ਜਲੰਧਰ, 16 ਮਈ (ਜਤਿੰਦਰ ਪੰਮੀ)ਸ਼ਨਿਚਰਵਾਰ ਨੂੰ ਸ਼ਹਿਰ ਦੇ ਭੀੜ-ਭੜੱਕੇ ਵਾਲੇ ਰੈਣਕ ਬਾਜ਼ਾਰ ਚੌਕ ਸਥਿਤ ਏਸੀ ਮਾਰਕੀਟ 'ਚ ਭਿਆਨਕ ਅੱਗ ਲੱਗ ਗਈ | ਅੱਗ 'ਤੇ ਸਮਾਂ ਰਹਿੰਦੇ ਕਾਬੂ ਪਾ ਲਿਆ ਗਿਆ, ਜਿਸ ਕਾਰਨ ਕਿਸੇ ਵੀ ਤਰ੍ਹਾਂ ਦੇ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ | ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬਿ੍ਗੇਡ ਦੀਆਂ ਤਿੰਨ ਗੱਡੀਆਂ ਤਾਇਨਾਤ ਕੀਤੀਆਂ ਗਈਆਂ, ਜਿਨ੍ਹਾਂ ਨੇ ਕਾਫੀ ਜੱਦੋ-ਜਹਿਦ ਉਪਰੰਤ ਅੱਗ ਬੁਝਾ ਦਿੱਤੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਸ-ਪਾਸ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇੱਥੇ ਸਾਮਾਨ ਖਰੀਦਣ ਲਈ ਆਉਣ ਵਾਲੇ ਲੋਕ ਅਕਸਰ ਬੀੜੀ-ਸਿਗਰਟ ਪੀਂਦੇ ਹਨ ਅਤੇ ਸੁਲਗਦੇ ਹੋਏ ਉਨ੍ਹਾਂ ਨੂੰ ਇਧਰ-ਉਧਰ ਸੁੱਟ ਕੇ ਚਲੇ ਜਾਂਦੇ ਹਨ | ਅੱਜ ਵੀ ਕੁਝ ਇਸੇ ਤਰ੍ਹਾਂ ਹੀ ਹੋਇਆ, ਜਦੋਂ ਇੱਕ ਨੌਜਵਾਨ ਵਲੋਂ ਸਿਗਰਟ ਪੀ ਕੇ ਸੁਲਗਦੀ ਹੀ ਸੁੱਟ ਦਿੱਤੀ ਗਈ ਤਾਂ ਉਸ ਦੀ ਚਿੰਗਾਰੀ ਨਾਲ ਨੇੜੇ ਪਏ ਕੂੜੇ ਨੂੰ ਅੱਗ ਲੱਗ ਗਈ | ਅੱਗ ਇਕਦਮ ਇੰਨੀ ਤੇਜ਼ੀ ਨਾਲ ਫੈਲੀ ਕਿ ਮਾਰਕੀਟ ਦੇ ਹੇਠਾਂ ਬਣੇ ਬੇਸਮੈਂਟ ਵਿੱਚ ਵੀ ਧੂੰਆਂ ਹੀ ਧੂੰਆਂ ਫੈਲ ਗਿਆ ਅਤੇ ਕੁਝ ਵੀ ਦਿਖਾਈ ਦੇਣਾ ਬੰਦ ਹੋ ਗਿਆ | ਦੁਕਾਨਦਾਰਾਂ ਨੇ ਤੁਰੰਤ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ | ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬਿ੍ਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ | ਕਰੀਬ ਦੋ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ | ਹਾਲਾਂਕਿ ਇਸ ਘਟਨਾ ਦੌਰਾਨ ਕੋਈ ਵੱਡਾ ਨੁਕਸਾਨ ਨਹੀਂ ਹੋਇਆ |