁਰੰਤ ਪੈਸਿਆਂ ਦਾ ਪ੍ਰਬੰਧ ਕਰਨ ਦੇ ਵਿੱਤੀ ਬੋਝ ਨੂੰ ਘਟਾਉਣ ਵਿੱਚ ਮਦਦ ਮਿਲੇਗੀ, ਜਿਸ ਨਾਲ ਉਹ ਸਮੇਂ ਸਿਰ ਅਤੇ ਉਚਿਤ ਮੈਡੀਕਲ ਦੇਖਭਾਲ ਪ੍ਰਾਪਤ ਕਰਨ ਵੱਲ ਧਿਆਨ ਕੇਂਦਰਿਤ ਕਰ ਸਕਣਗੇ।