ਲੋਹੀਆਂ ਦੇ ਅਕਾਲ ਗਲੈਕਸੀ ਕਾਨਵੈਂਟ ਸਕੂਲ ’ਚ ‘ਪੰਜਾਬੀ ਦਿਵਸ’ ਸੰਬੰਧੀ ਸਮਾਗਮ
ਲੋਹੀਆਂ ਖਾਸ, 23 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸਿੱਧੂਪੁਰ ਰੋਡ ’ਤੇ ਪੈਂਦੇ ‘ਅਕਾਲ ਗਲੈਕਸੀ ਕਾਨਵੈਂਟ ਸਕੂਲ ਲੋਹੀਆਂ ਖਾਸ’ ਵਿਚ ਪ੍ਰਿੰਸੀਪਲ ਮੈਡਮ ਅਮਨਪ੍ਰੀਤ ਕੌਰ ਜੀ ਦੀ ਅਗਵਾਈ ਹੇਠ ਬੱਚਿਆਂ ਅਤੇ ਸਮੂਹ ਸਟਾਫ਼ ਵਲੋਂ ਵਿਸ਼ਵ ਪੰਜਾਬੀ ਦਿਵਸ ਮਨਾਇਆ ਗਿਆ| ਇਸ ਮੌਕੇ ਪੰਜਾਬੀ ਭਾਸ਼ਾ ਦੀ ਮਹੱਤਤਾ ਨੂੰ ਦਰਸਾਉਂਦਿਆਂ ਬੱਚਿਆਂ ਵੱਲੋਂ ਗੁਰਮੁਖੀ ਅੱਖਰਾਂ ਨਾਲ ਸੰਬੰਧਿਤ ਸੁੰਦਰ ਪੇਸ਼ਕਾਰੀਆਂ ਦਿੱਤੀਆਂ ਗਈਆਂ ਅਤੇ ਰੰਗ-ਬਿਰੰਗੇ ਪੋਸਟਰ ਤਿਆਰ ਕੀਤੇ ਗਏ| ਇਨ੍ਹਾਂ ਗਤੀਵਿਧੀਆਂ ਰਾਹੀਂ ਬੱਚਿਆਂ ਨੇ ਆਪਣੀ ਮਾਂ ਬੋਲੀ ਪ੍ਰਤੀ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ| ਸੰਬੋਧਨ ਕਰਦਿਆਂ ਪ੍ਰਿੰਸੀਪਲ ਮੈਡਮ ਅਮਨਪ੍ਰੀਤ ਕੌਰ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਹਰ ਭਾਸ਼ਾ ਆਪਣੇ ਆਪ ਵਿੱਚ ਖ਼ੂਬਸੂਰਤ ਅਤੇ ਮਹੱਤਵਪੂਰਨ ਹੁੰਦੀ ਹੈ, ਪਰ ਸਾਨੂੰ ਆਪਣੀ ਮਾਂ ਬੋਲੀ ਨੂੰ ਕਦੇ ਵੀ ਵਿਸਾਰਨਾ ਨਹੀਂ ਚਾਹੀਦਾ, ਆਪਣੀ ਭਾਸ਼ਾ ਨਾਲ ਜੁੜੇ ਰਹਿਣਾ ਸਾਡੀ ਵਿਰਾਸਤ ਅਤੇ ਸੱਭਿਆਚਾਰ ਨੂੰ ਸੰਭਾਲਣ ਦਾ ਅਹਿਮ ਹਿੱਸਾ ਹੈ| ਉਨ੍ਹਾਂ ਕਿਹਾ ਕਿ ਮਾਂ ਬੋਲੀ ਸਿਰਫ਼ ਸ਼ਬਦਾਂ ਦਾ ਮੇਲ ਨਹੀਂ, ਇਹ ਸਾਡੀਆਂ ਜੜ੍ਹਾਂ, ਸਾਡੀ ਵਿਰਾਸਤ ਅਤੇ ਸਾਡੀ ਪਹਿਚਾਣ ਹੈ, ਆਓ, ਅਸੀਂ ਸਾਰੇ ਮਿਲ ਕੇ ਆਪਣੀ ਮਾਂ ਬੋਲੀ ਪੰਜਾਬੀ ਦਾ ਮਾਣ ਵਧਾਈਏ ਅਤੇ ਇਸ ਦੀ ਮਿੱਠਾਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਈਏ| ਇਸ ਮੌਕੇ ਸਮੂਹ ਅਧਿਆਪਕ, ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ|