ਜਲੰਧਰ, 7 ਮਈ (ਜਤਿੰਦਰ ਪੰਮੀ)-ਵੀਰਵਾਰ ਨੂੰ ਜਿੱਥੇ ਸ਼ਹਿਰ 'ਚ ਮੁੱਖ ਮੰਤਰੀ ਭਗਵੰਤ ਮਾਨ ਸ਼ੁਕਰਾਨਾ ਯਾਤਰਾ ਕੱਢਣ ਲਈ ਪੱੁਜੇ ਹੋਏ ਸਨ, ਉਥੇ ਹੀ ਦੂਜੇ ਪਾਸੇ ਮਹਾਨਗਰ ਸਥਿਤ ਕਈ ਸਕੂਲਾਂ ਨੂੰ ਇਕ ਵਾਰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਪੁਲਿਸ ਨੂੰ ਭਾਜੜਾਂ ਪੈ ਗਈਆਂ | ਵੀਆਈਪੀ ਡਿਊਟੀ ਕਰਨ ਦੇ ਨਾਲ ਹੀ ਸਕੂਲਾਂ ਦੀ ਸੁਰੱਖਿਆ ਨੂੰ ਖ਼ਤਰਾ ਹੋਣ ਦੇ ਮੱਦੇਨਜ਼ਰ ਪੁਲਿਸ ਦੀਆਂ ਕਈ ਟੀਮਾਂ ਉਕਤ ਸਕੂਲਾਂ 'ਚ ਜਾਂਚ ਲਈ ਪੁੱਜ ਗਈਆਂ | ਓਧਰ ਬੀਐੱਸਐੱਫ ਹੈਡਕੁਆਰਟਰ ਦੇ ਬਾਹਰ ਮੰਗਲਵਾਰ ਦੇਰ ਸ਼ਾਮ ਨੂੰ ਹੋਏ ਧਮਾਕੇ ਦੀ ਮਾਮਲੇ 'ਚ ਜਮਸ਼ੇਰ ਖਾਸ ਇਲਾਕੇ 'ਚੋਂ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ 'ਚ ਲੈਣ ਦੀ ਸੂਚਨਾ ਹੈ ਹਾਲਾਂਕਿ ਕਿਸੇ ਵੀ ਪੁਲਿਸ ਅਧਿਕਾਰੀ ਨੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ | ਦੱਸਣਯੋਗ ਹੈ ਕਿ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੈਂਟਰਲ ਹਲਕੇ 'ਚ ਸ਼ੁਕਰਾਨਾ ਯਾਤਰਾ ਤਹਿਤ ਸਵੇਰੇ 8.30 ਸਮਾਗਮ ਰੱਖਿਆ ਹੋਇਆ ਸੀ | ਸਮਾਗਮ ਵਾਲੀ ਥਾਂ ਦੇ ਆਸ-ਪਾਸ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ | ਇਸ ਉਪਰੰਤ ਮੁੱਖ ਮੰਤਰੀ ਦਾ ਆਦਮਪੁਰ ਤੇ ਕਰਤਾਰਪੁਰ 'ਚ ਵੀ ਸ਼ੁਕਰਾਨਾ ਯਾਤਰਾ ਕੱਢਣ ਦਾ ਪ੍ਰੋਗਰਾਮ ਸੀ, ਇਸ ਲਈ ਉਕਤ ਰਸਤਿਆਂ 'ਤੇ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ | ਇਸੇ ਦੌਰਾਨ ਕਮਿਸ਼ਨਰੇਟ ਪੁਲਿਸ ਨੂੰ ਮਹਾਨਗਰ ਦੇ 7-8 ਵੱਡੇ ਪ੍ਰਾਈਵੇਟ ਸਕੂਲਾਂ 'ਚ ਬੰਬ ਨਾਲ ਉਡਾਉਣ ਦੀ ਈਮੇਲ ਬਾਰੇ ਸੂਚਨਾ ਮਿਲੀ ਤਾਂ ਪੁਲਿਸ ਅਧਿਕਾਰੀ ਤੁਰੰਤ ਹਰਕਤ ਆ ਗਏ ਅਤੇ ਵੱਖ-ਵੱਖ ਥਾਣਿਆਂ ਨਾਲ ਸਬੰਧਤ ਏ.ਸੀ.ਪੀ ਤੇ ਥਾਣਾ ਮੁਖੀਆਂ ਨੂੰ ਪੁਲਿਸ ਪਾਰਟੀਆਂ ਸਮੇਤ ਅਹਿਤਿਆਤ ਵਜੋਂ ਸਕੂਲਾਂ ਜਾ ਕੇ ਤਲਾਸ਼ੀ ਮੁਹਿੰਮ ਚਲਾਉਣ ਲਈ ਭੇਜਿਆ ਗਿਆ | ਕਮਿਸ਼ਨਰੇਟ ਪੁਲਿਸ ਦੇ ਐਂਟੀ ਸਾਬੋਤਾਜ਼ ਤੇ ਡੌਗ ਸਕੁਐਡ ਨੇ ਸਕੂਲਾਂ 'ਚ ਜਾ ਕੇ ਤਲਾਸ਼ੀ ਮੁਹਿੰਮ ਚਲਾਈ ਪਰ ਕਿਤਿਓਾ ਵੀ ਕੋਈ ਸ਼ੱਕੀ ਵਸਤੂ ਨਹੀਂ ਮਿਲੀ | ਇਸ ਸੰਬੰਧੀ ਗੱਲਬਾਤ ਕਰਦਿਆਂ ਏ.ਡੀ.ਸੀ.ਪੀ-1 ਅਕਾਰਸ਼ੀ ਜੈਨ ਨੇ ਦੱਸਿਆ ਕਿ ਸਵੇਰੇ ਸ਼ਹਿਰ ਦੇ 7-8 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈਮੇਲ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਨੇ ਉਕਤ ਸਕੂਲਾਂ 'ਚ ਤਲਾਸ਼ੀ ਮੁਹਿੰਮ ਚਲਾਈ | ਉਨ੍ਹਾਂ ਕਿਹਾ ਕਿ ਸਕੂਲਾਂ ਕੋਲੋਂ ਈਮੇਲ ਦਾ ਐਕਸੈੱਸ ਲੈ ਕੇ ਸਾਈਬਰ ਕ੍ਰਾਈਮ ਦੀ ਪੁਲਿਸ ਨੂੰ ਦੇ ਦਿੱਤਾ ਗਿਆ, ਜਿਸ ਵਲੋਂ ਇਸ ਦੀ ਤਕਨੀਕੀ ਢੰਗ ਨਾਲ ਜਾਂਚ ਕੀਤੀ ਜਾਵੇਗੀ | ਓਧਰ ਮੰਗਲਵਾਰ ਦੇਰ ਸ਼ਾਮ ਨੂੰ ਬੀਐੱਸਐੱਫ ਹੈੱਡਕੁਆਰਟਰ ਦੇ ਮੁੱਖ ਗੇਟ ਬਾਹਰ ਹੋਏ ਧਮਾਕੇ ਦੀ ਜਾਂਚ ਜਾਰੀ ਹੈ ਤੇ ਸੁਰੱਖਿਆ ਏਜੰਸੀਆਂ ਵੱਲੋਂ ਇਸ ਮਾਮਲੇ ਵਿਚ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਸ਼ੱਕੀ ਕੋਲੋਂ ਹੈਂਡ ਗ੍ਰਨੇਡ ਤੇ ਇੰਪ੍ਰੋਵਾਈਜਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਬਰਾਮਦ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਨੇ ਮੁਲਜ਼ਮ ਦੀ ਗ੍ਰਿਫਤਾਰੀ ਸੰਬੰਧੀ ਕੋਈ ਪੁਸ਼ਟੀ ਨਹੀਂ ਕੀਤੀ। ਮੁਲਜ਼ਮ ਦੀ ਪਛਾਣ ਦਵਿੰਦਰ ਸਿੰਘ ਵਜੋਂ ਦੱਸੀ ਜਾ ਰਹੀ ਹੈ, ਜੋ ਨਵਾਂਸ਼ਹਿਰ ਦੇ ਬੰਗਾ ਦਾ ਰਹਿਣ ਵਾਲਾ ਹੈ। ਉਸ ਨੂੰ ਫੌਜੀ ਖੇਤਰ ਨੇੜਿਓਂ ਫੜਿਆ ਗਿਆ ਸੀ। ਜਾਂਚ ਏਜੰਸੀਆਂ ਮੁਤਾਬਕ ਦਵਿੰਦਰ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਇਸ਼ਾਰੇ 'ਤੇ ਬੰਬ ਧਮਾਕੇ ਕਰਨ ਆਇਆ ਸੀ। ਪੁੱਛਗਿੱਛ ਦੌਰਾਨ ਉਸ ਨੇ ਕਬੂਲ ਕੀਤਾ ਕਿ ਵਿਸਫੋਟਕ ਤੇ ਗ੍ਰਨੇਡ ਉਸ ਨੂੰ ਡਰੋਨ ਰਾਹੀਂ ਸਪਲਾਈ ਕੀਤੇ ਗਏ ਸਨ। ਸੂਤਰਾਂ ਮੁਤਾਬਕ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦਵਿੰਦਰ ਨੇ ਵਾਰ-ਵਾਰ ਦਾਅਵਾ ਕੀਤਾ ਹੈ ਕਿ ਉਸ ਨੂੰ ਸਿਰਫ ਡਿਲੀਵਰੀ ਮਿਲੀ ਸੀ ਅਤੇ ਉਸ ਨੂੰ ਨਿਸ਼ਾਨੇ ਬਾਰੇ ਸੂਚਿਤ ਨਹੀਂ ਕੀਤਾ ਗਿਆ ਸੀ। ਏਜੰਸੀਆਂ ਦਾ ਮੰਨਣਾ ਹੈ ਕਿ ਉਹ ਮਹੱਤਵਪੂਰਨ ਜਾਣਕਾਰੀ ਲੁਕਾ ਰਿਹਾ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਫਰਵਰੀ ਵਿਚ ਫਗਵਾੜਾ ਬੱਸ ਸਟੈਂਡ ਨੇੜੇ ਹੋਏ ਬੰਬ ਧਮਾਕੇ ਵਿਚ ਵੀ ਸ਼ਾਮਲ ਸੀ। ਉਸ ਨੇ 1 ਅਪ੍ਰੈਲ ਨੂੰ ਚੰਡੀਗੜ੍ਹਵਿਚ ਪੰਜਾਬ ਭਾਜਪਾ ਹੈੱਡਕੁਆਰਟਰ 'ਤੇ ਸੁੱਟੇ ਗਏ ਹੱਥਗੋਲੇ ਦੀ ਸਪਲਾਈ ਵੀ ਕੀਤੀ ਸੀ। ਏਜੰਸੀਆਂ ਨੇ ਦਵਿੰਦਰ ਅਤੇ ਪੁਰਤਗਾਲ ਤੇ ਜਰਮਨੀ ਵਿਚ ਹੈਂਡਲਰਾਂ ਵਿਚਕਾਰ ਸੰਬੰਧ ਲੱਭੇ ਹਨ।