ਜਲੰਧਰ, 16 ਮਈ (ਪਵਨ ਖਰਬੰਦਾ)-ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਤਹਿਤ ਦਿਸ਼ਾ ਐਨ ਇਨੀਸ਼ੀਏਟਿਵ ਅਧੀਨ ਇੰਨੋਸੈਂਟ ਹਾਰਟਸ ਵੱਲੋਂ ਟੀਨ ਏਜ ਤਵਚਾ ਅਤੇ ਗਰਮੀ ਦੀ ਧੁੱਪ, ਮੁਹਾਸੇ, ਗਰਮੀ ਅਤੇ ਸਫ਼ਾਈ ਪ੍ਰਬੰਧਨ ਵਿਸ਼ੇ 'ਤੇ ਇੱਕ ਜਾਣਕਾਰੀਪੂਰਣ ਅਤੇ ਰੁਚਿਕਰ ਸੈਸ਼ਨ ਕੀਤਾ ਗਿਆ | ਇਹ ਸੈਸ਼ਨ ਜ਼ੂਮ ਮਾਧਿਅਮ ਰਾਹੀਂ ਕਲਾਸ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਕਰਵਾਇਆ ਗਿਆ, ਜਿਸ ਵਿੱਚ ਸਾਰੀਆਂ ਸ਼ਾਖਾਵਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਦੇ ਨਾਲ ਹੀ ਸਕੂਲ ਦੇ ਆਡੀਟੋਰੀਅਮ ਵਿੱਚ ਵੀ ਵਿਦਿਆਰਥੀਆਂ ਦੀ ਆਫਲਾਈਨ ਹਾਜ਼ਰੀ ਰਹੀ | ਇਸ ਸੈਸ਼ਨ ਦਾ ਸੰਚਾਲਨ ਡਾ. ਇੰਦਰਪ੍ਰੀਤ ਕੌਰ, ਕੰਸਲਟੈਂਟ ਅਤੇ ਐਸਥੈਟਿਕ ਡਰਮੈਟੋਲੋਜਿਸਟ, ਐਮਬੀਬੀਐਸ, ਐਮਡੀ (ਗੋਲਡ ਮੈਡਲਿਸਟ) ਵੱਲੋਂ ਕੀਤਾ ਗਿਆ, ਜੋ ਇੰਨੋਸੈਂਟ ਹਾਰਟਸ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਤਵਚਾ ਅਤੇ ਸੁੰਦਰਤਾ ਰੋਗ ਮਾਹਿਰ ਹਨ | ਉਨਾਂ ਗਰਮੀ ਦੇ ਮੌਸਮ ਵਿੱਚ ਤਵਚਾ ਵਿੱਚ ਆਉਣ ਵਾਲੇ ਬਦਲਾਵਾਂ, ਕਿਸ਼ੋਰਾਵਸਥਾ ਦੇ ਹਾਰਮੋਨਲ ਬਦਲਾਵਾਂ ਅਤੇ ਤਵਚਾ ਸੰਬੰਧੀ ਸਮੱਸਿਆਵਾਂ ਦੇ ਮਾਨਸਿਕ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਦੇ ਨਾਲ ਹੀ ਉਨਾਂ ਨੇ ਬਦਲਦੀ ਜੀਵਨ ਸ਼ੈਲੀ ਅਤੇ ਵਾਤਾਵਰਣਕ ਹਾਲਤਾਂ ਦੇ ਅਨੁਸਾਰ ਤਵਚਾ ਦੀ ਸਫ਼ਾਈ ਅਤੇ ਸੰਭਾਲ ਦੀਆਂ ਚੰਗੀਆਂ ਆਦਤਾਂ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਆਤਮਵਿਸ਼ਵਾਸ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਡਾਇਰੈਕਟਰ ਸੀਐਸਆਰ ਡਾ. ਪਲਕ ਗੁਪਤਾ ਬੌਰੀ ਨੇ ਦੱਸਿਆ ਕਿ ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਹਮੇਸ਼ਾ ਆਪਣੇ ਵਿਦਿਆਰਥੀਆਂ, ਸਟਾਫ਼ ਮੈਂਬਰਾਂ ਅਤੇ ਸਮਾਜ ਦੇ ਉਥਾਨ ਲਈ ਯਤਨਸ਼ੀਲ ਰਹਿੰਦਾ ਹੈ |