ਜਲੰਧਰ, 16 ਮਈ (ਸ਼ਿਵ)-ਵਾਤਾਵਰਨ ਪ੍ਰੇਮੀ ਕਾਰਕੁੰਨ ਤੇਜੱਸਵੀ ਮਿਨਹਾਸ ਨੇ ਜਲੰਧਰ ਤੋਂ ਫਗਵਾੜਾ ਤੱਕ ਦੇ ਐਨ. ਐੱਚ. 44 ਹਾਈਵੇ 'ਤੇ ਹਰਿਆਲੀ ਅਤੇ ਬੂਟਿਆਂ ਦੇ ਮਾੜੇ ਪ੍ਰਬੰਧ ਦੀ ਖ਼ਰਾਬ ਹਾਲਤ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਹੈ | ਉਨ੍ਹਾਂ ਵੱਲੋਂ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਅਤੇ ਹੋਰ ਸੰਬੰਧਿਤ ਵਿਭਾਗਾਂ ਨੂੰ ਵਿਸਥਾਰਪੂਰਵਕ ਸ਼ਿਕਾਇਤ ਭੇਜ ਕੇ ਤੁਰੰਤ ਬੂਟਿਆਂ, ਹਰਿਆਲੀ ਦੀ ਬਹਾਲੀ ਅਤੇ ਲੰਬੇ ਸਮੇਂ ਦੀ ਸੰਭਾਲ ਲਈ ਕਾਰਵਾਈ ਦੀ ਮੰਗ ਕੀਤੀ ਗਈ ਹੈ | ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਐਨ. ਐੱਚ.44 ਜਿਸ ਨੂੰ ਪਹਿਲਾਂ ਐਨ. ਐੱਚ. ਆਈ. ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਦੇ ਕੇਂਦਰੀ ਡਿਵਾਈਡਰਾਂ ਅਤੇ ਸੜਕ ਕਿਨਾਰੇ ਹਰਿਆਲੀ ਲਈ ਨਿਰਧਾਰਿਤ ਵੱਡੇ ਹਿੱਸੇ ਹੁਣ ਸੁੱਕੇ, ਬੰਜਰ ਜਾਂ ਬਹੁਤ ਖ਼ਰਾਬ ਹਾਲਤ ਵਿਚ ਹਨ | ਕਈ ਥਾਵਾਂ 'ਤੇ ਬੂਟੇ ਸੁੱਕ ਚੁੱਕੇ ਹਨ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਸਿੰਚਾਈ ਜਾਂ ਰੋਜ਼ਾਨਾ ਰੱਖ-ਰਖਾਅ ਦੀ ਸਹੀ ਵਿਵਸਥਾ ਨਹੀਂ ਹੈ | ਹਰਿਆਲੀ ਦੀ ਕਮੀ ਕਾਰਨ ਡਰਾਈਵਰਾਂ ਲਈ ਰਾਤ ਸਮੇਂ ਦਿੱਕਤਾਂ ਵਧ ਰਹੀਆਂ ਹਨ ਅਤੇ ਨਾਲ ਹੀ ਧੂੜ ਪ੍ਰਦੂਸ਼ਣ, ਗਰਮੀ ਅਤੇ ਵਾਤਾਵਰਨ ਨੁਕਸਾਨ ਵਿਚ ਵੀ ਵਾਧਾ ਹੋ ਰਿਹਾ ਹੈ | ਸ਼ਿਕਾਇਤ ਵਿਚ ਇਹ ਵੀ ਕਿਹਾ ਗਿਆ ਹੈ ਕਿ ਨੈਸ਼ਨਲ ਹਾਈਵੇ ਪ੍ਰੋਜੈਕਟਾਂ ਨਾਲ ਜੁੜੀਆਂ ਵਾਤਾਵਰਨ ਅਤੇ ਰੱਖ ਰਖਾਅ ਸੰਬੰਧੀ ਜ਼ਿੰਮੇਵਾਰੀਆਂ ਦੀ ਅਣਦੇਖੀ ਕੀਤੀ ਜਾ ਰਹੀ ਹੈ | ਇਸ ਵਿਚ ਜਲੰਧਰ ਤੋਂ ਫਗਵਾੜਾ ਤੱਕ ਪੂਰੇ ਹਾਈਵੇ ਦੀ ਜਾਂਚ ਕਰਕੇ ਮਾਨਸੂਨ ਤੋਂ ਪਹਿਲਾਂ ਅਤੇ ਦੌਰਾਨ ਸਮੇਂਬੱਧ ਬੂਟੇ ਲਗਾਉਣ ਦੀ ਮੁਹਿੰਮ ਚਲਾਉਣ ਦੀ ਮੰਗ ਕੀਤੀ ਗਈ ਹੈ |