ਜਲੰਧਰ, 22 ਸਤੰਬਰ (ਜਤਿੰਦਰ ਪੰਮੀ)-ਜ਼ਿਲ੍ਹਾ ਟੀ.ਬੀ. ਕੇਂਦਰ ਵਿਖੇ ਟੀ.ਬੀ. ਦੇ ਮਰੀਜ਼ਾਂ ਦੇ 85 ਮਰੀਜ਼ਾਂ ਨੂੰ ਪ੍ਰੋਟੀਨ ਤੇ ਜ਼ਰੂਰੀ ਪੋਸ਼ਕ ਤੱਤਾਂ ਨਾਲ ਭਰਪੂਰ ਖੁਰਾਕ/ਫੂਡ ਕਿੱਟਾਂ ਵੰਡੀਆਂ ਗਈਆਂ। ਕਿੱਟਾਂ ਵੰਡਦਿਆਂ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਟੀ.ਬੀ. ਦੇ ਇਲਾਜ ਦੌਰਾਨ ਮਰੀਜ਼ਾਂ ਨੂੰ ਦਵਾਈਆਂ ਦੇ ਨਾਲ-ਨਾਲ ਸੰਤੁਲਿਤ ਅਤੇ ਪੋਸ਼ਟਿਕ ਆਹਾਰ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਇਹ ਕਿੱਟਾਂ ‘ਨਿਕਸ਼ੇ ਮਿੱਤਰ’ ਤੇ ਜਨ ਭਾਗੀਦਾਰੀ ਪਹਿਲਕਦਮੀ ਦੇ ਸਹਿਯੋਗ ਨਾਲ ਮਰੀਜ਼ਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰਥਾ ਵਧਾਉਣ ਲਈ ਪੋਸ਼ਟਿਕ ਖੁਰਾਕ ਦੇ ਨਾਲ - ਨਾਲ ਰੋਜ਼ਾਨਾ ਕਸਰਤ ਤੇ ਸੈਰ ਜ਼ਰੂਰ ਕਰਨੀ ਚਾਹੀਦੀ ਹੈ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਨਿੰਦਰ ਰਿਆੜ, ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ. ਰੂਬੀ, ਜ਼ਿਲ੍ਹਾ ਟੀ.ਬੀ.ਅਫਸਰ ਡਾ. ਪਰਮਵੀਰ ਸਿੰਘ, ਡਿਪਟੀ ਐੱਮ.ਈ.ਆਈ.ਓ. ਅਸੀਮ ਸ਼ਰਮਾ ਅਤੇ ਸਿਹਤ ਵਿਭਾਗ ਦੇ ਫੀਲਡ ਸਟਾਫ਼ ਦੇ ਅਧਿਕਾਰੀ ਵੀ ਮੌਜੂਦ ਸਨ।