16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸ਼੍ਰੋਮਣੀ ਅਕਾਲੀ ਦਲ ਬਿਨਾਂ ਚੋਣ ਨਿਸ਼ਾਨ ਦੇ ਲੜ ਰਿਹੈ ਕਈ ਨਗਰ ਕੌਂਸਲ ਚੋਣਾਂ-'ਤੱਕੜੀ' ਕੀਤੀ ਪਾਸੇ

ਅਜੀਤ ਡੈਸਕ 21-05-2026
ਜਲੰਧਰ, 20 ਮਈ (ਜਸਪਾਲ ਸਿੰਘ)-ਨਗਰ ਕੌਂਸਲ ਆਦਮਪੁਰ, ਕਰਤਾਰਪੁਰ, ਨਕੋਦਰ, ਨੂਰਮਹਿਲ ਤੇ ਫਿਲੌਰ ਤੋਂ ਇਲਾਵਾ ਨਗਰ ਪੰਚਾਇਤ ਮਹਿਤਪੁਰ ਤੇ ਲੋਹੀਆਂ ਖਾਸ ਦੀਆਂ 26 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਇਸ ਵਾਰ ਕਾਫੀ ਅਹਿਮ ਤੇ ਦਿਲਚਸਪ ਹੋਣ ਦੀ ਸੰਭਾਵਨਾ ਹੈ | ਇਹ ਚੋਣਾਂ ਜਿੱਥੇ ਸੱਤਾਧਾਰੀ ਆਮ ਆਦਮੀ ਪਾਰਟੀ ਵਲੋਂ ਆਪਣੇ ਚੋਣ ਨਿਸ਼ਾਨ 'ਝਾੜੂ' 'ਤੇ ਲੜੀਆਂ ਜਾ ਰਹੀਆਂ ਹਨ, ਉੱਥੇ ਭਾਜਪਾ ਵਲੋਂ ਵੀ ਆਪਣਾ 'ਫੁੱਲ' ਚੋਣ ਮੈਦਾਨ 'ਚ ਉਤਾਰ ਕੇ ਸੱਤਧਾਰੀ ਧਿਰ ਨੂੰ ਸਿੱਧੀ ਟੱਕਰ ਦਿੱਤੀ ਜਾ ਰਹੀ ਹੈ ਪਰ ਰਾਜ ਦੀ ਪ੍ਰਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਜਿੱਥੇ ਆਦਮਪੁਰ ਨਗਰ ਕੌਂਸਲ 'ਚ ਬਿਨਾਂ ਚੋਣ ਨਿਸ਼ਾਨ ਦੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਨ ਨੂੰ ਤਰਜੀਹ ਦਿੱਤੀ ਹੈ, ਉੱਥੇ ਸ਼੍ਰੋਮਣੀ ਅਕਾਲੀ ਦਲ ਵੀ ਕਰਤਾਰਪੁਰ ਤੇ ਆਦਮਪੁਰ ਨਗਰ ਕੌਂਸਲ 'ਚ 'ਤੱਕੜੀ' ਚੋਣ ਨਿਸ਼ਾਨ 'ਤੇ ਚੋਣਾਂ ਲੜਨ ਤੋਂ ਪਿੱਛੇ ਹਟ ਗਿਆ ਹੈ | ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਆਗੂਆਂ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੋਣ ਲੜ ਰਹੇ ਬਹੁਤੇ ਆਜ਼ਾਦ ਉਮੀਦਵਾਰਾਂ ਨੂੰ ਉਨ੍ਹਾਂ ਦੀਆਂ ਪਾਰਟੀਆਂ ਦਾ ਸਮਰਥਨ ਹਾਸਿਲ ਹੈ ਪਰ ਇਹ ਤਾਂ ਸਮਾਂ ਹੀ ਦੱਸੇਗਾ ਕਿ ਚੋਣਾਂ ਦੇ ਨਤੀਜਿਆਂ ਤੋਂ ਬਾਅਦ 'ਊਠ ਕਿਸ ਕਰਵਟ ਬੈਠਦਾ ਹੈ' ਤੇ ਆਜ਼ਾਦ ਉਮੀਦਵਾਰ ਚੋਣਾਂ ਜਿੱਤਣ ਉਪਰੰਤ ਕਿਸ ਪਾਰਟੀ ਨੂੰ ਸਮਰਥਨ ਕਰਦੇ ਹਨ | ਓਧਰ ਰਾਜ ਵਿਧਾਨ ਸਭਾ ਦੀਆਂ ਚੋਣਾਂ ਹੋਣ ਤੋਂ ਕੁੱਝ ਮਹੀਨੇ ਪਹਿਲਾਂ ਹੋ ਰਹੀਆਂ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਜਿੱਥੇ ਸੈਮੀਫਾਈਨਲ ਆਖਿਆ ਜਾ ਰਿਹਾ ਹੈ, ਉੱਥੇ ਵੱਖ-ਵੱਖ ਰਾਜਸੀ ਪਾਰਟੀਆਂ ਵਲੋਂ ਇਨ੍ਹਾਂ ਚੋਣਾਂ ਦੇ ਰਾਹੀਂ ਵੋਟਰਾਂ ਦੀ ਨਬਜ਼ ਟਟੋਲਣ ਦਾ ਵੀ ਯਤਨ ਕੀਤਾ ਜਾ ਰਿਹਾ ਹੈ ਪਰ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵਲੋਂ ਇਨ੍ਹਾਂ ਨਗਰ ਕੌਂਸਲ ਚੋਣਾਂ ਆਪੋ ਆਪਣੀ ਪਾਰਟੀ ਦੇ ਚੋਣ ਨਿਸ਼ਾਨ 'ਤੇ ਲੜਨ ਤੋਂ ਟਾਲਾ ਵੱਟਿਆ ਗਿਆ ਹੈ, ਉਸ ਤੋਂ ਜਾਪਦਾ ਹੈ ਕਿ ਇਹ ਪਾਰਟੀਆਂ ਸਿੱਧੇ ਤੌਰ 'ਤੇ ਸੱਤਾਧਾਰੀ ਧਿਰ ਨਾਲ ਟੱਕਰ ਲੈਣ ਦੇ ਰੌਂਅ 'ਚ ਨਹੀਂ ਹਨ ਜਦਕਿ ਭਾਜਪਾ ਨੇ ਬਹੁਤੀਆਂ ਨਗਰ ਕੌਂਸਲ ਤੇ ਪੰਚਾਇਤਾਂ 'ਚ ਆਪਣੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ 'ਤੇ ਚੋਣ ਮੈਦਾਨ 'ਚ ਉਤਾਰਿਆ ਹੈ | ਓਧਰ ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਆਦਮਪੁਰ ਤੇ ਕਰਤਾਰਪੁਰ ਨਗਰ ਕੌਂਸਲ 'ਚ ਬਹੁਤੇ ਪਾਰਟੀ ਆਗੂਆਂ ਨੇ ਸਾਫ ਤੌਰ 'ਤੇ ਚੋਣ ਨਿਸ਼ਾਨ 'ਤੇ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ | ਹਾਲਾਂਕਿ ਇਸ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਪਰ ਕਿਹਾ ਜਾ ਰਿਹਾ ਹੈ ਕਿ ਪਾਰਟੀ ਅਜੇ ਤੱਕ ਲੋਕ ਮਨਾਂ ਅੰਦਰ ਆਪਣਾ ਪੁਰਾਣਾ ਖੁੱਸਿਆ ਹੋਇਆ ਵੱਕਾਰ ਹਾਸਿਲ ਕਰਨ 'ਚ ਸਫਲ ਨਹੀਂ ਹੋ ਸਕੀ ਤੇ ਦੂਸਰਾ ਧੜਿਆਂ 'ਚ ਵੰਡੇ ਹੋਣ ਕਾਰਨ ਲੋਕਾਂ ਨੂੰ ਇਹ ਵੀ ਪਤਾ ਨਹੀਂ ਲੱਗ ਰਿਹਾ ਕਿ ਉਹ ਕਿਸ ਧੜੇ ਨਾਲ ਜਾਣ | ਨਕੋਦਰ, ਫਿਲੌਰ ਤੇ ਨੂਰਮਹਿਲ ਕੌਂਸਲ 'ਚ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵਲੋਂ ਆਪਣੇ ਚੋਣ ਨਿਸ਼ਾਨ 'ਤੇ ਚੋਣ ਲੜੀ ਜਾ ਰਹੀ ਹੈ ਪਰ ਇੱਥੇ ਵੀ ਕਈ ਥਾਵਾਂ 'ਤੇ ਇਨ੍ਹਾਂ ਪਾਰਟੀਆਂ ਨੂੰ ਹੋਰਨਾਂ ਪਾਰਟੀਆਂ ਨਾਲ ਸਮਝੌਤੇ ਤਹਿਤ ਆਜ਼ਾਦ ਉਮੀਦਵਾਰਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ | ਇਸ ਦੌਰਾਨ ਕਾਂਗਰਸ ਦੇ ਹਲਕਾ ਆਦਮਪੁਰ ਤੋਂ ਵਿਧਾਇਕ ਸ੍ਰੀ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਹੈ ਕਿ ਕਾਂਗਰਸ ਨੇ ਪਿਛਲੀਆਂ ਆਦਮਪੁਰ ਨਗਰ ਕੌਂਸਲ ਚੋਣਾਂ ਵੀ ਬਿਨਾਂ ਚੋਣ ਨਿਸ਼ਾਨ ਦੇ ਲੜ ਕੇ 13 ਵਿਚੋਂ 12 ਵਾਰਡਾਂ 'ਤੇ ਜਿੱਤ ਹਾਸਿਲ ਕੀਤੀ ਸੀ ਤੇ ਇਸ ਵਾਰ ਵੀ ਆਦਮਪੁਰ ਦੇ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਦੇਖਦੇ ਹੋਏ ਪਾਰਟੀ ਨੇ ਇਹ ਫੈਸਲਾ ਕੀਤਾ ਹੈ ਕਿ ਚੋਣ ਨਿਸ਼ਾਨ ਕੋਈ ਵੀ ਹੋਵੇ ਪਰ ਉਹ ਸਾਫ ਸੁਥਰੇ ਤੇ ਕਾਂਗਰਸ ਨਾਲ ਜੁੜੇ ਆਜ਼ਾਦ ਉਮੀਦਵਾਰਾਂ ਦਾ ਸਮਰਥਨ ਕਰੇਗੀ | ਉਨ੍ਹਾਂ
ਦਾਅਵਾ ਕੀਤਾ ਕਿ ਕਾਂਗਰਸ ਦੀ ਹਮਾਇਤ ਪ੍ਰਾਪਤ ਉਮੀਦਵਾਰਾਂ ਦੇ ਪੋਸਟਰਾਂ ਅਤੇ ਬੈਨਰਾਂ 'ਤੇ ਕਾਂਗਰਸ ਦੀ ਲੀਡਰਸ਼ਿਪ ਦੀਆਂ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ | ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਸ. ਬਚਿੱਤਰ ਸਿੰਘ ਕੋਹਾੜ ਨੇ ਕਿਹਾ ਕਿ ਇਨ੍ਹਾਂ ਚੋਣਾਂ 'ਚ ਲੋਕ ਕਿਸੇ ਵੀ ਪਾਰਟੀ ਨਾਲ ਬੱਝ ਕੇ ਆਪਸੀ ਭਾਈਚਾਰਾ ਖਰਾਬ ਨਹੀਂ ਕਰਨਾ ਚਾਹੁੰਦੇ ਤੇ ਅਜਿਹੇ 'ਚ ਉਹ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜਨ ਨੂੰ ਤਰਜੀਹ ਦਿੰਦੇ ਹਨ ਤੇ ਦੂਸਰਾ ਉਹ ਸੱਤਾਧਾਰੀ ਧਿਰ ਨਾਲ ਸਿੱਧੇ ਤੌਰ 'ਤੇ ਟਕਰਾਅ 'ਚ ਆਉਣ ਤੋਂ ਵੀ ਗੁਰੇਜ ਕਰਦੇ ਹਨ ਪਰ ਇਸ ਦੇ ਬਾਵਜੂਦ ਇਨ੍ਹਾਂ ਚੋਣਾਂ 'ਚ ਪਾਰਟੀ ਵਲੋਂ ਬਹੁਤੀਆਂ ਸੀਟਾਂ ਚੋਣ ਨਿਸ਼ਾਨ 'ਤੇ ਲੜੀਆਂ ਜਾ ਰਹੀਆਂ ਹਨ ਪਰ ਕੁੱਝ ਕੁ ਥਾਵਾਂ 'ਤੇ ਪਾਰਟੀ ਵਲੋਂ ਆਜ਼ਾਦ ਉਮੀਦਵਾਰਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ |
ਪਿਛਲੀ ਖ਼ਬਰ ਕਈ ਇਲਾਕਿਆਂ 'ਚ ਪਾਣੀ ਦੀ ਕਮੀ ਕਾਰਨ ਸਮੇਂ ਸਿਰ ਨਹੀਂ ਲੱਗੇ ਨਵੇਂ ਟਿਊਬਵੈੱਲ ਅਗਲੀ ਖ਼ਬਰ ਵਾਰਡ ਨੰਬਰ 85 ਦੀ 5 ਮਹੀਨੇ ਵਿਚ ਹੀ ਟੁੱਟ ਗਈ 45 ਲੱਖ ਦੀ ਸੜਕ ਘਟੀਆ ਬਣਾਈ ਗਈ ਸੜਕ ਬਾਰੇ ਵਿਜੀਲੈਂਸ ਬਿਊਰੋ ਨੂੰ ਕਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।