12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਲਾਇਸੰਸੀ ਅਸਲ੍ਹੇ ਦਾ ਵਿਖਾਵਾ ਕਰਨ ਦੇ ਦੋਸ਼ ਹੇਠ ਟਰੂ ਬਲੈਂਡ ਕੈਫ਼ੇ ਦੇ ਮਾਲਕ ਸਣੇ 2 ਗ੍ਰਿਫ਼ਤਾਰ

ਜਲੰਧਰ, 11 ਨਵੰਬਰ (ਜਤਿੰਦਰ ਪੰਮੀ)-ਲਾਇਸੰਸੀ ਅਸਲੇ ਦਾ ਨਾਜਾਇਜ਼ ਤੌਰ ’ਤੇ ਪਾਬੰਦੀ ਦੇ ਬਾਵਜੂਦ ਪ੍ਰਦਰਸ਼ਨ ਕਰਨ ’ਤੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਕੈਫੇ ਦੇ ਮਾਲਕ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਲਾਇਸੰਸੀ . 45 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ।

ਅਜੀਤ ਡੈਸਕ 12-11-2026
ਜਲੰਧਰ, 11 ਨਵੰਬਰ (ਜਤਿੰਦਰ ਪੰਮੀ)-ਲਾਇਸੰਸੀ ਅਸਲੇ ਦਾ ਨਾਜਾਇਜ਼ ਤੌਰ ’ਤੇ ਪਾਬੰਦੀ ਦੇ ਬਾਵਜੂਦ ਪ੍ਰਦਰਸ਼ਨ ਕਰਨ ’ਤੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਕੈਫੇ ਦੇ ਮਾਲਕ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਲਾਇਸੰਸੀ .45 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸ਼ਿਵਾ ਥਾਪਰ ਵਾਸੀ ਥਾਪਰਾਂ ਮੁਹੱਲਾ ਜੋ ਕਿ ਅਰਬਨ ਅਸਟੇਟ ਫੇਜ਼-2 ਵਿੱਚ ਟਰੂ ਬਲੈਂਡ ਕੈਫੇ ਚਲਾਉਂਦਾ ਹੈ ਤੇ ਲਵਪ੍ਰੀਤ ਸਿੰਘ ਉਰਫ਼ ਲਵ ਵਾਸੀ ਨੀਜਾਮਪੁਰ ਮਜੀਠਾ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ। ਦੋਵਾਂ ਖਿਲਾਫ਼ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਕਰਨ ਸੰਬੰਧੀ ਧਾਰਾ 223 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਪੁਲਿਸ ਲਾਈਨ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਡੀ. ਸੀ. ਪੀ. ਲਾਅ ਐਂਡ ਆਰਡਰ ਜਸਰੂਪ ਕੌਰ ਬਾਠ ਨੇ ਦੱਸਿਆ ਕਿ ਥਾਣਾ-7 ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਿਵਾ ਥਾਪਰ ਆਪਣੇ ਲਾਇਸੰਸੀ ਹਥਿਆਰ ਨਾਲ ਅਰਬਨ ਅਸਟੇਟ ਫੇਜ਼-2 ਸਥਿਤ ਆਪਣੇ ਟਰੂ ਬਲੈਂਡ ਕੈਫੇ ਵਿਚ ਬੈਠ ਕੇ ਹਥਿਆਰਾਂ ਦਾ ਪ੍ਰਦਰਸ਼ਨ ਕਰ ਰਿਹਾ ਹੈ। ਇਸ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ ਸ਼ਿਵਾ ਥਾਪਰ ਤੇ ਉਸ ਦੇ ਸਾਥੀ ਲਵਪ੍ਰੀਤ ਸਿੰਘ ਉਰਫ ਲਵ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਸ਼ਿਵਾ ਥਾਪਰ ਕੋਲੋਂ ਉਸ ਦੀ ਲਾਇਸੰਸੀ ਪਿਸੌਤਲ ਜ਼ਬਤ ਕਰ ਲਈ। ਹਥਿਆਰਾਂ ਦੇ ਪ੍ਰਦਰਸ਼ਨ ਕਰਨ ਦੀਆਂ ਸੋਸ਼ਲ ਮੀਡੀਆ ’ਤੇ ਅਕਸਰ ਵੀਡੀਓ ਵਾਇਰਲ ਹੋਣ ਸੰਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਡੀ. ਸੀ. ਪੀ. ਜਸਰੂਪ ਕੌਰ ਬਾਠ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਵਲੋਂ ਹਥਿਆਰਾਂ ਦੇ ਨਾਜਾਇਜ਼ ਪ੍ਰਦਰਸ਼ਨ ਕਰਨ ’ਤੇ ਸਖ਼ਤੀ ਵਰਤਦਿਆਂ ਲੰਘੀ 6 ਨਵੰਬਰ ਨੂੰ ਪਾਬੰਦੀ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੈਂਕੜ ਕਾਰਨ ਜਾਂ ਫੋਕੀ ਟੌਹਰ ਖਾਤਰ ਅਸਲ੍ਹੇ ਦਾ ਪ੍ਰਦਰਸ਼ਨ ਕਰਨ ਵਾਲਿਆਂ ’ਤੇ ਆਰਮਜ਼ ਐਕਟ ਤਹਿਤ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ, ਚਾਹੇ ਉਸ ਦਾ ਅਸਲ੍ਹਾ ਲਾਇਸੰਸੀ ਹੀ ਕਿਉਂ ਨਾ ਹੋਵੇ। ਇਸ ਮੌਕੇ ਉਨ੍ਹਾਂ ਨਾਲ ਏ. ਸੀ. ਪੀ. ਮਾਡਲ ਟਾਊਨ ਮਨਮੋਹਨ ਸਿੰਘ ਤੇ ਥਾਣਾ ਮੁਖੀ ਰਵਿੰਦਰ ਕੁਮਾਰ ਵੀ ਮੌਜੂਦ ਸਨ।
ਪਿਛਲੀ ਖ਼ਬਰ ਭਾਰਗੋ ਕੈਂਪ ਵਿਖੇ ਪੂਜਾ ਲਈ ਜਗਾਈ ਜੋਤ ਨਾਲ ਘਰ ਦੇ ਚੁਬਾਰੇ ’ਚ ਲੱਗੀ ਅੱਗ, ਸਾਰਾ ਸਾਮਾਨ ਸੜ ਕੇ ਸੁਆਹ ਅਗਲੀ ਖ਼ਬਰ ਸਰਵਰ ਬੰਦ ਹੋਣ ਕਾਰਨ ਡਰਾਈਵਿੰਗ ਟਰੈਕ ’ਤੇ ਲਾਇਸੈਂਸਾਂ ਦੇ ਟੈਸਟ ਰਹੇ ਠੱਪ, ਲੋਕ ਹੋਏ ਖੱਜਲ-ਖੁਆਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।