ਜਲੰਧਰ, 22 ਸਤੰਬਰ (ਐੱਮ. ਐੱਸ. ਲੋਹੀਆ)-ਸਤਿਗੁਰੂ ਕਬੀਰ ਜੀ ਲਈ ਇਤਰਾਜ਼ਯੋਗ ਸ਼ਬਦਾਵਲੀ ਬੋਲਣ ਵਾਲੇ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਹੋਏ ਸਥਾਨਕ ਮੁਹੱਲਾ ਈਦਗਾਹ, ਗੜ੍ਹਾ, ਜਲੰਧਰ ਵਾਸੀ ਬੰਟੀ ਪੁੱਤਰ ਓਮ ਪ੍ਰਕਾਸ਼ ਅਤੇ ਵਫ਼ਦ ਨੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੂੰ ਇਕ ਸ਼ਿਕਾਇਤ ਦਿੱਤੀ ਹੈ। ਵਫ਼ਦ ’ਚ ਸ਼ਾਮਿਲ ਅਰੁਣ ਸੰਧਲ, ਅਨਿਲ ਹੰਸ, ਬਲਵਿੰਦਰ ਬਾਲਾ, ਅਜੇ ਬੱਬਲ, ਸ਼ਸ਼ੀ ਭਗਤ, ਪ੍ਰਭਦਿਆਲ ਭਗਤ ਅਤੇ ਹੋਰ ਵਲੋਂ ਦਿੱਤੀ ਗਈ ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਹਰਿਆਣਾ ਗੁਰੂ ਗ੍ਰਾਮ ਵਾਸੀ ਮਨੂੰ ਭੈਆ ਉਰਫ਼ ਮਨੂੰ ਭਾਰਦਵਾਜ ਸੋਸ਼ਲ ਮੀਡੀਆ ’ਤੇ ਆਪਣੇ ਆਪ ਨੂੰ ਉੱਚ ਜਾਤੀ ਨਾਲ ਸੰਬੰਧਿਤ ਸੰਤ ਦੱਸ ਰਿਹਾ ਹੈ, ਜਦਕਿ ਉਸ ਵਲੋਂ ਸਤਿਗੁਰੂ ਕਬੀਰ ਜੀ ਮਹਾਰਾਜ ਬਾਰੇ ਇਤਰਾਜ਼ਯੋਗ ਸ਼ਬਦ ਬੋਲੇ ਗਏ ਹਨ। ਸ਼ਿਕਾਇਤ ਕਰਤਾ ਨੇ ਕਿਹਾ ਕਿ ਇਸ ਨਾਲ ਸਤਿਗੁਰੂ ਕਬੀਰ ਜੀ ਦੇ ਅਨੁਯਾਈਆਂ ਨੂੰ ਠੇਸ ਪਹੁੰਚੀ ਹੈ, ਇਸ ਲਈ ਮੁਲਜ਼ਮ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ।