ਨਕੋਦਰ, 7 ਮਈ (ਗੁਰਵਿੰਦਰ ਸਿੰਘ)-ਵਿਦਿਆਰਥੀਆਂ ਦੇ ਸਰੀਰਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਪਿ੍ੰਸੀਪਲ ਮੈਡਮ ਸ਼ਾਲੂ ਗੁਪਤਾ ਦੀ ਯੋਗ ਅਗਵਾਈ ਅਤੇ ਖੇਡ ਅਧਿਆਪਕਾ ਅਮਨਦੀਪ ਦੀ ਨਿਗਰਾਨੀ ਹੇਠ ਜਮਾਤਾਂ ਪੰਜਵੀ ਤੋਂ ਬਾਹਰਵੀਂ ਲਈ ਲੜਕਿਆਂ ਲਈ ਇੰਟਰ ਹਾਊਸ ਕਿ੍ਕਟ ਮੈਚ ਦਾ ਆਯੋਜਨ ਕੀਤਾ ਗਿਆ | ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਖਿਡਾਰੀਆਂ ਨੂੰ ਸਿਹਤਮੰਦ ਅਤੇ ਨਸ਼ਾ ਮੁਕਤ ਜੀਵਨ ਪ੍ਰਤੀ ਪ੍ਰੇਰਿਤ ਕਰਨ ਲਈ 'ਨਸ਼ਾ ਮੁਕਤ ਮੁਹਿੰਮ' ਤਹਿਤ ਮੈਚ ਦਾ ਆਯੋਜਨ ਕੀਤਾ ਗਿਆ | ਚਾਰੋਂ ਟੀਮਾਂ ਨੇ ਆਪਣੀ ਜਾਣ-ਪਛਾਣ ਕਰਵਾਈ ਅਤੇ ਪਿ੍ੰਸੀਪਲ ਮੈਡਮ ਸ਼ਾਲੂ ਗੁਪਤਾ ਦੁਆਰਾ ਉਨ੍ਹਾਂ ਦਾ ਸਵਾਗਤ ਅਤੇ ਹੌਸਲਾ ਵਧਾਇਆ ਗਿਆ | ਪਹਿਲਾ ਸੈਮੀਫਾਈਨਲ ਗਾਂਧੀ ਅਤੇ ਨਹਿਰੂ ਹਾਊਸ ਵਿਚਕਾਰ ਸੀ.. ਨਹਿਰੂ ਹਾਊਸ ਨੇ ਟਾਸ ਜਿੱਤਿਆ ਅਤੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ | ਦੂਜਾ ਸੈਮੀਫਾਈਨਲ ਟੈਗੋਰ ਅਤੇ ਪਟੇਲ ਹਾਊਸ ਵਿਚਕਾਰ ਸੀ | ਪਟੇਲ ਹਾਊਸ ਨੇ ਟਾਸ ਜਿੱਤਿਆ ਅਤੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ | ਸੈਮੀਫਾਈਨਲ ਪਹਿਲਾ ਜੇਤੂ ਗਾਂਧੀ ਹਾਊਸ ਸੀ ਅਤੇ ਸੈਮੀਫਾਈਨਲ-ਦੂਜਾ ਜੇਤੂ ਟੈਗੋਰ ਹਾਊਸ ਸੀ | ਫਾਈਨਲ ਮੁਕਾਬਲਾ ਗਾਂਧੀ ਅਤੇ ਟੈਗੋਰ ਹਾਊਸ ਵਿਚਕਾਰ ਸੀ | ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਦੋਵਾਂ ਫਾਈਨਲਿਸਟਾਂ ਨੂੰ ਤਾੜੀਆਂ ਨਾਲ ਉਤਸ਼ਾਹਿਤ ਕੀਤਾ | ਜੇਤੂ ਟੀਮ ਦੇ ਖਿਡਾਰੀਆਂ-ਟੈਗੋਰ ਹਾਊਸ ਨੂੰ ਪਿ੍ੰਸੀਪਲ ਮੈਡਮ ਸ਼ਾਲੂ ਗੁਪਤਾ ਨੇ ਸੋਨੇ ਦੇ ਤਗਮੇ ਦੇ ਕੇ ਸ਼ਲਾਘਾ ਕੀਤੀ | ਉਪ ਜੇਤੂ ਟੀਮ-ਗਾਂਧੀ ਹਾਊਸ ਦੇ ਖਿਡਾਰੀਆਂ ਨੂੰ ਚਾਂਦੀ ਦੇ ਤਗਮੇ ਦਿੱਤੇ ਗਏ | ਸਕੂਲ ਦੇ ਚੇਅਰਮੈਨ ਸਰਦਾਰ ਰਵਿੰਦਰ ਸਿੰਘ ਦੋਸਾਂਝ ਅਤੇ ਪਿ੍ੰਸੀਪਲ ਮੈਡਮ ਸ਼ਾਲੂ ਗੁਪਤਾ ਨੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਪਣੇ ਸਰੀਰਕ ਵਿਕਾਸ ਅਤੇ ਮਾਨਸਿਕ ਤੰਦਰੁਸਤੀ ਲਈ ਨਸ਼ੇ ਛੱਡਣ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਪੜ੍ਹਾਈ ਤੋਂ ਇਲਾਵਾ ਆਪਣੇ ਆਪ ਨੂੰ ਤੰਦਰੁਸਤ ਅਤੇ ਸਿਹਤਮੰਦ ਰੱਖਣ ਲਈ ਰੋਜ਼ਾਨਾ ਜੀਵਨ ਵਿੱਚ ਕੋਈ ਵੀ ਖੇਡ ਗਤੀਵਿਧੀ ਕਰਨੀ ਚਾਹੀਦੀ ਹੈ |